Monday, July 8, 2024

ਪੰਜਾਬੀ ਸਾਹਿਤ ਸਭਾ ਸਮਰਾਲਾ ਦੀ ਇਕੱਤਰਤਾ ਵਿੱਚ ਚੱਲਿਆ ਰਚਨਾਵਾਂ ਦਾ ਦੌਰ

ਕਹਾਣੀਕਾਰ ਸੰਦੀਪ ਤਿਵਾੜੀ ਦੀ ਕਹਾਣੀ ‘ਕੋਠੇ’  ਬਣੀ ਖਿੱਚ ਦਾ ਕੇਂਦਰ

PPN2101201702
ਸਮਰਾਲਾ 21 ਜਨਵਰੀ (ਪੰਜਾਬ ਪੋਸਟ-ਬਲਬੀਰ ਬੱਬੀ)- ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਦੀ ਮਹੀਨਾਵਾਰ ਇਕੱਤਰਤਾ ਸਰਕਾਰੀ ਸੀਨੀ: ਸੈਕੰ: ਸਕੂਲ (ਲੜਕੇ) ਸਮਰਾਲਾ ਵਿਖੇ ਸਾਹਿਤ ਸਭਾ ਦੇ ਪ੍ਰਮੁੱਖ ਸਲਾਹਕਾਰ ਕਹਾਣੀਕਾਰ ਸੁਖਜੀਤ ਦੀ ਪ੍ਰਧਾਨਗੀ ਹੇਠ ਹੋਈ।ਸਭ ਤੋਂ ਪਹਿਲਾਂ ਸਾਲ ਦੀ ਪਹਿਲੀ ਇਕੱਤਰਤਾ ’ਤੇ ਹਾਜ਼ਰ ਲੇਖਕਾਂ ਅਤੇ ਬੁੱਧੀਜੀਵੀਆਂ ਨੂੰ ਨਵੇਂ ਸਾਲ ਦੀ ਮੁਬਾਕਰਬਾਦ ਦਿੱਤੀ ਗਈ ਅਤੇ ਕੈਨੇਡਾ ਤੋਂ ਉਚੇਚੇ ਤੌਰ ’ਤੇ ਪਹੁੰਚੇ ਲੇਖਕ ਸੁਖਵਿੰਦਰ ਸਿੰਘ ਰਾਮਪੁਰੀ ਨੂੰ ਉਨ੍ਹਾਂ ਦੇ ਪੋਤਰੇ ਜਸਕਰਨ ਸਿੰਘ ਦੇ ਵਿਆਹ ਦੀ ਵਧਾਈ ਦਿੱਤੀ ਗਈ ਅਤੇ ਸਭਾ ਵੱਲੋਂ ਜੀ ਆਇਆ ਨੂੰ ਆਖਿਆ ਗਿਆ। ਇੱਕ ਸ਼ੋਕ ਮਤੇ ਰਾਹੀਂ ਪੰਜਾਬੀ ਸਾਹਿਤ ਸਭਾ ਸਮਰਾਲਾ ਦੇ ਲੀਗਲ ਐਡਵਾਈਜਰ ਐਡਵੋਕੇਟ ਨਰਿੰਦਰ ਸ਼ਰਮਾ ਦੇ ਭਰਾ ਭੁਪਿੰਦਰ ਕੁਮਾਰ ਸ਼ਰਮਾ, ਲੇਖਕ ਸੁਰਜੀਤ ਮਾਨ ਅਤੇ ਫਿਲਮੀ ਅਦਾਕਾਰ ਓਮਪੁਰੀ ਦੇ ਅਕਾਲ ਚਲਾਣੇ ’ਤੇ ਸਰਧਾਂਜਲੀ ਭੇਟ ਕੀਤੀ ਗਈ।
ਉਪਰੰਤ ਰਚਨਾਵਾਂ ਦਾ ਦੌਰ ਲਾਭ ਸਿੰਘ ਬੇਗੋਵਾਲ ਦੀ ਖੂਬਸੂਰਤ ਗ਼ਜ਼ਲ ‘‘ਕਿਥੋ ਲੱਭਾ ਪਿਆਰ ਤੇਰੇ ਸ਼ਹਿਰ ਵਿੱਚ, ਮਿਲਿਆ ਨਾ ਦਿਲਦਾਰ ਤੇਰੇ ਸ਼ਹਿਰ ਵਿੱਚ’’, ਨਾਲ ਕੀਤਾ ਗਿਆ। ਜਿਸਨੂੰ ਸਰੋਤਿਆਂ ਵੱਲੋਂ ਭਰਪੂਰ ਦਾਤ ਦਿੱਤੀ ਗਈ।  ਨੌਜਵਾਨ ਕਹਾਣੀਕਾਰ ਸੰਦੀਪ ਤਿਵਾੜੀ ਨੇ ਕਾਰਪੋਰੇਟ ਘਰਾਣਿਆਾਂ ਦੇ ਪਾਜ ਉਧੇੜਦੀ ਵੱਡੀ ਕਹਾਣੀ ‘‘ਕੋਠੇ’’ ਸੁਣਾਈ। ਕਿਸ ਤਰ੍ਹਾਂ ਕਾਰਪੋਰੇਟ ਘਰਾਣੇ ਵੱਡੀਆਂ ਵੱਡੀਆਂ ਇਮਾਰਤਾਂ ਵਿੱਚ ਆਪਣੇ ਦਫਤਰ ਖੋਲ ਕੇ ਅੱਜਕੱਲ ਦੀ ਨੌਜਵਾਨੀ ਦਾ ਸੋਸ਼ਣ ਕਰਦੇ ਹਨ। ਜਿਸ ਨੂੰ ਹਾਜ਼ਰ ਲੇਖਕਾਂ ਨੇ ਪੰਜਾਬੀ ਸਾਹਿਤ ਸਭਾ ਦੀ ਪ੍ਰਾਪਤੀ ਕਿਹਾ ਅਤੇ ਇਸ ਨੌਜਵਾਨ ਕਹਾਣੀਕਾਰ ਤੋਂ ਭਵਿੱਖ ਵਿੱਚ ਹੋਰ ਵੀ ਵਧੀਆ ਕਹਾਣੀਆਂ ਦੀ ਆਸ ਜਤਾਈ।
ਅਮਰਿੰਦਰ ਸਿੰਘ ਸੋਹਲ ਨੇ ਕਵਿਤਾ ‘‘ਹਰ ਬੇਦਾਵਾ ਪਾੜ ਨਹੀਂ ਹੁੰਦਾ’’, ਮਨਜੀਤ ਘਣਗਸ ਨੇ ਗੀਤ ‘‘ਨਵੀਂ ਸਵੇਰ ਆਪਾਂ ਹੀ ਲਿਆਉਣੀ ਆਂ’’ ਤਰੰਨਮ ਵਿੱਚ ਪੇਸ਼ ਕੀਤਾ ਜੋ ਸਭ ਦੇ ਦਿਲਾਂ ਤੇ ਛਾ ਗਿਆ, ਸੁਖਵਿੰਦਰ ਸਿੰਘ ਰਾਮਪੁਰੀ ਨੇ ਕਵਿਤਾ ‘‘ਪੈਰੋਲ ’ਤੇ ਆਈ ਹੋਈ ਕਵਿਤਾ’’ ਸੁਣਾਈ। ਬਲਵਿੰਦਰ ਸਿੰਘ ਬੱਲ ਮਾਛੀਵਾੜਾ ਨੇ ਕਵਿਤਾ ‘‘ਇੱਕ ਮੌਕਾ ਹੋਰ’’, ਸੁਰਿੰਦਰ ਰਾਮਪੁਰੀ ਨੇ ਕਵਿਤਾ ‘‘ਮਨ ਤੀਕ ਮੰਡੀ’’ ਸੁਣਾਈ, ਬਲਵੰਤ ਸਿੰਘ ਮਾਂਗਟ ਨੇ ਕਵਿਤਾ ‘‘ਸ਼ੀਸ਼ੇ’’ ਪੇਸ਼ ਕੀਤੀ, ਬਲਬੀਰ ਸਿੰਘ ਬੱਬੀ ਨੇ ਆਪਣੀ ਗ਼ਜ਼ਲ ‘‘ਗੱਲ ਤਾਂ ਕੋਈ ਜ਼ਰੂਰ ਹੈ’’, ਨੇਤਰ ਸਿੰਘ ਮੁੱਤਿਓਂ ਨੇ ਮਿੰਨੀ ਕਹਾਣੀ ‘‘ਅਸੀਸ’’, ਸ੍ਰੋਮਣੀ ਬਾਲ ਸਾਹਿਤਕਾਰ ਕਮਲਜੀਤ ਸਿੰਘ ਨੀਲੋਂ ਨੇ ਗੀਤ ‘‘ਚਿੜੀਆਂ ਗੱਲਾਂ ਕਰਦੀਆਂ ਨੇ’’ ਅਤੇ ਇੱਕ ਕਹਾਣੀ ‘‘ਆਲ੍ਹਣਾ’’ ਵੀ ਸੁਣਾਈ। ਗੁਰਦਿਆਲ ਦਲਾਲ ਨੇ ਹਰਬੰਸ ਸਿੰਘ ਅਖਾੜਾ ਦੀ ਕਹਾਣੀ ’ਤੇ ਅਧਾਰਿਤ ਇੱਕ ਨਾਟਕੀ ਰੂਪਾਂਤਰ ‘‘ਕੜਮੱਤਾਂ’’ ਪੇਸ਼ ਕੀਤਾ। ਨਵਜੀਤ ਘਣਗਸ ਨੇ ਕੁੱਝ ਅਨਮੋਲ ਕਥਨ ਹਾਜ਼ਰੀਨ ਨਾਲ ਸਾਂਝੇ ਕੀਤੇ।ਇਸ ਮੌਕੇ ਉਪਰੋਕਤ ਤੋਂ ਇਲਾਵਾ ਕਹਾਣੀਕਾਰ ਸੁਖਜੀਤ, ਸਰਪ੍ਰਸਤ ਜੋਗਿੰਦਰ ਸਿੰਘ ਜੋਸ਼, ਸਰਪ੍ਰਸਤ ਪ੍ਰੋ. ਬਲਦੀਪ, ਨਿਰਭੈ ਸਿੰਘ ਸਿੱਧੂ, ਸਿਮਰਜੀਤ ਸਿੰਘ ਕੰਗ, ਦਰਸ਼ਨ ਸਿੰਘ ਕੰਗ, ਦੀਪ ਦਿਲਬਰ, ਇੰਦਰਜੀਤ ਸਿੰਘ ਕੰਗ, ਜਸਵੀਰ ਸਿੰਘ ਘਣਗਸ, ਦਰਸ਼ਨ ਸਿੰਘ ਬੌਂਦਲੀ ਆਦਿ ਨੇ ਰਚਨਾਵਾਂ ’ਤੇ ਹੋਈ ਉਸਾਰੂ ਬਹਿਸ ਵਿੱਚ ਹਿੱਸਾ ਲਿਆ। ਸਭਾ ਦੀ ਕਾਰਵਾਈ ਦੀਪ ਦਿਲਬਰ ਨੇ ਬਾਖੂਬੀ ਨਿਭਾਈ ਅਤੇ ਅਖੀਰ ਵਿੱਚ ਕਹਾਣੀਕਾਰ ਸੁਖਜੀਤ ਨੇ ਸਾਰਿਆਂ ਦਾ ਧੰਨਵਦਾ ਕੀਤਾ।

Check Also

ਆਸ਼ੀਰਵਾਦ ਡੇ ਬੋਰਡਿੰਗ ਸਕੂਲ ਦੀ ਵਿਦਿਆਰਥਣ ਗੁਰਪ੍ਰੀਤ ਕੌਰ ਦਾ ਸਨਮਾਨ

ਸੰਗਰੂਰ, 8 ਜੁਲਾਈ (ਜਗਸੀਰ ਲੌਂਗੋਵਾਲ) – ਆਸ਼ੀਰਵਾਦ ਡੇ ਬੋਰਡਿੰਗ ਸੀਨੀਅਰ ਸੈਕੰਡਰੀ ਸਕੂਲ ਝਾੜੋਂ ਦੀ ਵਿਦਿਆਰਥਣ …

Leave a Reply