
ਬਠਿੰਡਾ, 27 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਦੇ ਝੀਲਾਂ ‘ਤੇ ਸਥਿਤ ਰੈਂਡ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ਨੂੰ ਯਾਦਗਾਰੀ ਢੰਗ ਨਾਲ ਮਨਾਉਣ ਲਈ ਕਰਵਾਏ ਜਾ ਰਹੇ ਵਿਰਾਸਤੀ ਮੁਕਾਬਲਿਆਂ ਦੀ ਅੰਤਿਮ ਲੜੀ ਤਹਿਤ ਸੂਬਾ ਪੱਧਰੀ ਝਾਕੀਆਂ ਦੇ ਮੁਕਾਬਲੇ ਭਲਕੇ 27 ਅਕਤੂਬਰ ਨੂੰ ਬਠਿੰਡਾ ਦੀ ਧਰਤੀ ਤੇ ਸੰਪੰਨ ਹੋਣਗੇ।ਖੇਡ ਸਟੇਡੀਅਮ ਨੇੜੇ ਸਥਿਤ ਵਿਰਾਸਤੀ ਪਿੰਡ ਜੈਪਾਲਗੜ੍ਹ ਵਿਖੇ ਕਰਵਾਏ ਜਾ ਰਹੇ ਇਨ੍ਹਾਂ ਮੁਕਾਬਲਿਆਂ ਵਿੱਚ ਸੂਬੇ ਦੇ ਵੱਖ ਵੱਖ ਜ਼ਿਲਿਆਂ ਦੀਆਂ ਟੀਮਾਂ ਆਪਣੀ ਪੇਸ਼ਕਾਰੀ ਦੇ ਜਲਵੇ ਬਿਖੇਰਨਗੀਆਂ। ਇਸ ਮੌਕੇ ਸ: ਤਜਿੰਦਰ ਸਿੰਘ ਮਿੱਡੂਖੇੜਾ ਚੇਅਰਮੈਨ ਪੀ.ਏ.ਡੀ.ਬੀ ਮੁੱਖ ਮਹਿਮਾਨ ਵਜੋ ਸ਼ਿਰਕਤ ਕਰਨਗੇ ਜਦੋਂ ਕਿ ਡਿਪਟੀ ਕਮਿਸ਼ਨਰ ਬਠਿੰਡਾ ਡਾ. ਬਸੰਤ ਗਰਗ ਅਤੇ ਐਡੀਸ਼ਨਲ ਡਿਪਟੀ ਕਮਿਸ਼ਨਰ ਵਿਕਾਸ ਸ਼ੇਨਾ ਅਗਰਵਾਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਣਗੇ।ਸੂਬਾ ਪੱਧਰੀ ਮੁਕਾਬਲਿਆਂ ਦੀ ਸਮੁੱਚੀ ਦੇਖਰੇਖ ਕਰ ਰਹੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਡਾ. ਅਮਰਜੀਤ ਕੌਰ ਕੋਟਫੱਤਾ ਨੇ ਅੱਜ ਪਿੰਡ ਜੈਪਾਲਗੜ੍ਹ ਵਿਖੇ ਮੁਕਾਬਲਿਆਂ ਦੇ ਮੱਦੇਨਜ਼ਰ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ।ਉਨ੍ਹਾਂ ਕਿਹਾ ਕਿ ਪੰਜਾਬੀ ਸੂਬੇ ਦੀ ਵਰੇਗੰਢ ਨੂੰ ਸਮਰਪਿਤ ਮੁਕਾਬਲਿਆਂ ਲਈ ਸਮੁੱਚੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।ਉਨ੍ਹਾਂ ਕਿਹਾ ਕਿ ਇਨ੍ਹਾਂ ਮੁਕਾਬਲਿਆਂ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜਨ ਲਈ ਜ਼ਿਲ੍ਹੇ ਦੇ ਵੱਡੀ ਗਿਣਤੀ ਅਧਿਆਪਕਾਂ ਦੀ ਡਿਊਟੀਆਂ ਵੀ ਲਗਾਈਆਂ ਗਈਆਂ।ਜ਼ਿਲ੍ਹਾ ਕੁਆਰਡੀਨੇਟਰ ਹਰਦਰਸ਼ਨ ਸਿੰਘ ਸੋਹਲ ਨੇ ਦੱਸਿਆ ਕਿ ਪੰਜਾਬ ਦੇ ਵੱਖ ਵੱਖ ਜ਼ਿਲਿਆਂ ਵਿੱਚ ਰੱਖੇ ਗਏ 22 ਵੱਖ ਵੱਖ ਮੁਕਾਬਲਿਆਂ ਵਿੱਚੋਂ ਵਿਰਾਸਤੀ ਝਾਕੀਆਂ ਦੇ ਸੂਬਾ ਪੱਧਰੀ ਮੁਕਾਬਲੇ ਬਠਿੰਡਾ ਜ਼ਿਲ੍ਹੇ ਦੇ ਹਿੱਸੇ ਆਏ ਹਨ, ਜਿਸ ਦੇ ਲਈ ਜੈਪਾਲਗੜ੍ਹ ਵਿਖੇ ਹਰੇਕ ਜ਼ਿਲ੍ਹੇ ਨੂੰ ਵੱਖਰੀ ਸਟਾਲ ਲਈ ਜਗਾ ਮੁਕੱਰਰ ਕਰ ਦਿੱਤੀ ਗਈ ਹੈ।ਉਨ੍ਹਾਂ ਕਿਹਾ ਕਿ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੀਆਂ ਟੀਮਾਂ ਦੀ ਸਹੂਲਤ ਲਈ ਹਰ ਤਰ੍ਹਾਂ ਦੇ ਪ੍ਰਬੰਧ ਪੂਰੇ ਸੁਚੱਜੇ ਢੰਗ ਨਾਲ ਕੀਤੇ ਗਏ ਹਨ ਤਾਂ ਜੋ ਕਿਸੇ ਨੂੰ ਵੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।ਇਸ ਮੌਕੇ ਹਰਵਿੰਦਰ ਸਿੰਘ ਖਾਲਸਾ, ਚਮਕੌਰ ਸਿੰਘ ਪ੍ਰੈਸ ਸਕੱਤਰ ਅਕਾਲੀ ਦਲ, ਜ਼ਿਲ੍ਹਾ ਪ੍ਰਬੰਧਕੀ ਕਨਵੀਨਰ ਪ੍ਰਿੰਸੀਪਲ ਪ੍ਰਦੀਪ ਕੁਮਾਰ ਅਤੇ ਜ਼ਿਲ੍ਹਾ ਕਮੇਟੀ ਮੈਂਬਰਾਂ ਵਿੱਚ ਸਟੇਟ ਅਵਾਰਡੀ ਮੈਡਮ ਕੁਲਵਿੰਦਰ ਕੌਰ, ਭੋਲਾ ਸਿੰਘ ਸ਼ਮੀਰੀਆ, ਰਾਜਿੰਦਰ ਸਿੰਘ, ਬਲਵੀਰ ਕਮਾਂਡੋ ਤੋਂ ਇਲਾਵਾ ਜਗਸੀਰ ਸਿੰਘ ਢੱਡੇ, ਸ਼ੇਖਰ ਤਲਵੰਡੀ ਸਾਬੋ, ਅੰਮ੍ਰਿਤਪਾਲ ਬਰਾੜ, ਰਜਨੀਸ਼ ਬਾਂਸਲ, ਡਾ. ਰਮਨਦੀਪ ਕੌਰ, ਲੈ. ਖੁਸਦੀਪ ਜਟਾਣਾ, ਗੁਰਪ੍ਰੀਤ ਕੌਰ , ਹਰਵਿੰਦਰ ਮਾਨਸ਼ਾਹੀਆਂ ਆਦਿ ਵੀ ਇੱਥੇ ਹਾਜਰ ਸਨ।
Punjab Post Daily Online Newspaper & Print Media