Wednesday, December 31, 2025

ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਿਆਈ ਦਿਵਸ 11 ਜੂਨ ਨੂੰ

PPN070607
ਅੰਮ੍ਰਿਤਸਰ, 7 ਜੂਨ (ਜਸਬੀਰ ਸਿੰਘ ਸੱਗੂ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਿਆਈ ਦਿਵਸ 11 ਜੂਨ 2014 ਦਿਨ ਬੁਧਵਾਰ ਨੂੰ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ। ਇਥੋਂ ਜਾਰੀ ਪ੍ਰੈੱਸ ਨੋਟ ‘ਚ ਸ. ਰੂਪ ਸਿੰਘ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਆਗਮਨ ਪਿਤਾ ਸ੍ਰੀ ਗੁਰੂ ਅਰਜਨ ਦੇਵ ਜੀ, ਮਾਤਾ ਗੰਗਾ ਜੀ ਦੇ ਗ੍ਰਹਿ ਵਿਖੇ 21 ਹਾੜ, ਸੰਮਤ 1652 ਬਿਕ੍ਰਮੀ ਨੂੰ ‘ਗੁਰੂ ਕੀ ਵਡਾਲੀ’ ਨਗਰ ਸ੍ਰੀ ਅੰਮ੍ਰਿਤਸਰ ਵਿਖੇ ਹੋਇਆ। ਉਨ੍ਹਾਂ ਕਿਹਾ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ-ਪੀਰੀ ਦੀਆਂ ਦੋ ਕ੍ਰਿਪਾਨਾਂ ਪਹਿਨ ਕੇ ਸਿੱਖ ਧਰਮ ਵਿੱਚ ਭਗਤੀ ਤੇ ਸ਼ਕਤੀ ਦੇ ਸਿਧਾਂਤ ਨੂੰ ਪੱਕਿਆਂ ਕੀਤਾ। ਜ਼ਾਲਮਾਂ ਤੇ ਜਰਵਾਣਿਆਂ ਦਾ ਟਾਕਰਾ ਕਰਨ ਲਈ ਗੁਰਸਿੱਖਾਂ ਨੂੰ ਸਾਹਸ (ਬਲ) ਪ੍ਰਦਾਨ ਕੀਤਾ। ਆਪ ਜੀ ਨੇ ਜ਼ਬਰ ਤੇ ਜ਼ੁਲਮ ਵਿਰੁੱਧ ਯੁੱਧ ਕਰਕੇ ਜ਼ਾਲਮਾਂ ਤੇ ਜਰਵਾਣਿਆਂ ਨੂੰ ਚਾਰ ਵੱਡੀਆਂ ਜੰਗਾਂ ਵਿੱਚ ਹਾਰ ਦਿੱਤੀ। ਇਸੇ ਹੀ ਗੁਰਿਆਈ ਦਿਵਸ ਨੂੰ ਸਮਰਪਿਤ 9 ਜੂਨ 2014 ਦਿਨ ਸੋਮਵਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ੍ਰੀ ਅਖੰਡਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ 11 ਜੂਨ  ਬੁਧਵਾਰ ਨੂੰ ਪੈਣਗੇ। ਉਪਰੰਤ ਧਾਰਮਿਕ ਦੀਵਾਨ ਸੱਜਣਗੇ, ਜਿਸ ਵਿੱਚ ਪੰਥ ਪ੍ਰਸਿੱਧ ਰਾਗੀ, ਢਾਡੀ ਤੇ ਕਵੀਸਰੀ ਜਥਿਆਂ ਵੱਲੋਂ ਧੁਰ ਕੀ ਬਾਣੀ ਦੇ ਕੀਰਤਨ ਤੇ ਬੀਰ ਰਸੀ ਵਾਰਾਂ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ।ਇਸੇ ਦਿਨ ਸਵੇਰੇ 8.30 ਵਜੇ ਤੋਂ 12.00  ਵਜੇ ਤੀਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਅਤੇ ਗੁਰਦੁਆਰਾ ਬਾਬਾ ਅਟੱਲ ਰਾਇ ਸਾਹਿਬ ਵਿਖੇ ਜਲੌ ਸੱਜਣਗੇ। ਸ਼ਾਮ ਨੂੰ ‘ਦੀਪਮਾਲਾ’ ਹੋਵੇਗੀ ਤੇ ‘ਰਹਰਾਸਿ ਸਾਹਿਬ’ ਜੀ ਦੇ ਪਾਠ ਉਪਰੰਤ ਆਤਿਸ਼ਬਾਜੀ ਚਲਾਈ ਜਾਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਇਸੇ ਹੀ ਦਿਨ ਨੂੰ ਸਮਰਪਿਤ ਗੁਰਦੁਆਰਾ ਬੀਬੀ ਕੌਲਾ ਜੀ ਵਿਖੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ 11 ਜੂਨ 2014  ਬੁੱਧਵਾਰ ਨੂੰ ਸਵੇਰੇ 8.00 ਵਜੇ ਸ੍ਰੀ ਅਖੰਡਪਾਠ ਸਾਹਿਬ ਜੀ ਦੇ ਭੋਗ ਪੈਣਗੇ। ਸ਼ਾਮ 3.00 ਵਜੇ ਤੋਂ ਰਾਤ 11.00 ਵਜੇ ਤੀਕ ਗੁਰਮਤਿ ਸਮਾਗਮ ਹੋਵੇਗਾ ਜਿਸ ਵਿੱਚ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ ਤੇ ਸਿੰਘ ਸਾਹਿਬ ਗਿਆਨੀ ਰਵੇਲ ਸਿੰਘ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਹੋਰ ਸੰਤ ਮਹਾਂਪੁਰਸ਼ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਸਾਂਝੀਆਂ ਕਰਨਗੇ, ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸਤਿੰਦਰਬੀਰ ਸਿੰਘ, ਭਾਈ ਗੁਰਸ਼ਰਨ ਸਿੰਘ ਲੁਧਿਆਣਾ ਵਾਲੇ, ਭਾਈ ਗੁਰਇਕਬਾਲ ਸਿੰਘ ਬੀਬੀ ਕੌਲਾਂ ਜੀ ਭਲਾਈ ਕੇਂਦਰ ਵਾਲੇ, ਭਾਈ ਮਨਿੰਦਰ ਸਿੰਘ ਸ੍ਰੀ ਨਗਰ ਵਾਲੇ, ਭਾਈ ਤਰਜਿੰਦਰ ਸਿੰਘ ਅੰਮ੍ਰਿਤਸਰ ਸੰਗੀਤ ਸਭਾ ਆਦਿ ਜਥਿਆਂ ਵੱਲੋਂ ਇਲਾਹੀ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ। ਉਨ੍ਹਾਂ ਸਮੂਹ ਸੰਗਤਾਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਸੰਗਤਾਂ ਹੁੰਮ-ਹੁੰਮਾ ਕੇ ਗੁਰੂ ਘਰ ਪਹੁੰਚ ਕੇ ਜੀਵਨ ਸਫ਼ਲਾ ਕਰਨ।

Check Also

ਵਿਰਸਾ ਵਿਹਾਰ ’ਚ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਨੂੰ ਸਮਰਪਿਤ ਨਾਟਕ ‘1675’ ਦਾ ਮੰਚਣ

ਅੰਮ੍ਰਿਤਸਰ, 30 ਦਸੰਬਰ ( ਦੀਪ ਦਵਿੰਦਰ ਸਿੰਘ) – ਸੰਸਾਰ ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮਿ੍ਰਤਸਰ ਵਲੋਂ …

Leave a Reply