Sunday, February 22, 2026

ਬੇਰੁਜ਼ਗਾਰ ਡੀ.ਪੀ.ਐਡ / ਐਮ.ਪੀ.ਐਡ ਯੂਨੀਅਨ ਦੀ ਸੂਬਾ ਪੱਧਰੀ ਇਕੱਤਰਤਾ ਨੇ ਸਰਕਾਰ ਖਿਲਾਫ ਖੋਲਿਆ ਮੋਰਚਾ

ਬਠਿੰਡਾ, 17 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਬੇਰੁਜ਼ਗਾਰ ਸਰੀਰਕ ਸਿੱਖਿਆ ਅਧਿਆਪਕ ਯੂਨੀਅਨ ਵੱਲੋਂ ਵੱਲੋਂ ਅੱਜ ਟੀਚਰ ਹੋਮ ਬਠਿੰਡਾ ਵਿਖੇ ਸੂਬਾ ਪੱਧਰੀ ਇਕੱਤਰਤਾ ਕਰਕੇ ਡੀ.ਪੀ.ਈ ਅਧਿਅਪਕਾਂ ਦੀ ਭਰਤੀ ਨਾ ਕਰਨ ‘ਤੇ ਸਰਕਾਰ ਅਤੇ ਸਿੱਖਿਆ ਵਿਭਾਗ ਖਿਲਾਫ ਰੋਸ ਪ੍ਰਗਟ ਕੀਤਾ ਗਿਆ। ਜਥੇਬੰਦੀ ਦੇ ਸਰਪ੍ਰਸਤ ਸਿਕੰਦਰ ਸਿੰਘ ਮਾਨਸਾ ਨੇ ਦੱਸਿਆ ਕਿ ਸਾਲ 2011 ਵਿੱਚ ਡੀ.ਪੀ.ਈ ਦੀਆਂ 645 ਅਸਾਮੀਆਂ ਅਤੇ ਸਾਲ 2015 ਵਿੱਚ 800 ਡੀ.ਪੀ.ਈ ਤੇ ਲੈਕਚਰਾਰ ਦੀਆਂ ਪੋਸਟਾਂ ਸਰਕਾਰ ਨੇ ਹਾਈ ਕੋਰਟ ਵਿੱਚ ਐਫੀਡੈਵਿਟ ਦੇ ਕੇ ਰੱਦ ਕਰ ਦਿੱਤੀਆਂ ਹਨ। ਸਰਕਾਰ ਨੇ ਅਦਾਲਤ ਵਿੱਚ ਇਹਨਾਂ ਪੋਸਟਾਂ ਲਈ ਨਵਾਂ ਇਸ਼ਤਿਹਾਰ ਦੇਣ ਦੀ ਗੱਲ ਆਖੀ ਸੀ, ਪਰ ਅਜੇ ਤੱਕ ਕੋਈ ਵੀ ਨਵਾਂ ਇਸ਼ਤਿਹਾਰ ਨਹੀਂ ਦਿੱਤਾ ਗਿਆ ਹੈ। ਪੂਰੇ ਪੰਜਾਬ ਤੋਂ ਪਹੁੰਚੇ ਹੋਏ ਬੇਰੁਜ਼ਗਾਰ ਸਰੀਰਕ ਸਿੱਖਿਆ ਅਧਿਆਪਕਾਂ ਨੇ ਸਰਕਾਰ ਖਿਲਾਫ ਰੋਸ ਪ੍ਰਗਟਾਉਂਦਿਆਂ ਕਿਹਾ ਕਿ ਤਿੰਨ-ਤਿੰਨ ਵਾਰ ਫੀਸਾਂ ਭਰਵਾਉਣ ਦੇ ਬਾਵਜੂਦ ਵੀ ਅੱਜ ਤੱਕ ਇੱਕ ਵੀ ਡੀ.ਪੀ.ਈ ਅਧਿਆਪਕ ਦੀ ਭਰਤੀ ਨਹੀਂ ਕੀਤੀ ਗਈ ਹੈ। ਆਗੂਆਂ ਨੇ ਕਿਹਾ ਕਿ ਸਕੂਲਾਂ ਵਿੱਚ ਡੀ.ਪੀ.ਈ. ਅਧਿਆਪਕਾਂ ਦੀ ਸੈਂਕੜੇ ਅਸਾਮੀਆਂ ਖਾਲੀ ਪਈਆਂ ਹਨ ਜਿਸ ਕਾਰਨ ਸੂਬੇ ਦਾ ਖੇਡ ਪੱਧਰ ਦਿਨੋ ਦਿਨ ਨੀਵਾਂ ਹੁੰਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਖੇਡਾਂ ਦੀ ਬਿਹਤਰੀ ਲਈ ਵੱਡੇ-ਵੱਡੇ ਦਮਗੱਜੇ ਮਾਰ ਰਹੀ ਹੈ ਜਦਕਿ ਦੂਜੇ ਪਾਸੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀ ਡੀ.ਪੀ.ਈ ਅਧਿਆਪਕਾਂ ਨੂੰ ਦੇਖਣ ਲਈ ਤਰਸ ਰਹੇ ਹਨ। ਬੁਲਾਰਿਆਂ ਨੇ ਕਿਹਾ ਕਿ ਸਰਕਾਰ ਵੱਲੋਂ ਰੱਦ ਕੀਤੀਆਂ ਗਈਆਂ ਡੀ.ਪੀ.ਈ ਅਧਿਆਪਕਾਂ ਦੀਆਂ ਭਰਤੀਆਂ ਵਿੱਚ ਅਪਲਾਈ ਕਰਨ ਵਾਲੇ ਬਹੁਤੇ ਉਮੀਦਵਾਰ ਉਮਰ ਹੱਦ ਪਾਰ ਕਰ ਚੁੱਕੇ ਹਨ ਜਿਸ ਕਾਰਨ ਉਹਨਾਂ ਦਾ ਭਵਿੱਖ ਧੁੰਦਲਾ ਹੋ ਗਿਆ ਹੈ। ਬੁਲਾਰਿਆਂ ਨੇ ਮੰਗ ਕੀਤੀ ਕਿ ਡੀ.ਪੀ.ਈ ਦੀਆਂ ਘੱਟੋ-ਘੱਟ 3 ਹਜ਼ਾਰ ਅਤੇ ਲੈਕਚਰਾਰ ਦੀਆਂ 1 ਹਜ਼ਾਰ ਪੋਸਟਾਂ ਦੀ ਭਰਤੀ ਦਾ ਇਸ਼ਤਿਹਾਰ ਜਲਦੀ ਜਾਰੀ ਕੀਤਾ ਜਾਵੇ ਅਤੇ ਯੂਨੀਅਨ ਦੀ ਮੁੱਖ ਮੰਤਰੀ ਨਾਲ ਪੈਨਲ ਮੀਟਿੰਗ ਕਰਵਾ ਕੇ ਬੇਰੁਜ਼ਗਾਰ ਡੀ.ਪੀ.ਈ ਅਧਿਆਪਕਾਂ ਦੀਆਂ ਸਮੱਸਿਆਵਾਂ ਦਾ ਫੌਰੀ ਹੱਲ ਕੱਢਿਆ ਜਾਵੇ। ਜੇਕਰ ਉਪਰੋਕਤ ਮੰਗਾਂ ਛੇਤੀ ਨਾ ਮੰਨੀਆਂ ਗਈਆਂ ਤਾਂ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਜਗਦੀਪ ਸਿੰਘ ਸੰਗਰੂਰ, ਜਗਮੋਹਣ ਮੋਹਾਲੀ, ਰਸ਼ਪਾਲ ਸਿੰਘ, ਗੁਰਦੀਪ ਸਿੰਘ, ਅਜੇ ਗੁਰਦਾਸਪੁਰ, ਸੁਖਵਿੰਦਰ ਸਿੰਘ, ਹਰਜੀਤ ਸਿੰਘ, ਹਰਵਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।

Check Also

ਖਾਲਸਾ ਕਾਲਜ ਗਰਲਜ ਸੀ: ਸੈਕੰ: ਸਕੂਲ ਦੀ ਖਿਡਾਰਣ ਨੇ ਚਾਂਦੀ ਦਾ ਤਮਗਾ ਜਿੱਤਿਆ

ਅੰਮ੍ਰਿਤਸਰ, 21 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply