16 ਨਵੰਬਰ ਨੂੰ ਰਾਸ਼ਟਰਪਤੀ ਨਾਲ ਮਿੱਲਣ ਦਾ ਸਮਾਂ ਮੰਗੇਗੀ ਕਾਂਗਰਸ

ਅੰਮ੍ਰਿਤਸਰ, 11 ਨਵੰਬਰ (ਜਗਦੀਪ ਸਿੰਘ ਸੱਗੂ)- ਕਾਂਗਰਸ ਵਿਧਾਈ ਪਾਰਟੀ ਦੇ ਲੀਡਰ ਚਰਨਜੀਤ ਸਿੰਘ ਚੰਨੀ ਨੇ ਲੋਕਾਂ ਨੂੰ ਗੁੰਮਰਹ ਕਰਨ ਲਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ‘ਤੇ ਵਰ੍ਹਦਿਆਂ ਉਨ੍ਹਾਂ ਨੂੰ ਯਾਦ ਦਿਲਾਇਆ ਹੈ ਕਿ 1985 ਨੂੰ ਹੋਏ ਪੰਜਾਬ ਸਮਝੌਤੇ ਹੇਠ ਸਤਲੁਜ ਯਮੁਨਾ ਲਿੰਕ ਨਹਿਰ ਦਾ ਨਿਰਮਾਣ ਪੂਰਾ ਕਰਨਾ ਅਕਾਲੀ ਦਲ ਦੀ ਵਚਨਬੱਧਤਾ ਸੀ।
ਇਸ ਲੜੀ ਹੇਠ ਆਪਣੀ ਜਵਾਨੀ ਸੰਭਾਲ ਯਾਤਰਾ ਦੇ ਆਖਿਰੀ ਦਿਨ ਪਵਿੱਤਰ ਨਗਰੀ ਵਿੱਚ ਪਹੁੰਚਣ ਮੌਕੇ ਉਨ੍ਹਾਂ ਨੇ ਕਿਹਾ ਕਿ ਬਾਦਲ ਨੂੰ ਜ਼ਰੂਰ ਦੱਸਣਾ ਚਾਹੀਦਾ ਹੈ ਕਿ ਕਿਉਂ ਉਨ੍ਹਾਂ ਦੇ ਮੁੱਖ ਮੰਤਰੀ ਰਹਿੰਦਿਆਂ ਜ਼ਮੀਨ ਪ੍ਰਾਪਤ ਕਰਨ ਵਾਸਤੇ 20 ਫਰਵਰੀ, 1978 ਨੂੰ ਦੋ ਨੋਟੀਫਿਕੇਸ਼ਨ ਨੰ. 113/5/ਐਸ.ਵਾਈ.ਐਲ ਤੇ 121/5/ਐਸ.ਵਾਈ.ਐਲ ਜ਼ਾਰੀ ਕੀਤੇ ਗਏ ਸਨ। ਇਸ ਤੋਂ ਇਲਾਵਾ, ਗੰਭੀਰ ਲੋੜ ਦੇ ਅਧਾਰ ‘ਤੇ ਭੌਂ ਪ੍ਰਾਪਤੀ ਕਾਨੂੰਨ ਦੀ ਧਾਰਾ 17 ਨੂੰ ਧਾਰਾ 5 (ਏ) ਨਾਲ ਜੋੜਿਆ ਗਿਆ ਸੀ। ਪੰਜਾਬ ਦੇ ਲੋਕ ਜਾਣਨਾ ਚਾਹੁੰਦੇ ਹਨ ਕਿ ਅਜਿਹੀ ਕਿਹੜੀ ਜ਼ਲਦੀ ਸੀ। ਬਾਦਲ ਨੂੰ ਉਨ੍ਹਾਂ ਦੇ ਪਰਿਵਾਰਿਕ ਦੋਸਤ ਤੇ ਉਦੋਂ ਹਰਿਆਣਾ ਦੇ ਮੁੱਖ ਮੰਤਰੀ ਚੌਧਰੀ ਦੇਵੀ ਲਾਲ ਵੱਲੋਂ ਵਿਧਾਨ ਸਭਾ ਵਿੱਚ ਦਿੱਤੇ ਗਏ ਬਿਆਨ ਬਾਰੇ ਵੀ ਦੱਸਣਾ ਚਾਹੀਦਾ ਹੈ ਕਿ ਉਹ ਤੁਹਾਡੇ ਨਾਲ ਐਸ.ਵਾਈ.ਐਲ ਨਹਿਰ ਲਈ ਨੀਂਹ ਪੱਥਰ ਰੱਖਣ ਨੂੰ ਰਜਾਮੰਦ ਸਨ। ਇਹ ਪੂਰਾ ਮਾਮਲਾ ਆਨ ਰਿਕਾਰਡ ਹੈ, ਜਿਸ ਤੋਂ ਬਾਦਲ ਪੈਰ ਨਹੀਂ ਪਿੱਛੇ ਖਿੱਚ ਸਕਦੇ। ਉਨ੍ਹਾਂ ਨੇ ਬਾਦਲ ਨੂੰ ਯਾਦ ਦਿਲਾਇਆ ਕਿ ਪੰਜਾਬ ਟਰਮੀਨੇਸ਼ਨ ਆਫ ਐਗਰੀਮੈਂਟਸ ਐਕਟ, 2004 ਤੋਂ ਧਾਰਾ 5 ਹਟਾਉਣਾ ਉਨ੍ਹਾਂ ਦੀ ਪਾਰਟੀ ਦੇ ਮੈਨਿਫੈਸਟੋ ਦਾ ਹਿੱਸਾ ਸੀ, ਲੇਕਿਨ ਉਨ੍ਹਾਂ ਨੇ ਇਕ ਵਾਰ ਫਿਰ ਤੋਂ ਉਕਤ ਮੁੱਦੇ ‘ਤੇ ਲੋਕਾਂ ਨੂੰ ਬੇਵਕੂਫ ਬਣਾਇਆ। ਜਿਨ੍ਹਾਂ ਨੇ ਰਿਕਾਰਡ ਦੇ ਅਧਾਰ ‘ਤੇ ਕਿਹਾ ਕਿ ਪੰਜਾਬ ਪੁਨਰਗਠਨ ਐਕਟ 1966 ਤਹਿਤ ਕੀਤੀ ਗਈ ਵੰਡ ਖਿਲਾਫ 1976 ਵਿੱਚ ਸੁਪਰੀਮ ਕੋਰਟ ਵਿੱਚ ਜਾਣ ਵਾਲਾ ਪੰਜਾਬ ਪਹਿਲਾ ਸੂਬਾ ਨਹੀਂ ਸੀ, ਸਗੋਂ ਹਰਿਆਣਾ ਤੇ ਪੰਜਾਬ ਨੇ ਸਿਰਫ ਅਪੀਲ ਦਾ ਪਾਲਣ ਕੀਤਾ ਸੀ।
ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਪਹਿਲਾਂ 1967 ਵਿੱਚ ਸੱਤਾ ਵਿੱਚ ਆਇਆ ਸੀ ਤੇ ਬਾਦਲ ਨੇ ਖੁਦ 27 ਮਾਰਚ, 1970 ਨੂੰ ਬਤੌਰ ਮੁੱਖ ਮੰਤਰੀ ਪਹਿਲੀ ਵਾਰ ਸਹੁੰ ਚੁੱਕੀ ਸੀ ਤੇ 14 ਜੂਨ, 1971 ਤੱਕ ਸੂਬੇ ‘ਤੇ ਸ਼ਾਸਨ ਕੀਤਾ। ਕੀ ਉਨ੍ਹਾਂ ਦੀ ਪਾਰਟੀ ਜਾਂ ਬਤੌਰ ਮੁੱਖ ਮੰਤਰੀ ਉਨ੍ਹਾਂ ਨੇ ਉਸ ਵੇਲੇ ਪੰਜਾਬ ਪੁਨਰਗਠਨ ਐਕਟ, 1966 ਦੀ ਧਾਰਾ 78-80 ਖਿਲਾਫ ਕੇਂਦਰ ਕੋਲ ਰੋਸ ਪ੍ਰਗਟਾਇਆ ਸੀ, ਜਿਸਦੇ ਤਹਿਤ ਤੱਤਕਾਲੀਨ ਪ੍ਰਧਾਨ ਮੰਤਰੀ ਨੇ 1976 ਵਿੱਚ ਪੰਜਾਬ ਤੇ ਹਰਿਆਣਾ ਵਿਚਾਲੇ ਪਾਣੀ ਦੀ ਵੰਡ ਦਾ ਐਲਾਨ ਕੀਤਾ ਸੀ। ਚੰਨੀ ਨੇ ਕਿਹਾ ਕਿ ਉਹ ਬਾਦਲ ਨੂੰ 1955 ਵਿੱਚ ਨਦੀਆਂ ਦੇ ਪਾਣੀ ਦੇ ਵਿਵਾਦ ਦੀ ਸ਼ੁਰੂਆਤ ਤੋਂ ਸਾਰਾ ਰਿਕਾਰਡ ਪੇਸ਼ ਕਰਨ ਦੀ ਚੁਣੌਤੀ ਦਿੰਦੇ ਹਨ। ਅਜਿਹੇ ਵਿੱਚ ਲੋਕਾਂ ਨੂੰ ਸਮਝਣਾ ਚਾਹੀਦਾ ਹੇ ਕਿ ਨਿਰਾਧਾਰ ਦੋਸ਼ ਲਗਾਉਣ ਦੀ ਬਜਾਏ ਦੋਸ਼ੀ ਕਿਹੜਾ ਹੈ। ਚੰਨੀ ਨੇ ਕਿਹਾ ਕਿ ਅੱਜ ਕਾਂਗਰਸ ਵਿਧਾਈ ਧਿਰ ਨੇ ਪੰਜਾਬ ਟਰਮੀਨੇਸ਼ਨ ਆਫ ਐਗਰੀਮੈਂਟਸ ਐਕਟ, 2004 ਦੀ ਪ੍ਰੈਜੀਡੇਂਸ਼ਿਅਲ ਰੈਫਰੇਂਸ ਬਾਰੇ ਸੁਪਰੀਮ ਕੋਰਟ ਦੇ ਫੈਸਲੇ ‘ਤੇ 16 ਨਵੰਬਰ ਨੂੰ ਰਾਸ਼ਟਰਪਤੀ ਪ੍ਰਣਵ ਮੁਖਰਜੀ ਨਾਲ ਮਿੱਲਣ ਦਾ ਸੰਕਲਪ ਲਿਆ ਹੈ।
ਇਕ ਹੋਰ ਸੰਕਲਪ ਰਾਹੀਂ ਕਾਂਗਰਸ ਵਿਧਾਈ ਪਾਰਟੀ ਨੇ ਤੁਰੰਤ ਬਾਦਲ ਸਰਕਾਰ ਨੂੰ ਬਰਖਾਸਤ ਕੀਤੇ ਜਾਣ ਦੀ ਮੰਗ ਕੀਤੀ ਹੈ, ਜਿਹੜੀ ਸੁਪਰੀਮ ਕੋਰਟ ਵਿੱਚ ਪੰਜਾਬ ਦੇ ਹਿੱਤਾਂ ਨੂੰ ਬਚਾਉਣ ਵਿੱਚ ਫੇਲ੍ਹ ਸਾਬਤ ਹੋਈ ਹੈ। ਕਾਂਗਰਸ ਵਿਧਾਈ ਧਿਰ ਨੇ ਮੌਜ਼ੂਦਾ ਸ਼ਾਸਨ ਵਿੱਚ ਨਿਰਪੱਖ ਤੇ ਸੁਤੰਤਰ ਚੋਣਾਂ ਹੋਣ ਨੂੰ ਲੈ ਕੇ ਵੀ ਸ਼ੰਕਾ ਜਾਹਿਰ ਕੀਤੀ ਹੈ।ਚੰਨੀ ਨੇ ਇਹ ਵੀ ਦੱਸਿਆ ਕਿ ਸੀ.ਐਲ.ਪੀ ਮੀਟਿੰਗ ਅੱਜ ਉਨ੍ਹਾਂ ਦੀ ਅਗਵਾਈ ਹੇਠ ਹੋਈ ਤੇ ਇਸ ਦੌਰਾਨ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਕਾਂਗਰਸ ਪੰਜਾਬ ਵਿੱਚ ਪਾਣੀ ਦੇ ਮੌਜ਼ੂਦਾ ਹਾਲਾਤਾਂ ਬਾਰੇ ਰਾਸ਼ਟਰਪਤੀ ਨੂੰ ਰਜਾਮੰਦ ਕਰਨ ਲਈ ਉਨ੍ਹਾਂ ਨੂੰ ਮਿਲੇਗੀ। ਸਾਰੀ ਸੀਨੀਅਰ ਕਾਂਗਰਸੀ ਲੀਡਰਸ਼ਿਪ ਤੇ ਵਿਧਾਇਕ ਇਕੱਠੇ ਹੋ ਕੇ ਰਾਸ਼ਟਰਪਤੀ ਨੂੰ ਮਿੱਲਣ ਜਾਣਗੇ। ਚੰਨੀ ਆਪਣੀ ਜਵਾਨੀ ਸੰਭਾਲ ਯਾਤਰਾ ਦੇ ਪੰਜਵੇਂ ਦਿਨ ਪਵਿੱਤਰ ਨਗਰੀ ਵਿੱਚ ਦਾਖਲ ਹੋਏ, ਜਿਥੇ ਸਥਾਨਕ ਲੋਕਾਂ ਤੇ ਸਾਰੇ ਪਾਰਟੀ ਆਗੂਆਂ ਤੇ ਵਰਕਰਾਂ ਵੱਲੋਂ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਸ੍ਰੀ ਚਮਕੌਰ ਸਾਹਿਬ ਤੋਂ 2000 ਸਾਈਕਲ ਚਾਲਕਾਂ ਨਾਲ ਸ਼ੁਰੂ ਹੋਈ ਇਸ ਯਾਤਰਾ ਨੇ 5 ਦਿਨਾਂ ਵਿੱਚ 20 ਤੋਂ ਵੱਧ ਵਿਧਾਨ ਸਭਾ ਹਲਕਿਆਂ ਤੋਂ ਹੁੰਦਿਆਂ 350 ਕਿਲੋਮੀਟਰ ਤੋਂ ਵੱਧ ਦਾ ਸਫਰ ਤੈਅ ਕੀਤਾ ਹੈ। ਇਸ ਯਾਤਰਾ ਦਾ ਉਦੇਸ਼ ਨਸ਼ਿਆਂ, ਬੇਰੁਜ਼ਗਾਰੀ ਤੇ ਭ੍ਰਿਸ਼ਟਾਚਾਰ ਨਾਲ ਲੜਨਾ ਹੈ। ਇਹ ਸਾਰੇ ਮੁੱਦੇ ਪੰਜਾਬ ਦੇ ਨੌਜ਼ਵਾਨਾਂ ਨਾਲ ਜੁੜੇ ਹਨ। ਇਸ ਤੋਂ ਪਹਿਲਾਂ ਇਹ ਯਾਤਰਾ ਸ੍ਰੀ ਚਮਕੌਰ ਸਾਹਿਬ ਤੋਂ ਸ੍ਰੀ ਤਲਵੰਡੀ ਸਾਬੋ ਤੱਕ ਸੱਤ ਦਿਨਾਂ ਲਈ ਕੱਢੀ ਗਈ ਸੀ।
Punjab Post Daily Online Newspaper & Print Media