ਅੰਮ੍ਰਿਤਸਰ, 26 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਜਿਲ੍ਹੇ ਵਿਚੋਂ ਗੈਰ ਕਾਨੂੰਨੀ ਮਾਇਨਿੰਗ ਨੂੰ ਰੋਕਣ ਲਈ 22 ਮਾਰਚ ਤੋਂ ਚਲਾਈ ਗਈ ਮੁਹਿੰਮ ਦੀ ਪੜਤਾਲ ਲਈ ਬੀਤੀ ਦੇਰ ਰਾਤ ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ ਅਤੇ ਐਸ. ਐਸ. ਪੀ. ਜੇ. ਏਲਨਚੇਲੀਅਨ ਨੇ ਛਾਪਾਮਾਰੀ ਕੀਤੀ। ਇਸ ਮੌਕੇ ਉਨਾਂ ਵੱਖ-ਵੱਖ ਥਾਵਾਂ ’ਤੇ ਤਾਇਨਾਤ ਕੀਤੀਆਂ ਟੀਮਾਂ ਦਾ ਕੰਮ ਵੇਖਿਆ ਅਤੇ ਇਸ ਗੈਰ ਕਾਨੂੰਨੀ ਖੁਦਾਈ ਨੂੰ ਪੱਕੇ ਤੌਰ ’ਤੇ ਰੋਕਣ ਲਈ ਵਿਉਂਤਬੰਦੀ ਕਰਨ ਵਾਸਤੇ ਮੌਜੂਦ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਸੁਝਾਅ ਲਏ।
ਸ. ਸੰਘਾ ਨੇ ਬੀਤੀ ਰਾਤ ਦੀ ਛਾਪਾਮਾਰੀ ਬਾਰੇ ਗੱਲਬਾਤ ਕਰਦੇ ਦੱਸਿਆ ਕਿ ਅਸੀਂ ਰਾਤ ਰਾਵੀ ਖੇਤਰ, ਜਿੱਥੋਂ ਕਿ ਗੈਰ ਕਾਨੂੰਨੀ ਰੇਤ ਦੀ ਖੁਦਾਈ ਹੋਣ ਦੀ ਸੂਚਨਾ ਅਕਸਰ ਮਿਲਦੀ ਸੀ, ਵਾਲੇ ਹਿੱਸੇ ਵਿਚ ਛਾਪਾਮਾਰੀ ਕੀਤੀ ਸੀ, ਪਰ ਬੀਤੇ ਕੁੱਝ ਦਿਨਾਂ ਤੋਂ ਕੀਤੇ ਗਏ ਪ੍ਰਬੰਧਾਂ ਕਾਰਨ ਸਾਨੂੰ ਕਿਧਰੇ ਵੀ ਰੇਤ ਦੀ ਖੁਦਾਈ ਹੁੰਦੀ ਜਾਂ ਰੇਤ ਦੀ ਢੋਆ-ਢੁਆਈ ਹੁੰਦੀ ਨਹੀਂ ਮਿਲੀ। ਉਨਾਂ ਕਿਹਾ ਕਿ ਇਸ ਗੈਰ ਕਾਨੂੰਨੀ ਖੁਦਾਈ ਨੂੰ ਪੱਕੇ ਤੌਰ ’ਤੇ ਬੰਦ ਕਰਨ ਵਾਸਤੇ ਮੈਂ ਜਨਰਲ ਮੈਨੇਜਰ ਉਦਯੋਗ ਵਿਭਾਗ ਅਤੇ ਜਿਲ੍ਹਾ ਪੁਲਿਸ ਮੁਖੀ ਸ੍ਰੀ ਜੇ. ਏਲਨਚੇਲੀਅਨ ਨਾਲ ਬੈਠ ਕੇ ਵਿਸਥਾਰਤ ਯੋਜਨਾ ਤਿਆਰ ਕਰ ਲਈ ਹੈ, ਜਿਸ ਨੂੰ ਛੇਤੀ ਹੀ ਅਮਲ ਵਿਚ ਲਿਆਂਦਾ ਜਾਵੇਗਾ। ਉਨਾਂ ਕਿਹਾ ਕਿ ਇੱਕਾ-ਦੁੱਕਾ ਟਰੱਕ ਜਾਂ ਟਰਾਲੀਆਂ ਨੂੰ ਰੋਕਣ ਨਾਲ ਇਹ ਕੰਮ ਪੱਕੇ ਤੌਰ ’ਤੇ ਬੰਦ ਨਹੀਂ ਹੋ ਸਕਦਾ, ਇਸ ਲਈ ਕਾਰਗਰ ਯੋਜਨਾ ਦੀ ਲੋੜ ਸੀ, ਜਿਸ ਨੂੰ ਛੇਤੀ ਅੰਜ਼ਾਮ ਦਿੱਤਾ ਜਾਵੇਗਾ।
ਡਿਪਟੀ ਕਮਿਸ਼ਨਰ ਸੰਘਾ ਨੇ ਦੱਸਿਆ ਕਿ ਇਸ ਵੇਲੇ ਅੰਮ੍ਰਿਤਸਰ ਜਿਲ੍ਹੇ ਦੀਆਂ ਸਾਰੀਆਂ ਰੇਤ ਦੀਆਂ ਖੱਡਾਂ ਦਾ ਠੇਕਾ ਮੁੱਕ ਚੁੱਕਾ ਹੈ ਅਤੇ ਕਿਸੇ ਵੱਲੋਂ ਵੀ ਕਿਸੇ ਸਾਬਕਾ ਠੇਕੇਦਾਰ ਜਾਂ ਕਿਸੇ ਹੋਰ ਅਖੌਤੀ ਚੌਧਰੀ ਦੀ ਪਰਚੀ ’ਤੇ ਰੇਤਾ ਕੱਢਣੀ ਕਾਨੂੰਨੀ ਅਪਰਾਧ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅਸੀਂ ਪਿੰਡਾਂ ਵਿਚ ਮੁਨਾਦੀ ਕਰਵਾ ਕੇ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਦੇ ਰਹੇ ਹਾਂ, ਤਾਂ ਕਿ ਉਹ ਇਸ ਅਪਰਾਧ ਤੋਂ ਬਚ ਸਕਣ। ਉਨਾਂ ਲੋਕਾਂ ਨੂੰ ਸਪੱਸ਼ਟ ਕੀਤਾ ਕਿ ਉਹ ਇੰਨਾਂ ਵਿਅਕਤੀਆਂ ਦੇ ਗੈਰ ਕਾਨੂੰਨ ਧੰਦੇ ਦਾ ਹਿੱਸਾ ਨਾ ਬਣਨ ਅਤੇ ਥੋੜ੍ਹੇ ਦਿਨਾਂ ਤੱਕ ਇੰਤਜ਼ਾਰ ਕਰਨ। ਸੰਘਾ ਨੇ ਦੱਸਿਆ ਕਿ ਖੱਡਾਂ ਦੀ ਨਿਲਾਮੀ ਦਾ ਕੰਮ ਸ਼ੁਰੂ ਕੀਤਾ ਜਾ ਚੁੱਕਾ ਹੈ ਅਤੇ ਛੇਤੀ ਹੀ ਇਸ ਨੂੰ ਪੂਰਾ ਕਰ ਲਿਆ ਜਾਵੇਗਾ।
ਇਸ ਬਾਰੇ ਗੱਲਬਾਤ ਕਰਦੇ ਐਸ ਐਸ ਪੀ ਸ੍ਰੀ ਜੇ. ਏਲਨਚੇਲੀਅਨ ਨੇ ਦੱਸਿਆ ਕਿ ਪੁਲਿਸ ਨੇ ਰੇਤ ਦੀ ਗੈਰ ਕਾਨੂੰਨੀ ਖੁਦਾਈ ਰੋਕਣ ਲਈ ਇੰਨਾਂ ਖੇਤਰਾਂ ਵਿਚ ਰਾਤ ਦੀ ਗਸ਼ਤ ਵਧਾ ਦਿੱਤੀ ਹੈ ਅਤੇ ਹੁਣ ਦੋਪਹੀਆ ਵਾਹਨਾਂ ਦੇ ਨਾਲ-ਨਾਲ ਪੁਲਿਸ ਜੀਪਾਂ ਨੂੰ ਵੀ ਗਸ਼ਤ ਵਿਚ ਸ਼ਾਮਿਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਬੰਧਤ ਥਾਣਿਆਂ ਦੇ ਐਸ. ਐਚ. ਓਜ਼ ਨੂੰ ਵੀ ਰਾਤ ਨੂੰ ਗਸ਼ਤ ਕਰਨ ਦੀ ਹਦਾਇਤ ਕੀਤੀ ਗਈ ਹੈ। ਉਨਾਂ ਦੱਸਿਆ ਕਿ ਕੁੱਝ ਇਕ ਥਾਵਾਂ ਦੀ ਚੋਣ ਸੀ. ਸੀ. ਟੀ. ਵੀ ਕੈਮਰੇ ਲਗਾਉਣ ਲਈ ਕੀਤੀ ਗਈ ਹੈ, ਜਿੱਥੋਂ ਕਿ ਰਾਤ ਨੂੰ ਹੁੰਦੀ ਹਰ ਹਰਕਤ ’ਤੇ ਨਜ਼ਰ ਰਹੇਗੀ। ਉਨਾਂ ਕਿਹਾ ਕਿ ਅਸੀਂ ਸਬੰਧਤ ਵਿਭਾਗ ਨੂੰ ਹਰ ਸੰਭਵ ਮਦਦ ਦੇਣ ਲਈ ਇੰਤਜ਼ਾਮ ਕਰ ਲਏ ਹਨ ਅਤੇ ਜਦੋਂ ਅਤੇ ਜਿੱਥੇ ਵੀ ਉਹ ਚਾਹੁਣਗੇ, ਪੁਲਿਸ ਕਾਰਵਾਈ ਹੋਵੇਗੀ। ਉਨਾਂ ਦੱਸਿਆ ਕਿ ਪਿੰਡਾਂ ਦੇ ਲੋਕਾਂ ਨੂੰ ਗੈਰ ਕਾਨੂੰਨੀ ਕੰਮ ਤੋਂ ਰੋਕਣ ਲਈ ਪੁਲਿਸ ਵੀ ਜਾਗਰੂਕਤਾ ਮੁਹਿੰਮ ਚਲਾ ਰਹੀ ਹੈ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media