ਨਿਆਂ ਪ੍ਰਕਿਰਿਆ `ਚ ਤੇਜ਼ੀ ਲਈ 100 ਨਵੇਂ ਜੱਜਾਂ ਦੀਆਂ ਨਿਯੁਕਤੀਆਂ ਜਲਦ- ਜਸਟਿਸ ਮਾਨ
ਪੱਟੀ (ਤਰਨ ਤਾਰਨ), 21 ਜਨਵਰੀ (ਅਵਤਾਰ ਸਿੰਘ ਢਿਲੋਂ) – ਪੱਟੀ ਲਈ ਉਦੋਂ ਅੱਜ ਦਾ ਦਿਨ ਇਤਿਹਾਸਕ ਹੋ ਨਿੱਬੜਿਆ ਜਦੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਮਾਨਯੋਗ ਜੱਜ ਅਤੇ ਬਿਲਡਿੰਗ ਕਮੇਟੀ ਪੰਜਾਬ ਦੇ ਚੇਅਰਮੈਨ ਜਸਟਿਸ ਟੀ. ਪੀ ਐਸ ਮਾਨ ਨੇ ਹਾਈਕੋਰਟ ਦੇ ਜੱਜ ਅਤੇ ਸੈਸ਼ਨ ਡਵੀਜ਼ਨ ਤਰਨ ਤਾਰਨ ਦੇ ਪ੍ਰਸ਼ਾਸਕੀ ਜੱਜ ਜਸਟਿਸ ਹਰੀ ਪਾਲ ਵਰਮਾ ਦੀ ਹਾਜ਼ਰੀ ਵਿਚ ਇਥੇ ਨਿਆਂਇਕ ਕੋਰਟ ਕੰਪਲੈਕਸ ਦਾ ਨੀਂਹ ਪੱਥਰ ਰੱਖਿਆ।

ਇਸ ਮੌਕੇ ਉਨਾਂ ਕਿਹਾ ਕਿ 8 ਏਕੜ ਵਿਚ ਕਰੀਬ 16 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਇਸ ਦੋ ਮੰਜ਼ਿਲਾ ਆਲੀਸ਼ਾਨ ਕੰਪਲੈਕਸ ਦੇ ਬਣਨ ਨਾਲ ਪੱਟੀ ਸਬ ਡਵੀਜਨ ਦੇ ਲੋਕਾਂ ਨੂੰ ਇਕੋ ਛੱਤ ਹੇਠਾਂ ਸਾਰੀਆਂ ਨਿਆਂਇਕ ਸਹੂਲਤਾਂ ਬਿਨਾਂ ਕਿਸੇ ਖੱਜਲ-ਖੁਆਰੀ ਦੇ ਮਿਲਣਗੀਆਂ। ਉਨਾਂ ਦੱਸਿਆ ਕਿ ਕੋਰਟ ਕੰਪਲੈਕਸ ਦੀ ਉਸਾਰੀ ਲਈ ਕੰਮ ਅਲਾਟ ਕਰ ਦਿੱਤਾ ਗਿਆ ਹੈ ਅਤੇ ਇਹ ਕੰਮ ਇਕ ਸਾਲ ਦੇ ਅੰਦਰ-ਅੰਦਰ ਮੁਕੰਮਲ ਹੋ ਜਾਵੇਗਾ।
ਜਸਟਿਸ ਟੀ. ਪੀ. ਐਸ ਮਾਨ ਨੇ ਕਿਹਾ ਕਿ ਕੰਪਲੈਕਸ ਵਿਚ 4 ਨਿਆਂਇਕ ਅਦਾਲਤਾਂ, ਜੱਜਾਂ ਦੀ ਲਾਇਬ੍ਰੇਰੀ, ਕਾਨਫਰੰਸ ਹਾਲ, ਬਾਰ ਰੂਮ, ਏ. ਡੀ. ਏ ਰੂਮ, ਜੁਡੀਸ਼ੀਅਲ ਸਰਵਿਸ ਸੈਂਟਰ, ਨਾਜ਼ਰ ਰੂਮ ਅਤੇ ਦੁਕਾਨਾਂ ਆਦਿ ਬਣਾਈਆਂ ਜਾਣਗੀਆਂ। ਉਨਾਂ ਦੱਸਿਆ ਕਿ ਜੱਜਾਂ ਦੀ ਰਿਹਾਇਸ਼ ਲਈ 4 ਰਿਹਾਇਸ਼ੀ ਫਲੈਟਾਂ ਤੋਂ ਇਲਾਵਾ ਇਥੇ ਵਕੀਲਾਂ ਲਈ 60 ਚੈਂਬਰ ਵੀ ਬਣਾਏ ਜਾਣਗੇ। ਪੱਤਰਕਾਰਾਂ ਵੱਲੋਂ ਨਿਆਂ ਮਿਲਣ ਵਿਚ ਹੋ ਰਹੀ ਦੇਰੀ ਬਾਰੇ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਉਨਾਂ ਕਿਹਾ ਕਿ ਕੇਸਾਂ ਦੇ ਤੇਜ਼ੀ ਨਾਲ ਵਧਣ ਕਾਰਨ ਨਿਆਂ ਮਿਲਣ ਵਿਚ ਦੇਰੀ ਹੋ ਰਹੀ ਹੈ। ਉਨਾਂ ਕਿਹਾ ਕਿ ਨਿਆਂ ਪ੍ਰਕਿਰਿਆ `ਚ ਤੇਜ਼ੀ ਲਈ ਨਵੇਂ ਜੱਜ ਨਿਯੁਕਤ ਕੀਤੇ ਗਏ ਹਨ ਅਤੇ ਜਲਦ ਹੀ 100 ਹੋਰ ਨਵੇਂ ਜੱਜ ਲਗਾਏ ਜਾ ਰਹੇ ਹਨ। ਉਨਾਂ ਕਿਹਾ ਕਿ ਨਿਆਂ ਮਿਲਣ ਵਿਚ ਦੇਰੀ ਦਾ ਇਕ ਹੋਰ ਕਾਰਨ ਇਹ ਵੀ ਹੈ ਕਿ ਛੋਟੇ-ਮੋਟੇ ਕੇਸਾਂ ਲਈ ਵੀ ਲੋਕ ਕੇਵਲ ਕਚਹਿਰੀ ਵਿਚ ਹੀ ਮਦਦ ਦੀ ਆਸ ਰੱਖਦੇ ਹਨ ਜਦਕਿ ਅਸਲ ਕੇਸਾਂ ਵਿਚ ਇਨਸਾਫ ਬਹੁਤ ਜਲਦੀ ਮਿਲ ਰਿਹਾ ਹੈ। ਉਨਾਂ ਕਿਹਾ ਕਿ ਕੁਝ ਇਕ ਨੂੰ ਛੱਡ ਕੇ ਪੰਜਾਬ ਦੇ ਲੱਗਭਗ ਸਾਰੇ ਜ਼ਿਲਿਆਂ ਵਿਚ ਵਧੀਆ ਨਿਆਂਇਕ ਕੰਪਲੈਕਸਾਂ ਦਾ ਨਿਰਮਾਣ ਕੀਤਾ ਗਿਆ ਹੈ।
ਜਸਟਿਸ ਹਰੀ ਪਾਲ ਵਰਮਾ ਨੇ ਇਸ ਕੰਪਲੈਕਸ ਦੇ ਨੀਂਹ ਪੱਥਰ ਨੂੰ ਪੱਟੀ ਵਾਸੀਆਂ ਲਈ ਨਵੇਂ ਸਾਲ ਦਾ ਤੋਹਫ਼ਾ ਕਰਾਰ ਦਿੱਤਾ। ਉਨਾਂ ਕਿਹਾ ਕਿ ਕਚਹਿਰੀ ਕੰਪਲੈਕਸ ਦੀ ਪੁਰਾਣੀ ਇਮਾਰਤ ਵਿਚ ਨਿਆਂਇਕ ਅਧਿਕਾਰੀਆਂ ਅਤੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਆਉਂਦੀਆਂ ਹਨ, ਜਿਨਾਂ ਦਾ ਹੁਣ ਅੰਤ ਹੋ ਜਾਵੇਗਾ ਅਤੇ ਪੱਟੀ ਵਾਸੀਆਂ ਨੂੰ ਸੁਖਾਵਾਂ ਤੇ ਵਧੀਆ ਨਿਆਂ ਮਿਲਣਾ ਸ਼ੁਰੂ ਹੋ ਜਾਵੇਗਾ। ਇਸ ਮੌਕੇ ਮਾਨਯੋਗ ਜੱਜਾਂ ਵੱਲੋਂ ਪੌਦੇ ਵੀ ਲਗਾਏ ਗਏ।
ਸਮਾਗਮ ਦੀ ਸ਼ੁਰੂਆਤ ਸਰਸਵਤੀ ਵੰਦਨਾ ਅਤੇ ਸ਼ਬਦ ਨਾਲ ਹੋਈ। ਇਸ ਤੋਂ ਬਾਅਦ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਹੋਇਆ ਜਿਸ ਵਿਚ ਗਿੱਧੇ-ਭੰਗੜੇ ਦੀਆਂ ਧਮਾਲਾਂ ਤੋਂ ਇਲਾਵਾ ਮਾਰਸ਼ਲ ਆਰਟ ਗਤਕੇ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ ਅਤੇ ਮਾਨਯੋਗ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜ਼ਿਲਾ ਤੇ ਸੈਸ਼ਨ ਜੱਜ ਤਰਨ ਤਾਰਨ ਸ੍ਰੀ ਅਮਰਿੰਦਰ ਸਿੰਘ ਗਰੇਵਾਲ, ਜ਼ਿਲਾ ਤੇ ਸੈਸ਼ਨ ਜੱਜ ਅੰਮ੍ਰਿਤਸਰ ਸ. ਗੁਰਬੀਰ ਸਿੰਘ, ਡਿਪਟੀ ਕਮਿਸ਼ਨਰ ਤਰਨ ਤਾਰਨ ਇੰਜੀਨੀਅਰ ਡੀ. ਪੀ. ਐਸ ਖਰਬੰਦਾ, ਸ੍ਰੀ ਸੁਮਿਤ ਮਲਹੋਤਰਾ, ਸ੍ਰੀ ਐਸ. ਪੀ ਸੂਦ, ਸ੍ਰੀ ਦਰਬਾਰੀ ਲਾਲ, ਸ੍ਰੀ ਅਮਰਿੰਦਰ ਸ਼ੇਰਗਿੱਲ ਤੇ ਸ੍ਰੀ ਐਚ. ਪੀ ਸਿੰਘ (ਸਾਰੇ ਵਧੀਕ ਸੈਸ਼ਨ ਜੱਜ), ਸੀ. ਜੇ. ਐਮ ਰਾਣਾ ਕੰਵਰਦੀਪ ਕੌਰ ਤੇ ਸ੍ਰੀ ਰਮਨ ਸ਼ਰਮਾ, ਜੇ. ਐਮ. ਆਈ. ਸੀ ਸੁਚੇਤਾ ਅਸ਼ੀਸ਼ ਦੇਵ, ਏ. ਸੀ. ਜੇ. ਐਮ ਸ੍ਰੀ ਆਰ. ਕੇ ਵਸ਼ਿਸ਼ਟ, ਐਸ. ਡੀ. ਐਮ ਪੱਟੀ ਸ੍ਰੀ ਰਜਤ ਓਬਰਾਏ, ਬਾਰ ਐਸੋਸੀਏਸ਼ਨ ਪੱਟੀ ਦੇ ਪ੍ਰਧਾਨ ਸ. ਪ੍ਰੀਤਮ ਸਿੰਘ ਭੁੱਲਰ, ਸਕੱਤਰ ਐਚ. ਪੀ. ਐਸ ਰਾੜੀਆ, ਮੋਹਿਤ ਕੁਮਾਰ ਆਸਰਾ, ਐਡਵੋਕੇਟ ਦੀਪਕ ਅਰੋੜਾ, ਐਡਵੋਕੇਟ ਅਮਰਜੀਤ ਸਿੰਘ ਪੱਟੀ, ਐਡਵੋਕੇਟ ਗੁਰਮੀਤ ਸਿੰਘ ਤੋਂ ਇਲਾਵਾ ਪੱਟੀ, ਖਡੂਰ ਸਾਹਿਬ ਤੇ ਤਰਨ ਤਾਰਨ ਦੇ ਨਿਆਂਇਕ ਅਧਿਕਾਰੀ ਅਤੇ ਪੱਟੀ ਦੀਆਂ ਅਹਿਮ ਸ਼ਖਸੀਅਤਾਂ ਹਾਜ਼ਰ ਸਨ। ਸਟੇਜ ਦਾ ਸੰਚਾਲਨ ਐਡਵੋਕੇਟ ਸ਼ੁਕਰਗੁਜਾਰ ਸਿੰਘ ਵੱਲੋਂ ਬਾਖੂਬੀ ਕੀਤਾ ਗਿਆ।
Punjab Post Daily Online Newspaper & Print Media