ਅੰਮ੍ਰਿਤਸਰ, 3 ਨਵੰਬਰ (ਸੁਖਬੀਰ ਖੁਰਮਣੀਆ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਐਨ.ਐਸ.ਐਸ. ਯੂਨਿਟ ਇਕ (ਕਾਨੂੰਨ ਵਿਭਾਗ) ਅਤੇ ਐਨ.ਐਸ.ਐਸ. ਯੂਨਿਟ ਦੋ ਵੱਲੋਂ ਅੱਜ ਇਥੇ ਖੂਨਦਾਨ ਕੈਂਪ ਲਾਇਆ ਗਿਆ। ਇਹ ਕੈਂਪ ਸਥਾਨਕ ਮਾਡਲ ਬਲੱਡ ਬੈਂਕ ਗੁਰੂ ਨਾਨਕ ਦੇਵ ਹਸਪਤਾਲ ਦੇ ਸਹਿਯੋਗ ਨਾਲ ਲਾਇਆ ਗਿਆ। ਐਚ.ਡੀ.ਐਫ.ਸੀ. ਬੈਂਕ, ਅੰਮ੍ਰਿਤਸਰ ਵੱਲੋਂ ਸਪਾਂਸਰ ਇਸ ਕੈਂਪ ਦਾ ਮੁੱਖ ਉਦੇਸ਼ ਖੂਨਦਾਨ ਅਤੇ ਖੂਨਦਾਨ ਕਰਨ ਵਾਲੇ ਵਿਦਿਆਰਥੀਆਂ ਦੀ ਡਾਇਰੈਕਟਰੀ ਤਿਆਰ ਕਰਕੇ ਲੋੜਵੰਦਾਂ ਦੀ ਮਦਦ ਕਰਨਾ ਹੈ। ਇਸ ਮੌਕੇ ਲਗਪਗ 300 ਵਿਦਿਆਰਥੀਆਂ ਨੇ ਆਪਣਾ ਨਾਂ ਬਲਡ ਡੋਨਰ ਡਾਇਰੈਕਟਰੀ ਵਿਚ ਰਜਿਸਟਰ ਕਰਵਾਇਆ ਅਤੇ 170 ਵਿਦਿਆਰਥੀਆਂ ਨੇ ਖੂਨਦਾਨ ਕੀਤਾ।
ਰਜਿਸਟਰਾਰ, ਪ੍ਰੋ. ਸ਼ਰਨਜੀਤ ਸਿੰਘ ਢਿੱਲੋਂ ਨੇ ਕੈਂਪ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਇਸ ਕੈਂਪ ਦੇ ਆਯੋਜਨ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਇਸ ਦੀ ਸ਼ਲਾਘਾ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਅਜਿਹੀਆਂ ਗਤੀਵਿਧੀਆਂ ਵਿਚ ਵਧ-ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਆ। ਉਨਾਂ੍ਹ ਕਿਹਾ ਕਿ ਵਾਈਸ-ਚਾਂਸਲਰ ਪ੍ਰੋ. ਅਜਾਇਬ ਸਿੰਘ ਬਰਾੜ ਦੇ ਦਿਸ਼ਾ ਨਿਰਦੇਸ਼ ਹੇਠ ਕਰਵਾਏ ਗਏ ਇਸ ਕੈਂਪ ਨਾਲ ਵੱਧ ਤੋਂ ਵੱਧ ਲੋੜਵੰਦ ਲੋਕਾਂ ਨੂੰ ਲਾਭ ਪ੍ਰਾਪਤ ਹੋਵੇਗਾ।
ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ਡੀਨ, ਵਿਦਿਆਰਥੀ ਭਲਾਈ, ਪ੍ਰੋ. ਕਰਨਜੀਤ ਸਿੰਘ ਕਾਹਲੋਂ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਕੀਤਾ ਇਹ ਕਾਰਜ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਮਾਨਵਤਾ ਦੀ ਭਲਾਈ ਲਈ ਅਜਿਹੇ ਕਾਰਜ ਵਿਚ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਹਿੱਸਾ ਲੈਣਾ ਚਾਹੀਦਾ ਹੈ।
ਐਨ.ਐਸ.ਐਸ. ਕੋਆਰਡੀਨੇਟਰ, ਪ੍ਰੋ. ਐਚ.ਐਸ. ਗੁਜਰਾਲ, ਡਾ. ਰਾਜੇਸ਼ ਕੁਮਾਰ, ਪ੍ਰੋਗਰਾਮ ਅਫਸਰ, ਮਿਸ ਹਰਕਿਰਨਦੀਪ ਕੌਰ ਤੋਂ ਇਲਾਵਾ ਗੁਰੂ ਨਾਨਕ ਦੇਵ ਹਸਪਤਾਲ ਦੇ ਡਾ. ਨੀਰਜ ਸ਼ਰਮਾ, ਡਾ. ਰਵੀ ਮਹਾਜਨ ਅਤੇ ਹੋਰ ਮੈਂਬਰਾਂ ਦੀ ਦੇਖਰੇਖ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਇਹ ਕੈਂਪ ਇਕ ਚੰਗਾ ਉਪਰਾਲਾ ਹੈ ਅਤੇ ਇਹ ਹਰ ਸਾਲ ਕਰਵਾਉਣਾ ਜਾਰੀ ਰਹਿਣਾ ਚਾਹੀਦਾ ਹੈ ਤਾਂ ਜੋ ਲੋੜਵੰਦਾ ਦੀ ਮਦਦ ਕੀਤੀ ਜਾ ਸਕੇ।
Check Also
ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 30.51 ਲੱਖ ਤੋਂ ਵੱਧ ਪਰਿਵਾਰਾਂ ਨੂੰ ਕੀਤਾ ਰਜਿਸਟਰ – ਚੇਅਰਮੈਨ ਛੀਨਾ
ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ …
Punjab Post Daily Online Newspaper & Print Media