Sunday, March 15, 2026

ਸਿੱਧੂ ਵਿਰਾਸਤ ਕਲਾ ਕੇਂਦਰ ਕੋਠਾ ਗੁਰੂ ਕਾ ਵਲੋਂ ਮਲਵਈ ਗਿੱਧੇ ਦੀ ਬੇਹਤਰੀਨ ਪੇਸ਼ਕਾਰੀ

ppn2010201604

ਬਠਿੰਡਾ, 20 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਭਾਰਤੀ ਦਸਤਕਾਰੀ ਦੀ ਵਿਸ਼ਾਲਤਾ ਅਤੇ ਵੱਖ-ਵੱਖ ਸੂਬਿਆਂ ਦੀ ਅਮੀਰ ਕਲਾ ਨੂੰ ਮੂਰਤੀਮਾਨ ਕਰਦਾ ਖੇਤਰੀ ਸਰਸ ਮੇਲੇ ਪ੍ਰਤੀ ਲੋਕਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਪਿਛਲੇ ਦਿਨਾਂ ਦੌਰਾਨ ਸਥਾਨਕ ਦਾਦੀ-ਪੋਤੀ ਪਾਰਕ, ਮਾਡਲ ਟਾਊਨ, ਫੇਜ਼-3 ਵਿੱਚ 70 ਹਜ਼ਾਰ ਤੋਂ ਵੱਧ ਲੋਕ ਇਸ ਮੇਲੇ ਦੇ ਵਿਭਿੰਨ ਰੰਗਾਂ ਦਾ ਆਨੰਦ ਮਾਣ ਚੁੱਕੇ ਹਨ। ਪੰਜਵੇਂ ਦਿਨ ਵੀ ਬਠਿੰਡਾ ਅਤੇ ਲਾਗਲੇ ਜ਼ਿਲ੍ਹਿਆਂ ਦੇ ਲੋਕਾਂ ਦਾ ਉਤਸ਼ਾਹ ਵੀ ਸਲਾਹੁਣਯੋਗ ਸੀ।
ਮੇਲੇ ਦੇ ਪ੍ਰੋਗਰਾਮਾਂ ਵਿੱਚ ਮਣੀਪੁਰ, ਮੇਘਾਲਿਆ, ਛਤੀਸਗੜ੍ਹ, ਆਸਾਮ, ਰਾਜਸਥਾਨ, ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਕਲਾਕਾਰਾਂ ਨੇ ਆਪੋ-ਆਪਣੇ ਰਾਜ ਦੇ ਅਮੀਰ ਲੋਕ ਨਾਚ ਪੇਸ਼ ਕਰਦਿਆਂ ਕਲਾ ਪ੍ਰੇਮੀਆਂ ਨੂੰ ਬੈਠਣ ਲਈ ਮਜ਼ਬੂਰ ਕਰ ਦਿੱਤਾ। ਜੋਗੀ ਬੀਨ ਸਪੇਰਾ ਨਾਚ, ਮੁਰਲੀ ਰਾਜਸਥਾਨੀ ਵਲੋਂ ਪੇਸ਼ ਕੀਤੇ ਲੋਕ ਗੀਤ, ਰਾਹੁਲ ਖਰਬੰਦਾ ਵਲੋਂ ਦਿਖਾਇਆ ਜਾਦੂ ਦਾ ਸ਼ੋਅ ਜਿੱਥੇ ਖਿੱਚ ਦਾ ਕੇਂਦਰ ਰਹੇ, ਉੱਥੇ ਸਿੱਧੂ ਵਿਰਾਸਤ ਕਲਾ ਕੇਂਦਰ ਪਿੰਡ ਕੋਠਾਗੁਰੂ ਕਾ ਦੇ ਕਲਾਕਾਰਾਂ ਵਲੋਂ ਪੇਸ਼ ਕੀਤੇ ਮਲਵਈ ਗਿੱਧੇ ਨੇ ਖੂਬ ਵਾਹ-ਵਾਹ ਖੱਟੀ। ਪ੍ਰਦੀਪ ਕੁਮਾਰ ਵਲੋਂ ਦਿਖਾਏ ਫੁੱਟਬਾਲ ਸ਼ੋਅ ਨੂੰ ਵੀ ਲੋਕਾਂ ਨੇ ਬਹੁਤ ਸਲਾਹਿਆ। ਮੇਲੇ ਦੌਰਾਨ ਗਲਾਸ ਮੈਜਿਕ ਸ਼ੋਅ ਨੇ ਵੀ ਕਲਾ ਪ੍ਰੇਮੀਆਂ ਦੀ ਖਿੱਚ ਨੂੰ ਪੂਰੀ ਤਰ੍ਹਾਂ ਬਰਕਰਾਰ ਰੱਖਿਆ ਅਤੇ ਇਹ ਸ਼ੋਅ ਦੇਖਣ ਵਾਲਿਆਂ ਵਲੋਂ ਇਸਦੀ ਖੂਬ ਸ਼ਲਾਘਾ ਕੀਤੀ ਗਈ।
ਮੇਲੇ ਦੀ ਸ਼ੁਰੂਆਤ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਸੱਭਿਆਚਾਰਕ ਪ੍ਰੋਗਰਾਮਾਂ ਰਾਹੀਂ ਦਿਲਖਿਚਵੀਆਂ ਪੇਸ਼ਕਾਰੀਆਂ ਕੀਤੀਆਂ, ਜਿਸ ਵਿੱਚ ਪਿੰਡ ਸੇਖੂ, ਪੱਕਾ ਕਲਾਂ ਬ੍ਰਾਂਚ, ਪੱਕਾ ਕਲਾਂ ਖੁਰਦ, ਭਾਈ ਮਸਤਾਨਾ ਸਿੰਘ ਪੱਕਾ ਕਲਾਂ, ਸੁਖਲੱਧੀ ਦੇ ਪ੍ਰਾਇਮਰੀ ਸਕੂਲ ਸ਼ਾਮਲ ਸਨ।ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਸੱਭਿਆਚਾਰਕ ਪ੍ਰੋਗਰਾਮ ਨੂੰ ਵੀ ਲੋਕਾਂ ਵੱਲੋਂ ਸਲਾਹਿਆ ਗਿਆ। ਇਨ੍ਹਾਂ ਸਕੂਲਾਂ ਵਿੱਚ ਚਾਉਕੇ, ਰਾਮਪੁਰਾ, ਬਾਘਾ,ਸੇਖੂ, ਭਾਈ ਕਪਤਾਨ ਸਿੰਘ ਫੂਲ ਸ਼ਾਮਲ ਸਨ। ਸੀਨੀਅਰ ਸੈਕੰਡਰੀ ਸਕੂਲ ਰਾਮਪੁਰਾ ਦੀਆਂ ਵਿਦਿਆਰਥਣਾਂ ਨੇ ਗਿੱਧੇ ਵਿੱਚ ਪਹਿਲੇ ਅਤੇ ਸ਼ੇਖੂ ਦੀਆਂ ਵਿਦਿਆਰਥਣਾਂ ਦੂਜੇ ਸਥਾਨ ‘ਤੇ ਰਹੀਆਂ। ਦੇਰ ਸ਼ਾਮ ਗਾਇਕ ਅਮਰਿੰਦਰ ਬੌਬੀ ਵੱਲੋਂ ਲੋਕ ਗੀਤਾਂ ਰਾਹੀਂ ਪ੍ਰਭਾਵਸ਼ਾਲੀ ਰੰਗ ਬੰਨ੍ਹਿਆਂ ਗਿਆ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਸ਼ੇਨਾ ਅਗਰਵਾਲ ਨੇ ਲੋਕਾਂ ਵੱਲੋਂ ਖੇਤਰੀ ਸਰਸ ਮੇਲੇ ਨੂੰ ਦਿੱਤੇ ਹੁੰਗਾਰੇ ਅਤੇ ਦਿਖਾਏ ਜਾ ਰਹੇ ਭਾਰੀ ਉਤਸ਼ਾਹ ਲਈ ਜ਼ਿਲ੍ਹਾ ਪ੍ਰਸ਼ਾਸਨ ਤਰਫੋਂ ਧੰਨਵਾਦ ਕਰਦਿਆਂ ਕਿਹਾ ਕਿ ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਵੱਲੋਂ ਮੇਲੇ ਵਿੱਚ ਸ਼ਿਰਕਤ ਕਰਨੀ ਮੇਲੇ ਲਈ ਵੱਡਾ ਹੁੰਗਾਰਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਭਰਵੀਂ ਸ਼ਮੂਲੀਅਤ ਉਨ੍ਹਾਂ ਦਾ ਭਾਰਤੀ ਦਸਤਕਾਰੀ ਤੇ ਕਲਾ ਪ੍ਰਤੀ ਅਥਾਹ ਪਿਆਰ ਬਿਆਨ ਕਰਦੀ ਹੈ। ਉਨ੍ਹਾਂ ਕਿਹਾ ਕਿ ਇਹ ਮੇਲਾ ਭਾਰਤ ਦੇ ਵੱਖ ਵੱਖ ਹਿੱਸਿਆਂ ਤੋਂ ਆਏ ਦਸਤਕਾਰਾਂ ਨੂੰ ਹੱਥੀਂ ਬਣਾਈਆਂ ਵਸਤਾਂ ਵੇਚਣ ਲਈ ਇੱਕ ਵੱਡਾ ਮੰਚ ਮੁਹੱਈਆ ਕਰਵਾਉਣ ਦੇ ਨਾਲ ਨਾਲ ਵੱਖ ਵੱਖ ਸੂਬਿਆਂ ਦੀ ਅਮੀਰ ਕਲਾ ਅਤੇ ਸੱਭਿਆਚਾਰ ਦੀ ਗਵਾਹੀ ਭਰਦਾ ਹੈ। ਉਨ੍ਹਾਂ ਕਿਹਾ ਕਿ ਇਹ ਮੇਲਾ ਸੈਰ ਸਪਾਟੇ ਨੂੰ ਵੀ ਵੱਡਾ ਹੁਲਾਰਾ ਦੇ ਰਿਹਾ ਹੈ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply