Friday, March 20, 2026

ਅੰਮ੍ਰਿਤਸਰ ਪੁੱਜੇ ਸਰਦਾਰ ਸਾਹਿਬ ਫਿਲ਼ਮ `ਚ ਕੰਮ ਕਰਨ ਵਾਲੇ ਬਾਲੀਵੁਡ ਐਕਟਰ ਜੈਕੀ ਸ਼ਰਾਫ

ppn0301201730
ਅੰਮ੍ਰਿਤਸਰ, 3 ਜਨਵਰੀ (ਸੁਖਬੀਰ ਸਿੰਘ)- 6 ਜਨਵਰੀ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫਿਲਮ ‘ਸਰਦਾਰ ਸਾਹਿਬ’ ਦੀ ਪ੍ਰਮੋਸ਼ਨ ਦੇ ਸਬੰਧ ਵਿੱਚ ਗੁਰੂ ਨਗਰੀ ਪਹੁੰਚੇ 200 ਤੋਂ ਵਧੇਰੇ ਫਿਲਮਾਂ ਵਿੱਚ ਅਭਿਨੈ ਕਰਕੇ ਆਪਣੀ ਕਲਾ ਦਾ ਲੋਹਾ ਮਨਾਉਣ ਵਾਲੇ ਫਿਲਮ ਅਭਿਨੇਤਾ ਜੈਕੀ ਸ਼ਰਾਫ ਉਰਫ ਜੱਗੂ ਦਾਦਾ ਨੇ ਕਿਹਾ ਕਿ ਪੰਜਾਬੀ ਫਿਲਮਾਂ ਦਾ ਭਵਿੱਖ ਬੜਾ ਉਜਵਲ ਹੈ ਅਤੇ ਪੰਜਾਬੀ ਫਿਲਮ ਸਨਅਤ ਤੇਜੀ ਨਾਲ ਵਿਕਾਸ ਕਰ ਰਹੀ ਹੈ।ਫਿਲਮ ਵਿੱਚ ਨਿਭਾਈ ਗਈ ਭੂਮਿਕਾ ਬਾਰੇ ਉਨ੍ਹਾਂ ਦੱਸਿਆ ਕਿ ਉਹ ਤਾਂ ਡਾਇਰੈਕਟਰ ਦੇ ਇਸ਼ਾਰਿਆਂ ਤੇ ਨੱਚਦੇ ਹਨ, ਜਦਕਿ ਉਨਾਂ ਦੇ ਚਾਹਵਾਨਾਂ `ਤੇ ਸ਼ੁਭਚਿੰਤਕਾਂ ਨੇ ਵੱਡਾ ਮਾਨ ਸਨਮਾਨ ਦਿਤਾ ਹੈ।ਪੰਜਾਬ ਅਤੇ ਪੰਜਾਬੀ ਨਾਲ ਰਿਸ਼ਤੇ ਦੀ ਗੱਲ ਕਰਦਿਆਂ ਜੱਗੂ ਦਾਦਾ ਨੇ ਕਿਹਾ ਕਿ ਪੰਜਾਬੀਆਂ ਦਾ ਪਿਆਰ ਮਿੱਟੀ ਦੀ ਮਹਿਕ ਉਨਾਂ ਨੂੰ ਪੰਜਾਬੀ ਫਿਲਮਾਂ ਵਿੱਚ ਅਦਾਕਾਰੀ ਲਈ ਖਿੱਚ ਲਿਆਉਂਦੀ ਹੈ।ਨੋਟਬੰਦੀ ਬਾਰੇ ਪੁੱਛੇ ਸਵਾਲ `ਤੇ ਜੈਕੀ ਸ਼ਰਾਫ ਨੇ ਕਿਹਾ ਕਿ ਜਿੰਨਾਂ ਨੇ ਫੈਸਲਾ ਲਿਆ ਹੈ, ਉਹ ਠੀਕ ਹੀ ਹੋਵੇਗਾ ਪਰ ਇਸ ਬਾਰੇ ਜਿਆਦਾ ਦੇਸ਼ ਦੀ ਆਮ ਜਨਤਾ ਹੀ ਬਿਹਤਰ ਦੱਸ ਸਕਦੀ ਹੈ।
ਪ੍ਰੈਸ ਕਾਨਫਰੰਸ ਵਿੱਚ ਮੌਜੂਦ ਪੰਜਾਬੀ ਫਿਲਮਾਂ ਵਿੱਚ ਅਹਿਮ ਸਥਾਨ ਹਾਸਲ ਕਰ ਚੁੱਕੇ ਕਲਾਕਾਰ ਗੁੱਗੂ ਗਿੱਲ ਨੇ ਕਿਹਾ ਕਿ ਕੋਈ ਸਮਾਂ ਸੀ ਜਦ 25-30 ਲੱਖ ਵਿੱਚ ਪੰਜਾਬੀ ਫਿਲਮ ਤਿਆਰ ਹੋ ਜਾਂਦੀ ਸੀ ਪਰ ਹੁਣ ਦਰਸ਼ਕਾਂ ਵਲੋਂ ਮਿਲ ਰਹੇ ਹੁੰਗਾਰੇ ਕਾਰਣ ਕਾਰੋਬਾਰ ਵਧਿਆ ਹੈ ਅਤੇ ਕਮਾਈ ਨੂੰ ਦੇਖਦਿਆਂ ਬੱਜ਼ਟ ਕਰੋੜਾਂ ਦਾ ਹੋ ਗਿਆ ਹੈ। ਉਨਾਂ ਮੁਸਕਰਾਉਂਦਿਆਂ ਕਿਹਾ ਕਿ ਜਿਆਦਾ ਕਮਾਈ ਹੋਣਾ ਕਲਾਕਾਰਾਂ ਲਈ ਚੰਗੀ ਗੱਲ ਹੈ, ਜਿਸ ਨਾਲ ਉਨਾਂ ਦਾ ਮਿਹਨਤਾਨਾ ਵੀ ਵਧ ਸਕਦਾ ਹੈ।ਫਿਲਮ ਦੀ ਕਹਾਣੀ ਬਾਰੇ ਗੁੱਗੂ ਗਿਲ ਨੇ ਕਿਹਾ ਕਿ ਉਨਾਂ ਦਾ ਰੋਲ ਛੋਟੇ ਭਰਾ ਦਾ ਹੈ, ਜਿਸ ਦੀਆਂ ਨਾਸਮਝੀ ਵਾਲੀਆਂ ਹਰਕਤਾਂ ਨੂੰ ਦੇਖਦਿਆਂ ਠੰਡੇ ਸੁਭਾਅ ਵਾਲੇ ਵੱਡੇ ਭਰਾ ਦਾ ਰੋਲ ਨਿਭਾਅ ਰਹੇ ਜੱਗੂ ਦਾਦਾ ਉਨਾਂ ਨੂੰ ਹਮੇਸ਼ਾਂ ਸਮਝਾਉਂਦੇ ਰਹਿੰਦੇ ਹਨ।ਪੰਜਾਬ ਸਰਕਾਰ ਵਲੋਂ ਮਲਟੀਪਲੈਕਸਾਂ ਵਿੱਚ ਪੰਜਾਬੀ ਫਿਲਮ ਦਿਖਾਉਣ ਦੇ ਫੈਸਲੇ ਦਾ ਸਵਾਗਤ ਕਰਦਿਆਂ ਉਨਾਂ ਕਿਹਾ ਕਿ ਇਹ ਚੰਗੀ ਗੱਲ ਹੈ, ਫਿਲਮੀ ਡਾਇਰੈਕਟਰਾਂ ਨੂੰ ਇਸ ਦਾ ਲਾਭ ਹੋਵੇਗਾ।
ਆਪਣੀ ਪਹਿਲੀ ਫਿਲਮ ਸਰਦਾਰ ਸਾਹਿਬ ਦੇ ਹੀਰੋ ਦਿਲਜੀਤ ਕਲਸੀ ਨੇ ਦੱਸਿਆ ਕਿ ਉਹ ਅਟਾਰੀ ਸਰਹੱਦ ਨੇੜਲੇ ਪਿੰਡ ਦਾ ਜੰਮਪਾਲ ਹੈ ਅਤੇ ਕੈਰੀਅਰ ਸ਼ੁਰੂ ਕਰਨ ਸਮੇਂ ਫਿਲਮੀ ਡਾਇਰੈਕਟਰ ਬਣਨਾ ਚਹੁੰਦਾ ਸੀ, ਪਰ ਗੁਰਮੀਤ ਸਿੰਘ ਤੇ ਕਰਾਂਤੀ ਸ਼ਾਨਬਾਗ ਵਰਗੇ ਯਾਰਾਂ ਦੋਸਤਾਂ ਦੇ ਚੱਕਰ `ਚ ਹੀਰੋ ਬਣ ਗਿਆ ਅਤੇ ਉਘੇ ਗਾਇਕ ਮੀਕਾ ਸਿੰਘ ਦੀ ਪੇਸ਼ਕਸ਼ ਸਰਦਾਰ ਸਾਬ ਵਿੱਚ ਨਾਮਵਰ ਬਾਲੀਵੁੱਡ ਕਲਾਕਾਰ ਜੈਕੀ ਸ਼ਰਾਫ, ਗੁੱਗੂ ਗਿਲ, ਸਰਦਾਰ ਸੋਹੀ ਆਦਿ ਨਾਲ ਕੰਮ ਕਰਨ ਦਾ ਮੌਕਾ ਮਿਲਿਆ।
ਫਿਲਮ ਦੇ ਨਿਰਦੇਸ਼ਕ ਅਮਿਤ ਪ੍ਰਾਸ਼ਰ ਨੇ ਦੱਸਿਆ ਕਿ ਆਲ ਟਾਈਮ ਮੂਵੀਜ਼ ਪ੍ਰਾਈਵੇਟ ਲਿਮ. ਦੇ ਬੈਨਰ ਹੇਠ ਬਣੀ ਇਹ ਫਿਲਮ ਤਾਮਿਲ ਭਾਸ਼ਾ ਦੀ ਬਹੁਚਰਚਿਤ ਫਿਲਮ ਥਲਾਈਵਾ ਦਾ ਅਧਿਕਾਰਤ ਰੀਮੇਕ ਹੈ, ਜਿਸ ਨੂੰ ਪੰਜਾਬੀ ਫਿਲਮ ਮੁਤਾਬਿਕ ਤਬਦੀਲ ਕੀਤਾ ਗਿਆ ਹੈ।ਉਨਾਂ ਦੱਸਿਆ ਕਿ ਖੂਬਸੂਰਤ ਅਦਾਕਾਰਾ ਨੀਤੂ ਸਿੰਘ ਫਿਲਮ ਦੀ ਹੀਰੋਇਨ ਹੈ।ਅਮਿਤ ਪ੍ਰਾਸ਼ਰ ਨੇ ਕਿਹਾ ਕਿ ਫਿਲਮ ਦੋ ਟਰਾਂਸਪੋਰਟ ਭਰਾਵਾਂ ਦੇ ਦੁਆਲੇ ਘੁੰਮਦੀ ਹੈ ਅਤੇ ਟਰਾਂਸਪੋਰਟਰਾਂ, ਸਿਆਸਤ, ਪਲਿਸ ਤੇ ਗੁੰਡਾਅਨਸਰਾਂ ਦੇ ਕਿਰਦਾਰਾਂ ਨੂੰ ਨੰਗਾ ਕਰਦੀ ਹੈ, ਜੋ ਸਮਾਜ ਸੇਵਾ ਦੇ ਨਾਮ `ਤੇ ਲੋਕਾਂ ਨਾਲ ਧੋਖਾ ਕਰਦੇ ਹਨ।ਉਨਾਂ ਕਿਹਾ ਕਿ ਜ਼ੇਜ਼ੀ ਬੀ ਵਲੋਂ ਗਾਇਆ ਗਾਣਾ ਗੋਬਿੰਦ ਦੇ ਸਰਦਾਰ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਫਿਲਮ ਨੂੰ ਵੀ ਪੰਜਾਬੀਆਂ ਦੇ ਚੰਗੇ ਹੁੰਗਾਰੇ ਦੀ ਉਮੀਦ ਹੈ।ਪ੍ਰੈਸ ਕਾਨਫਰੰਸ ਉਪਰੰਤ ਫਿਲਮ ਦੀ ਸਟਾਰ ਕਾਸਟ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਈ ਅਤੇ ਫਿਲਮ ਦੀ ਸਫਲਤਾ ਲਈ ਕਾਮਨਾ ਕੀਤੀ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply