Tuesday, September 29, 2026

ਇੰਜੀਨੀਅਰਾਂ ਨੇ ਪੰਜਾਬ ਵਿੱਚ ਬਿਜਲੀ ਸਸਤੀ ਕਰਨ ਲਈ ਸਰਕਾਰ ਨੂੰ ਕੀਤੀ ਅਪੀਲ

PPN0803201704ਬਠਿੰਡਾ, 8 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਉੱਤਰੀ ਭਾਰਤ ਵਿੱਚ ਪੈਂਦੇ ਮੈਦਾਨੀ ਰਾਜਾਂ ਵਿੱਚ ਪੰਜਾਬ ਵਿੱਚ ਬਿਜਲੀ ਦੀ ਦਰ ਸਭ ਤੋਂ ਘੱਟ ਹੈ ਪ੍ਰੰਤੂ ਜੇ ਹੋਰ ਉਪਰਾਲੇ ਕੀਤੇ ਜਾਣ ਤਾਂ ਇਹ ਦਰਾਂ ਹੋਰ ਵੀ ਘਟਾਈਆਂ ਜਾ ਸਕਦੀਆਂ ਹਨ। ਅੱਜ ਪੰਜਾਬ ਪਾਵਰ ਇੰਜੀਨੀਅਰਜ਼ ਐਸੋਸੀਏਸ਼ਨ ਦੀ ਪੱਛਮ ਜੋਨ ਦੀ ਜ਼ੋਨਲ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਪੀ.ਪੀ.ਈ.ਏ ਦੇ ਪ੍ਰਧਾਨ ਇੰਜੀ: ਭੁਪਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਵਿਚ ਬਿਜਲੀ ਦੀਆਂ ਦਰਾਂ ਹੋਰ ਵੀ ਘੱਟ ਹੋ ਸਕਦੀਆਂ ਹਨ ਜੇਕਰ ਪੰਜਾਬ ਤੁਰੰਤ ਇੱਕ ਸੁਪਰ ਕਰੀਟੀਕਲ ਤਕਨਾਲੋਜੀ ਵਾਲਾ ਥਰਮਲ ਪਲਾਂਟ ਅਕਵਾਇਰ ਕਰੇ, ਭਾਰਤ ਸਰਕਾਰ ਦੀ ਉਦੇ ਸਕੀਮ ਅਧੀਨ ਕਰਜ਼ਿਆਂ ਤੋਂ ਮੁਕਤ ਹੋਵੇ ਅਤੇ ਰਹਿੰਦੇ ਮੀਟਰ ਘਰਾਂ ਤੋਂ ਬਾਹਰ ਕੱਢ ਕੇ ਪਿੱਲਰ ਬਕਸਿਆਂ ਵਿੱਚ ਲਗਾਏ ਜਾਣ।ਉਨ੍ਹਾਂ ਕਿਹਾ ਕਿ ਇਨ੍ਹਾਂ ਨੀਤੀਆਂ ਨੂੰ ਸਿਰੇ ਚੜ੍ਹਾਉਣ ਲਈ ਸਰਕਾਰ ਦੀ ਸਹਾਇਤਾ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਪੰਜਾਬ ਵਿਚ ਬਿਜਲੀ ਦੀ ਦਰ ਦੂਜੇ ਸੂਬਿਆਂ ਤੋਂ ਕਾਫ਼ੀ ਘੱਟ ਹ।
ਇਸ ਮੌਕੇ ਤੇ ਇੰਜੀ:ਪੀ.ਕੇ ਸਿੰਗਲਾ, ਸੀਨੀਅਰ ਮੀਤ ਪ੍ਰਧਾਨ, ਪੀ.ਪੀ.ਈ.ਏ ਨੇ ਦੱਸਿਆ ਕਿ ਪੰਜਾਬ ਵਿੱਚ ਬਿਜਲੀ ਦੇ ਮੀਟਰਾਂ ਨੂੰ ਘਰਾਂ ਤੋਂ ਬਾਹਰ ਕੱਢਕੇ ਪਿੱਲਰ ਬਕਸਿਆਂ ਵਿੱਚ ਲਗਾਇਆ ਗਿਆ ਹੈ ਜਿਸ ਨਾਲ ਬਿਜਲੀ ਦੀ ਚੋਰੀ ਉੱਤੇ ਬਹੁਤ ਕਾਬੂ ਪਾਇਆ ਜਾ ਸਕਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਰਹਿੰਦੇ ਮੀਟਰ ਵੀ ਬਾਹਰ ਕੱਢ ਦਿੱਤੇ ਜਾਣ ਤਾਂ ਬਿਜਲੀ ਲਾਸਿਜ਼ 10 ਫੀਸਦੀ ਤੱਕ ਘਟਾਏ ਜਾ ਸਕਦੇ ਹਨ।
ਇੰਜੀ:ਅਭੀਰਾਜ ਸਿੰਘ ਰੰਧਾਵਾ, ਸਕੱਤਰ, ਪੀ.ਪੀ.ਈ.ਏ ਨੇ ਇਸ ਮੌਕੇ ਤੇ ਕਿਹਾ ਕਿ ਇਹ ਲਾਜ਼ਮੀ ਹੈ ਕਿ ਪੰਜਾਬ ਰਾਜਪੁਰੇ ਵਰਗਾ ਇੱਕ ਜਨਤਕ ਖੇਤਰ ਵਿੱਚ ਸੁਪਰ ਕਰੀਟੀਕਲ ਤਕਨਾਲੋਜੀ ਥਰਮਲ ਪਲਾਂਟ ਅਕਵਾਇਰ ਕਰੇ। ਉਨਾਂ ਕਿਹਾ ਕਿ ਬਠਿੰਡਾ ਪਲਾਂਟ ਦੀ ਜ਼ਿਆਦਾ ਵੇਰੀਏਬਲ ਕਾਸਟ ਕਰਕੇ ਇਸ ਪਲਾਂਟ ਤੋਂ ਅਗਲੇ 3 ਸਾਲਾਂ ਵਿੱਚ ਕੋਈ ਵੀ ਬਿਜਲੀ ਪੈਦਾ ਕਰਨ ਦੀ ਤਜਵੀਜ਼ ਨਹੀਂ ਹੈ। ਨਵਾਂ ਪਲਾਂਟ ਅਕਵਾਇਰ ਕਰਕੇ ਮੌਜੂਦਾ ਸਮੇਂ ਵਿੱਚ ਦਿਤੇ ਜਾ ਰਹੇ 1600 ਕਰੋੜ ਰੁਪਏ ਫਿਕਸਡ ਚਾਰਜਿਜ਼ ਸਲਾਨਾ ਦੀ ਬੱਚਤ ਹੋਵੇਗੀ ਅਤੇ ਪੰਜਾਬ ਵਿੱਚ ਬਿਜਲੀ ਦੀ ਦਰ 30 ਪੈਸੇ ਪ੍ਰਤੀ ਯੂਨਿਟ ਹੋਰ ਘੱਟ ਸਕੇਗੀ ਜੇਕਰ ਕੋਲਾ, ਬਿਜਲੀ ਕਾਰਪੋਰੇਸ਼ਨ ਦੀ ਆਪਣੀ ਪਛਵਾੜਾ ਕੋਲਖਾਣ ਵਿੱਚੋਂ ਲਿਆਂਦਾ ਜਾਵੇ। ਇਸ ਕੋਲੇ ਦੀ ਖਾਣ ਦੇ ਚੱਲਣ ਨਾਲ ਇਸ ਖਾਣ ਦਾ ਡੀਐਲੋਕੇਸ਼ਨ ਹੋਣ ਦਾ ਖਦਸ਼ਾ ਵੀ ਬੱਚ ਜਾਵੇਗਾ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਬਿਜਲੀ ਕਾਰਪੋਰੇਸ਼ਨ ਦੇ ਐਸ.ਡੀ.ਓ ਦੀ ਮੁੱਢਲੀ ਤਨਖਾਹ 18030/- ਰੁਪਏ ਦੀ ਮੰਗ ਨੂੰ ਛੇਤੀ ਤੋਂ ਛੇਤੀ ਪੂਰਾ ਕੀਤਾ ਜਾਵੇ।
ਇਸ ਮੌਕੇ ਤੇ ਉਚੇਚੇ ਤੌਰ ਤੇ ਪੁੱਜੇ ਇੰਜੀ:ਐਮ.ਐਸ. ਬਰਾੜ, ਅਡਵਾਈਜ਼ਰ, ਪੀ.ਪੀ.ਈ.ਏ ਨੇ ਦੱਸਿਆ ਕਿ ਪੀ.ਐਸ.ਪੀ.ਸੀ.ਐਲ ਭਾਰਤ ਦੀ ਸਭ ਤੋਂ ਵਧੀਆ ਚੱਲਣ ਵਾਲੀ ਬਿਜਲੀ ਕੰਪਨੀ ਬਣਕੇ ਉਭਰੀ ਹੈ ਅਤੇ ਇਹ ਕਾਮਯਾਬੀ ਕਾਰਪੋਰੇਸ਼ਨ ਦੇ ਕਰਮਚਾਰੀਆਂ ਅਤੇ ਇੰਜੀਨੀਅਰਾਂ ਦੀ ਮਿਹਨਤ ਸਦਕਾ ਹੀ ਪ੍ਰਾਪਤ ਹੋਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਵਿੱਚ 24 ਘੰਟੇ ਪੇਂਡੂ ਅਤੇ ਸ਼ਹਿਰੀ ਖੇਤਰ ਨੂੰ ਬਿਜਲੀ ਮਿਲ ਰਹੀ ਹੈ ਜੋ ਕਿ ਨੇੜਲੇ ਮੈਦਾਨੀ ਰਾਜਾਂ ਵਿੱਚ ਕਿਤੇ ਨਹੀਂ ਹੈ।
ਪੀ.ਪੀ.ਈ.ਏ ਦੀ ਇਸ ਜੋਨਲ ਮੀਟਿੰਗ ਵਿੱਚ 100 ਤੋਂ ਵੱਧ ਇੰਜੀਨੀਅਰਾਂ ਵੱਲੋਂ ਸ਼ਮੂਲੀਅਤ ਕੀਤੀ ਗਈ ਜਿਸ ਵਿੱਚ ਫਰੀਦਕੋਟ, ਬਠਿੰਡਾ, ਸ੍ਰੀ ਮੁਕਤਸਰ ਸਾਹਿਬ, ਲਹਿਰਾ ਮੁਹੱਬਤ ਅਤੇ ਫਿਰੋਜ਼ਪੁਰ ਸਰਕਲਾਂ ਤੋਂ ਇੰਜੀਨੀਅਰ ਪੁੱਜੇ। ਇਸ ਮੌਕੇ ਤੇ ਇੰਜੀ:ਜੀ.ਡੀ ਸ਼ਰਮਾ ਸੰਯੁਕਤ ਸਕੱਤਰ ਅਤੇ ਇੰਜੀ:ਅਨਿਲ ਵਿੱਜ ਸੰਯੁਕਤ ਸਕੱਤਰ ਨੇ ਵੀ ਇੰਜੀਨੀਅਰਾਂ ਨੂੰ ਸੰਬੋਧਨ ਕੀਤਾ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply