Saturday, July 4, 2026

ਜੰਮੂ-ਕਸ਼ਮੀਰ ਮੂਲ ਦੇ ਪਰਵਾਸੀ ਪੰਜਾਬੀ ਸਾਹਿਤਕਾਰ ਸੁਰਿੰਦਰ ਸੀਰਤ ਨਾਲ ਰੂ-ਬ-ਰੂ

ਅੰਮ੍ਰਿਤਸਰ, 28 ਦਸੰਬਰ (ਸੁਖਬੀਰ ਸਿੰਘ ਖੁਰਮਣੀਆ)- ਪੰਜਾਬੀ ਅਧਿਐਨ ਸਕੂਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਮ੍ਰਿਤਸਰ ਵਿਖੇ ਜੰਮੂ-ਕਸ਼ਮੀਰ ਮੂਲ ਦੇ ਪਰਵਾਸੀ ਪੰਜਾਬੀ ਸਾਹਿਤਕਾਰ ਸੁਰਿੰਦਰ ਸੀਰਤ ਨਾਲ ਰੂ-ਬ-ਰੂ ਸਮਾਗਮ ਕਰਵਾਇਆ ਗਿਆ।ਸੁਰਿੰਦਰ ਸੀਰਤ ਦੀਆਂ ਰਚਨਾਵਾਂ ਬਾਰੇ ਡਾ. ਦਰਿਆ ਦੁਆਰਾ ਸੰਪਾਦਿਤ ਪੁਸਤਕ ਸੁਰਿੰਦਰ ਸੀਰਤ ਸਿਰਜਣਾ ਅਤੇ ਸੰਵਾਦ ਨੂੰ ਲੋਕ ਅਰਪਿਤ ਕੀਤਾ ਗਿਆ। ਇਸ ਰੂ-ਬ-ਰੂ ਸਮਾਗਮ ਦੀ ਸ਼ੁਰੂਆਤ ਕਰਦਿਆਂ ਡਾ. ਦਰਿਆ ਦੁਆਰਾ ਸੁਰਿੰਦਰ ਸੀਰਤ ਦੇ ਜੀਵਨ ਅਤੇ ਉਹਨਾਂ ਦੀ ਰਚਨਾ ਪ੍ਰਕਿਰਿਆ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਗਈ।ਡਾ. ਰਮਿੰਦਰ ਕੌਰ ਮੁਖੀ ਪੰਜਾਬੀ ਅਧਿਐਨ ਸਕੂਲ ਨੇ ਸੁਰਿੰਦਰ ਸੀਰਤ ਦਾ ਵਿਭਾਗ ਵਿਚ ਆਉਣ ਤੇ ਸਵਾਗਤ ਕਰਦਿਆਂ ਕਿਹਾ ਕਿ ਪੰਜਾਬੀ ਅਧਿਐਨ ਸਕੂਲ ਦੀ ਇਕ ਅਮੀਰ ਪਰੰਪਰਾ ਹੈ ਕਿ ਨਾਮਵਰ ਸਾਹਿਤਕਾਰਾਂ ਨਾਲ ਸਮੇਂ ਸਮੇਂ ਰੂ-ਬ-ਰੂ ਕਰਵਾਏ ਜਾਂਦੇ ਹਨ।ਸ਼੍ਰੀ ਸੁਰਿੰਦਰ ਸੀਰਤ ਦੁਆਰਾ ਪਰਵਾਸੀ ਜੀਵਨ ਦੇ ਨਾਲ ਨਾਲ ਆਪਣੀਆਂ ਰਚਨਾਵਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਗਈ। ਉਹਨਾਂ ਆਪਣੀ ਰਚਨਾ ਪ੍ਰਕਿਰਿਆ ਬਾਰੇ ਦੱਸਦਿਆਂ ਕਿਹਾ ਕਿ ਉਹ ਸਮਕਾਲੀ ਯਥਾਰਥ ਨੂੰ ਆਤਮਸਾਤ ਕਰਕੇ ਆਪਣੇ ਅੰਤਰੀਵ ਅਨੁਸਾਰ ਹੀ ਸਿਰਜਣਾ ਕਰਦੇ ਹਨ।ਇਹੀ ਕਾਰਨ ਹੈ ਕਿ ਉਹਨਾਂ ਦੀਆਂ ਰਚਨਾਵਾਂ ਵਿਚ ਮਾਨਵੀ ਸਰੋਕਾਰ ਭਰਪੂਰ ਰੂਪ ਵਿਚ ਪੇਸ਼ ਹੁੰਦੇ ਹਨ।ਉਹਨਾਂ ਨੇ ਪਰਵਾਸੀ ਜੀਵਨ ਅਤੇ ਜੰਮੂ-ਕਸ਼ਮੀਰ ਦੇ ਧਰਾਤਲ ਦਾ ਆਪਣੀ ਸ਼ਾਇਰੀ ਵਿਚ ਸੁਮੇਲ ਕੀਤਾ ਹੈ।ਉਹਨਾਂ ਕਿਹਾ ਕਿ ਉਹ ਆਪਣੀਆਂ ਰਚਨਾਵਾਂ ਵਿਚ ਕਸ਼ਮੀਰੀਅਤ ਨੂੰ ਪੇਸ਼ ਕਰਨ ਵੱਲ ਵਿਸ਼ੇਸ਼ ਤਵੱਜੋ ਦਿੰਦੇ ਹਨ।ਇਸ ਮੌਕੇ ਉਹਨਾਂ ਵਿਦਿਆਰਥੀਆਂ ਨਾਲ ਭਰਵਾਂ ਸੰਵਾਦ ਵੀ ਰਚਾਇਆ।ਸੁਰਿੰਦਰ ਸੀਰਤ ਨਾਲ ਆਏ ਜੰਮੂ ਕਸ਼ਮੀਰ ਦੇ ਨਾਮਵਰ ਸਾਹਿਤਕਾਰਾਂ ਸ਼੍ਰੀ ਕੰਵਲ ਕਸ਼ਮੀਰੀ, ਬਲਜੀਤ ਰੈਣਾ, ਡਾ. ਮੋਨੋਜੀਤ, ਇੱਛੂਪਾਲ, ਜੋਗਿੰਦਰ ਸਿੰਘ ਪਾਂਧੀ ਅਤੇ ਅਜੀਤ ਸਿੰਘ ਮਸਤਾਨਾ ਨੇ ਵੀ ਜੰਮੂ-ਕਸ਼ਮੀਰ ਦੇ ਪੰਜਾਬੀ ਸਾਹਿਤ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।ਵਿਭਾਗ ਦੇ ਪ੍ਰੋਫੈਸਰ ਡਾ. ਸੁਖਦੇਵ ਸਿੰਘ ਖਾਹਰਾ, ਡਾ. ਹਰਿਭਜਨ ਸਿੰਘ ਭਾਟੀਆ, ਡਾ. ਸੁਹਿੰਦਰਬੀਰ ਅਤੇ ਡਾ. ਬਲਜੀਤ ਕੌਰ ਰਿਆੜ ਨੇ ਵੀ ਸੁਰਿੰਦਰ ਸੀਰਤ ਦੀਆਂ ਰਚਨਾਵਾਂ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਮੌਕੇ ਵਿਭਾਗ ਦੇ ਸਮੂਹ ਖੋਜ-ਵਿਦਿਆਰਥੀ ਅਤੇ ਵਿਦਿਆਰਥੀ ਹਾਜ਼ਿਰ ਸਨ।

Check Also

ਸਵ. ਜਤਿੰਦਰ ਬਰਾੜ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਨਿਰਦੇਸ਼ਿਤ ਕੀਤਾ ਨਾਟਕ ‘ਕੁਦੇਸਣ’ ਦਾ ਸਫ਼ਲ ਮੰਚਣ

ਅੰਮ੍ਰਿਤਸਰ, 3 ਜੁਲਾਈ (ਦੀਪ ਦਵਿੰਦਰ ਸਿੰਘ ) – ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਅਤੇ ਵਿਰਸਾ …

Leave a Reply