Monday, March 23, 2026

ਖ਼ਾਲਸਾ ਕਾਲਜ ਚਵਿੰਡਾ ਦੇਵੀ ਵਿਖੇ ਮਨਾਇਆ ‘ਸਾਇੰਸ ਅਤੇ ਟੈਕਨਾਲੋਜੀ ਦਿਵਸ’

PPN1402201712ਅੰਮ੍ਰਿਤਸਰ, 14 ਫ਼ਰਵਰੀ (ਪੰਜਾਬ ਪੋਸਟ  ਸੁਖਬੀਰ ਸਿੰਘ)-ਵਿਸ਼ਵ ਭਰ ’ਚ ਹਰ ਸਾਲ 28 ਫਰਵਰੀ ਦਾ ਦਿਨ ਭਾਰਤ ਦੇ ਮਹਾਨ ਵਿਗਿਆਨੀ ਡਾ. ਸੀ.ਵੀ ਰਮਨ ਦੇ ਵਿਗਿਆਨ ਦੇ ਖੇਤਰ ’ਚ ਪਾਏ ਯੋਗਦਾਨ ਦੀ ਯਾਦ ’ਚ ‘ਸਾਇੰਸ ਡੇਅ’ ਵਜੋਂ ਮਨਾਇਆ ਜਾਂਦਾ ਹੈ।ਇਸੇ ਲੜੀ ਨੂੰ ਅੱਗੇ ਤੋਰਦਿਆਂ ਖਾਲਸਾ ਕਾਲਜ ਚਵਿੰਡਾ ਦੇਵੀ ਵਿਖੇ ‘ਨੈਸ਼ਨਲ ਸਾਇੰਸ ਅਤੇ ਟੈਕਨਾਲੋਜੀ ਦਿਵਸ’ ਮਨਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਹਰਭਜਨ ਸਿੰਘ ਦੀ ਦੇਖ-ਰੇਖ ਹੇਠ ਆਯੋਜਿਤ ਇਸ ਪ੍ਰੋੋਗਰਾਮ ’ਚ ਗੁਰੂ ਨਾਨਕ ਮੈਡੀਕਲ ਕਾਲਜ ਦੇ ਯੂਰੋਲੌਜੀ ਵਿਭਾਗ ਦੇ ਮੁੱਖੀ ਡਾ. ਡੀ. ਪੀ. ਸਿੰਘ ਅਤੇ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਬੌਟਨੀ ਵਿਭਾਗ ਦੇ ਸਾਬਕਾ ਮੁੱਖੀ ਡਾ. ਪਰਮਜੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਪੁੱਜ ਕੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਕੀਤੀ।
ਇਸ ਮੌਕੇ ਡਾ. ਡੀ.ਪੀ ਸਿੰਘ ਦੁਆਰਾ ਵਰਤਮਾਨ ਸਮੇਂ ਦੀ ਮੁੱਖ ਸਮੱਸਿਆ ‘ਡੇਂਗੂ ਅਤੇ ਚਿਕਨਗੂਨੀਆ’ ਸਬੰਧੀ ਆਪਣੇ ਭਾਸ਼ਣ ’ਚ ਇਨ੍ਹਾਂ ਬਿਮਾਰੀਆਂ ਦੇ ਫੈਲਣ ਦੇ ਕਾਰਨਾਂ, ਪਤਾ ਲਗਾਉਣ ਦੇ ਟੈਸਟ ਅਤੇ ਇਨ੍ਹਾਂ ਤੋਂ ਬਚਣ ਦੇ ਤਰੀਕਿਆਂ ਬਾਰੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ।ਉਨ੍ਹਾਂ ਦੱਸਿਆ ਕਿ ਡੇਂਗੂ ਅਤੇ ਚਿਕਨਗੂਨੀਆ ਵਾਇਰਸ ਦੇ ਕਾਰਣ ਹੋਣ ਵਾਲੀਆਂ ਬਿਮਾਰੀਆਂ ਹਨ ਅਤੇ ਇਨ੍ਹਾਂ ਦੇ ਬਚਾਓ ਲਈ ਸਾਨੂੰ ਆਪਣੇ ਆਲੇ-ਦੁਆਲੇ ਦੀ ਸਫ਼ਾਈ ਅਤੇ ਮੱਛਰਾਂ ਤੋਂ ਬਚਾਓ ਦੇ ਤਰੀਕਿਆਂ ਬਾਰੇ ਖ਼ਾਸ ਧਿਆਨ ਰੱਖਣ ਦੀ ਜਰੂਰਤ ਹੈ।
ਪ੍ਰੋਗਰਾਮ ਮੌਕੇ ਡਾ. ਪਰਮਜੀਤ ਕੌਰ ਨੇ ਵਿਦਿਆਰਥੀਆਂ ਨੂੰ ਵਿਗਿਆਨ ਦੀਆਂ ਸਹੂਲਤਾਂ ਨੂੰ ਸੰਜਮ ਨਾਲ ਵਰਤਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਬੇਸ਼ੱਕ ਅੱਜ ਸਾਡਾ ਜੀਵਨ ਮੋਬਾਇਲ ਫੋਨ ਵਰਗੀਆਂ ਕਾਢਾਂ ਤੋਂ ਬਿਨ੍ਹਾਂ ਅਸੰਭਵ ਜਾਪਦਾ ਹੈ ਪ੍ਰੰਤੂ ਇਨ੍ਹਾਂ ਦੀ ਨਜਾਇਜ਼ ਵਰਤੋਂ ਨਾਲ ਮਨੁੱਖ ਕੁਦਰਤ ਦੇ ਸੰਤੁਲਨ ’ਚ ਵਿਗਾੜ ਪੈਦਾ ਕਰ ਰਿਹਾ ਹੈ ਜਿਸਦੇ ਨਤੀਜੇ ਆਉਣ ਵਾਲੇ ਸਮੇਂ ’ਚ ਘਾਤਕ ਸਿੱਧ ਹੋ ਸਕਦੇ ਹਨ। ਸੋ ਸਮੇਂ ਦੀ ਲੋੜ ਨੂੰ ਮੁੱਖ ਰੱਖਦਿਆਂ ਸਾਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਵਿਗਿਆਨ ਦੀ ਬੇਲੋੜੀ ਵਰਤੋਂ ਤੋਂ ਬਚੀਏ ਅਤੇ ਕੁਦਰਤੀ ਜੀਵਾਂ ਅਤੇ ਵਾਤਾਵਰਣ ਦੀ ਸੰਭਾਲ ’ਚ ਆਪਣਾ ਹਿੱਸਾ ਪਾਈਏ।
ਇਸ ਮੌਕੇ ਕਾਲਜ ਵਿਦਿਆਰਥੀਆਂ ਵਿਚਕਾਰ ਇਸ ਸਾਲ ਦੇ ਵਿਸ਼ੇ ‘ਸਾਇੰਸ ਐਂਡ ਟੈਕਨਾਲੋਜੀ ਫੋਰ ਸਪੈਸ਼ਲੀਏਬਲਡ ਪਰਸਨ’ ਨਾਲ ਸੰਬੰਧਿਤ ਮਾਡਲ ਮੇਕਿੰਗ, ਪੋਸਟਰ ਮੇਕਿੰਗ, ਕੋਲਾਜ, ਡੀਬੇਟ ਅਤੇ ਕੁਇਜ਼ ਦੇ ਮੁਕਾਬਲੇ ਕਰਵਾਏ ਗਏ।ਇਨ੍ਹਾਂ ਮੁਕਾਬਲਿਆ ’ਚੋਂ +1 ਸਾਇੰਸ ਦੀ ਸਾਹਿਬਪ੍ਰੀਤ ਕੌਰ ਨੇ ਪੋਸਟਰ ਮੇਕਿੰਗ, ਹਰਪ੍ਰੀਤ ਸਿੰਘ ਨੇ ਕੋਲਾਜ ਮੇਕਿੰਗ ਅਤੇ ਬੀ. ਐੱਸ.ਸੀ ਸਮੈਸਟਰ ਪਹਿਲਾ ਦੀ ਰੋਬਨਜੀਤ ਕੌਰ ਨੇ ਡੀਬੈਟ ’ਚੋਂ ਪਹਿਲਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ +2 ਸਾਇੰਸ ਦੇ ਸੁਮਨਦੀਪ ਕੌਰ, ਨਵਰੂਪ ਕੌਰ ਅਤੇ ਪਵਨਪ੍ਰੀਤ ਕੌਰ ਨੇ ਮਾਡਲ ਮੇਕਿੰਗ ’ਚ ਪਹਿਲਾ ਸਥਾਨ ਹਾਸਲ ਕੀਤਾ। ਮੁੱਖ ਮਹਿਮਾਨ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਸ਼ੀਲਡਾਂ ਅਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਰਵਾਏ ਗਏ ਕੁਇਜ਼ ਮੁਕਾਬਲਿਆਂ ’ਚੋਂ +2 ਸਾਇੰਸ ਦੇ ਵਿਦਿਆਰਥੀਆਂ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ।
ਪ੍ਰਿੰ: ਡਾ. ਐਚ.ਬੀ ਸਿੰਘ ਨੇ ਆਏ ਮੁੱਖ ਮਹਿਮਾਨਾਂ ਦਾ ਸਵਾਗਤ ਕਰਦਿਆ ਕਿਹਾ ਅੱਜ ਦੇ ਯੁੱਗ ’ਚ ਵਿਗਿਆਨ ਦੀਆਂ ਕਾਢਾਂ ਨੇ ਸਾਡੇ ਜੀਵਨ ਦੇ ਹਰ ਖੇਤਰ ’ਚ ਆਪਣੀ ਥਾਂ ਬਣਾ ਲਈ ਹੈ। ਅੱਜ ਜਿੱਥੇ ਇਕ ਸਾਧਾਰਨ ਵਿਅਕਤੀ ਸਾਇੰਸ ਦੇ ਅਜੂਬਿਆਂ ਤੋਂ ਲਾਭ ਉਠਾ ਰਿਹਾ ਹੈ ਉੱਥੇ ਸਰੀਰਿਕ ਤੌਰ ’ਤੇ ਕਮਜੋਰ ਵਿਅਕਤੀਆਂ ਲਈ ਵੀ ਸਾਇੰਸ ਵਰਦਾਨ ਤੋਂ ਕੁਝ ਘੱਟ ਨਹੀਂ ਹੈ। ਵਿਗਿਆਨ ਦੀਆਂ ਕਾਢਾਂ ਨੇਤਰਹੀਨਾਂ ਲਈ ਨੇਤਰ, ਗੂੰਗਿਆਂ ਲਈ ਜੁਬਾਨ ਅਤੇ ਅੰਗਹੀਣਾਂ ਲਈ ਲੋੜੀਂਦੇ ਅੰਗ ਪ੍ਰਦਾਨ ਕਰਦੀਆਂ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਦੇ ਸਾਦੇ ਜੀਵਨ ਅਤੇ ਉੱਚੀ ਸੋਚ ਤੋਂ ਪ੍ਰੇਰਨਾ ਲੈ ਕੇ ਹਮੇਸ਼ਾਂ ਦੂਜਿਆਂ ਦੀ ਮਦਦ ਲਈ ਅੱਗੇ ਆਉਣ ਦੀ ਪ੍ਰੇਰਣਾ ਦਿੱਤੀ।ਪ੍ਰੋਗਰਾਮ ’ਚ ਪ੍ਰੋ. ਪਵਨਦੀਪ ਕੌਰ ਨੇ ਮੰਚ ਸੰਚਾਲਣ ਦੀ ਭੂਮਿਕਾ ਬਾਖੂਬੀ ਨਿਭਾਈ। ਇਸ ਮੌਕੇ ਪ੍ਰੋ. ਬਲਵੰਤ ਸਿੰਘ, ਪ੍ਰੋ. ਜਤਿੰਦਰ ਬੱਟ, ਪ੍ਰੋ. ਕਵਲਜੀਤ ਕੌਰ, ਪ੍ਰੋ. ਨਵਨੀਤ ਕੌਰ ਆਦਿ ਹਾਜ਼ਰ ਸਨ।

Check Also

ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …

Leave a Reply