ਅੰਮ੍ਰਿਤਸਰ, 8 ਦਸੰਬਰ (ਪੰਜਾਬ ਪੋਸਟ ਬਿਊਰੋ) -ਸਥਾਨਕ ਵਿਰਸਾ ਵਿਹਾਰ ਵਿਖੇ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਅੰਮ੍ਰਿਤਸਰ ਇਕਾਈ ਦੀ ਮਹੀਨਾਵਾਰ ਮੀਟਿੰਗ ਤਰਕਸ਼ੀਲ ਆਗੂ ਡਾ. ਬਲਦੇਵ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਮੋਦੀ ਸਰਕਾਰ ਦੇ ਨੋਟਬੰਦੀ ਦੇ ਜਮਹੂਰੀਅਤ ਵਿਰੋਧੀ ਫਾਸ਼ੀਵਾਦੀ ਫੈਸਲੇ ਦੀ ਸਖ਼ਤ ਨਿਖੇਧੀ ਕਰਦਿਆਂ ਇਸ ਨੂੰ ਤੁਰੰਤ ਵਾਪਸ ਲੈਣ ਦੀ ਜ਼ੋਰਦਾਰ ਮੰਗ ਕੀਤੀ ਗਈ।
ਸੁਸਾਇਟੀ ਦੇ ਜਥੇਬੰਦਕ ਮੁਖੀ ਸੁਮੀਤ ਸਿੰਘ ਨੇ ਮੋਦੀ ਸਰਕਾਰ ਤੇ ਦੋਸ਼ ਲਾਇਆ ਕਿ ਨੋਟਬੰਦੀ ਦੇ ਲੋਕ ਵਿਰੋਧੀ ਮਾਰੂ ਸਿੱਟਿਆਂ ਕਾਰਨ ਹੇਠਲੇ ਵਰਗ ਨਾਲ ਸਬੰਧਤ ਸੈਂਕੜੇ ਨਾਗਰਿਕਾਂ ਨੂੰ ਮੌਤ ਦੇ ਮੂੰਹ ਵਿਚ ਧੱਕਿਆ ਗਿਆ ਹੈ ਅਤੇ ਕਈ ਲੱਖਾਂ ਮੁਲਾਜ਼ਮ ਅਤੇ ਮਜਦੂਰ ਬੇਰੁਜ਼ਗਾਰ ਹੋ ਚੁੱਕੇ ਹਨ ਪਰ ਬਹੁਮਤ ਦੇ ਨਸ਼ੇ ਵਿਚ ਚੂਰ ਮੋਦੀ ਸਰਕਾਰ ਨੇ ਨੋਟਬੰਦੀ ਦੇ ਇਕ ਮਹੀਨੇ ਬਾਅਦ ਵੀ ਆਮ ਨਾਗਰਿਕਾਂ ਦੀਆਂ ਮੌਤਾਂ ਨੂੰ ਰੋਕਣਾ ਅਤੇ ਸਮੱਸਿਆਵਾਂ ਨੂੰ ਖ਼ਤਮ ਕਰਨ ਲਈ ਕੋਈ ਠੋਸ ਅਮਲੀ ਯੋਜਨਾਬੰਦੀ ਲਾਗੂ ਨਹੀਂ ਕੀਤੀ।ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਕਿ ਮੋਦੀ ਸਰਕਾਰ ਵਲੋਂ ਕਾਰਪੋਰੇਟ ਸੈਕਟਰ, ਭ੍ਰਿਸ਼ਟ ਸਿਆਸਤਦਾਨਾਂ ਭ੍ਰਿਸ਼ਟ ਮੰਤਰੀਆਂ, ਉਚ ਅਧਿਕਾਰੀਆਂ ਰੀਅਲ ਐਸਟੇਟ ਕਾਰੋਬਾਰੀਆਂ ਅਤੇ ਡਰੱਗ ਮਾਫੀਆ ਕੋਲੋਂ ਕਾਲਾ ਧਨ ਕਢਵਾਉਣ ਦੀ ਬਜਾਇ ਉਲਟਾ ਆਮ ਜਨਤਾ ਨੂੰ ਬੇਈਮਾਨ ਸਿੱਧ ਕੀਤਾ ਜਾ ਰਿਹਾ ਹੈ ਅਤੇ ਭਿਖਾਰੀ ਬਣਾਇਆ ਜਾ ਰਿਹਾ ਹੈ।ਐਡਵੋਕੇਟ ਅਮਰਜੀਤ ਬਾਈ ਨੇ ਕਿਹਾ ਕਿ ਮੋਦੀ ਸਰਕਾਰ ਭਾਰਤੀ ਕਾਰੋਬਾਰੀਆਂ ਅਤੇ ਸਿਆਸੀ ਨੇਤਾਵਾਂ ਦਾ ਸਵਿਸ ਬੈਂਕਾਂ ਵਿਚ ਪਿਆ ਅਰਬਾਂ ਰੁਪਏ ਦਾ ਕਾਲਾ ਧਨ ਵਾਪਸ ਲਿਆਉਣ ਵਿਚ ਫੇਲ ਸਾਬਤ ਹੋਈ ਹੈ ਅਤੇ ਆਪਣੀ ਇਸ ਨਲਾਇਕੀ ਨੂੰ ਛੁਪਾਉਣ ਲਈ ਹੀ ਨੋਟਬੰਦੀ ਕਰਕੇ ਕਰੋੜਾਂ ਆਮ ਲੋਕਾਂ ਦੇ ਕਾਰੋਬਾਰ ਅਤੇ ਰੁਜ਼ਗਾਰ ਨੂੰ ਬਰਬਾਦ ਕੀਤਾ ਗਿਆ ਹੈ, ਜਿਸ ਦੇ ਨਤੀਜੇ ਵਜੋਂ ਆਮ ਲੋਕ ਸੜਕਾਂ ਤੇ ਰੋਸ ਪ੍ਰਗਟਾਵਾੇ ਕਰਨ ਲਈ ਮਜਬੂਰ ਹੋ ਰਹੇ ਹਨ। ਮਾਸਟਰ ਕੁਲਜੀਤ ਵੇਰਕਾ ਨੇ ਕਿਹਾ ਕਿ ਮੋਦੀ ਸਰਕਾਰ ਦੇਸੀ ਅਤੇ ਵਿਦੇਸ਼ੀ ਕਾਰਪੋਰੇਟ ਅਦਾਰਿਆਂ ਨੂੰ ਬਿਨਾਂ ਵਜ੍ਹਾ ਛੇ ਲੱਖ ਕਰੋੜ ਰੁਪਏ ਦੀ ਸਾਲਾਨਾ ਸਬਸਿਡੀ ਦੇ ਕੇ ਖੁਦ ਹੀ ਕਾਲਾ ਧਨ ਅਤੇ ਕਾਲਾ ਬਾਜਾਰੀ ਨੂੰ ਪ੍ਰਫੁਲਿਤ ਕਰ ਰਹੀ ਹੈ। ਕਾਮਰੇਡ ਅਜੀਤ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਨੇ ਆਰਐਸਐਸ ਦੇ ਏਜੰਡੇ ਤਹਿਤ ਆਮ ਜਨਤਾ ਦਾ ਧਿਆਨ ਮਹਿੰਗਾਈ, ਗਰੀਬੀ, ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਭੁੱਖਮਰੀ, ਕਸ਼ਮੀਰ ਅਤੇ ਨਕਸਲਵਾਦ ਦੀਆ ਗੰਭੀਰ ਸਮੱਸਿਆਵਾਂ ਤੋਂ ਪਾਸੇ ਹਟਾਉਣ ਲਈ ਅਤੇ ਯੂ.ਪੀ ਦੀਆਂ ਚੋਣਾਂ ਵਿਚ ਸਿਆਸੀ ਲਾਹਾ ਲੈਣ ਲਈ ਹੀ ਨੋਟਬੰਦੀ ਦਾ ਡਰਾਮਾ ਰਚਿਆ ਹੈ। ਤਰਕਸ਼ੀਲ ਆਗੂ ਸੁਖਮੀਤ ਸਿੰਘ ਨੇ ਨੋਟਬੰਦੀ ਨੂੰ ਮੋਦੀ ਸਰਕਾਰ ਦੀ ਵਿੱਤੀ ਐਮਰਜੈਂਸੀ ਕਰਾਰ ਦਿੰਦਿਆ ਦੇਸ਼ ਦੀ ਆਰਥਿਕਤਾ ਅਤੇ ਆਮ ਜਨਤਾ ਲਈ ਬੇਹਦ ਘਾਤਕ ਦੱਸਿਆ।
ਕਿਊਬਾ ਦੇ ਇਨਕਲਾਬੀ ਆਗੂ ਫੀਦਲ ਕਾਸਤਰੋ ਦੇ ਦੇਹਾਂਤ ਉਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਵਲੋਂ ਕਿਊਬਾ ਦੇ ਵਿਕਾਸ ਵਿਚ ਪਾਏ ਮਹਾਨ ਯੋਗਦਾਨ ਅਤੇ ਅਮਰੀਕਾ ਦੀ ਤਾਨਾਸ਼ਹੀ ਦੇ ਖਿਲਾਫ ਡਟਵੇਂ ਸਟੈਂਡ ਦੀ ਭਰਪੂਰ ਪ੍ਰਸੰਸਾ ਕੀਤੀ ਗਈ ਅਤੇ ਦੋ ਮਿੰਟ ਦਾ ਮੋਨ ਧਾਂਰਨ ਕਰਕੇ ਵਿਛੜੇ ਮਹਾਨ ਆਗੂ ਨੂੰ ਸਤਿਕਾਰ ਦੇ ਫੁੱਲ ਭੇਂਟ ਕੀਤੇ ਗਏ। ਇਸ ਤੋਂ ਇਲਾਵਾ ਰਾਸ਼ਟਰੀ ਗੀਤ ਦੇ ਮੁੱਦੇ ਤੇ ਸੁਪਰੀਮ ਕੋਰਟ ਦੀ ਗੈਰ ਜਮਹੂਰੀ ਤੇ ਬੇਲੋੜੀ ਦਖਲ ਅੰਦਾਜੀ ਤੇ ਅਸਹਿਮਤੀ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਤਰਕਸ਼ੀਲ ਆਗੂ ਬਲਦੇਵ ਰਾਜ ਵੇਰਕਾ, ਕਰਨ ਰਾਜ ਸਿੰਘ, ਧਰਵਿੰਦਰ ਕੋਹਾਲੀ, ਰਾਜ ਕੁਮਾਰ ਵੇਰਕਾ, ਜਸਪਾਲ ਬਾਸਰਕਾ, ਜਾਦੂਗਰ ਸੁਰਜਨ ਸਿੰਘ ਅਦਲੀਵਾਲ, ਗੁਰਜਿੰਦਰ ਮਾਹਲ, ਗੁਰਬਾਜ ਤੌਲਾ ਨੰਗਲ ਅਤੇ ਅਸ਼ਵਨੀ ਕੁਮਾਰ ਤਰਕਸ਼ੀਲ ਮੈਂਬਰ ਆਦਿ ਸ਼ਾਮਲ ਹੋਏ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media