ਪ੍ਰੋ: ਸਰਚਾਂਦ ਸਿੰਘ ਦੀ ਅਗਵਾਈ ‘ਚ 20 ਪਰਿਵਾਰਾਂ ਦਾ ਵਫ਼ਦ ਹੋਵੇਗਾ ਦਿੱਲੀ ਰਵਾਨਾ

ਅੰਮ੍ਰਿਤਸਰ, 28 ਜੂਨ (ਪੰਜਾਬ ਪੋਸਟ ਬਿਊਰੋ)- ਇਰਾਕ ਦੇ ਗ੍ਰਹਿ ਯੁੱਧ ਦੌਰਾਨ ਬੰਧਕ ਬਣਾਏ ਗਏ 40 ਪੰਜਾਬੀ ਨੌਜਵਾਨਾ ਦੀ ਸੁਰੱਖਿਅਤ ਵਾਪਸੀ ਨੂੰ ਉਡੀਕਦੇ ਪਰਿਵਾਰ ਕੱਲ੍ਹ ਮੁੜ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕਰਕੇ ਆਪਣੇ ਮਨ ਦੇ ਸ਼ੰਕੇ ਉਨ੍ਹਾਂ ਸਾਹਮਣੇ ਰੱਖਣਗੇ। ਇਸ ਬਾਰੇ ਜਾਣਕਾਰੀ ਦਿੰਦਿਆਂ ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਦੇ ਮੀਡੀਆ ਸਲਾਹਕਾਰ ਪ੍ਰੋ: ਸਰਚਾਂਦ ਸਿੰਘ ਨੇ ਦੱਸਿਆ ਕਿ 20 ਪੀੜਤ ਪਰਿਵਾਰਾਂ ਦਾ ਇਕ ਵਫ਼ਦ ਸ: ਬਾਦਲ ਅਤੇ ਸ: ਮਜੀਠੀਆ ਦੇ ਦਿਸ਼ਾ ਨਿਰਦੇਸ਼ ਵਿਚ ਅਕਾਲੀ ਸਾਂਸਦ ਮੈਂਬਰ ਸ੍ਰੀ ਨਰੇਸ਼ ਗੁਜਰਾਲ ਦੀ ਅਗਵਾਈ ਵਿੱਚ ੩ ਵਜੇ ਕੇਂਦਰੀ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕਰਨ ਕੇ ਉਹਨਾਂ ਨੂੰ ਪੀੜਤ ਪਰਿਵਾਰਾਂ ਦੇ ਮਨ ਦੇ ਸ਼ੰਕੇ ਅਤੇ ਪਰੇਸ਼ਾਨੀਆਂ ਤੋ ਜਾਣੂ ਕਰਾਉਣਗੇ । ਉਨ੍ਹਾਂ ਦੇ ਨਾਲ ਦਿਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਅਤੇ ਜਨਰਲ ਸਕੱਤਰ ਵਿਧਾਇਕ ਸ: ਮਨਜਿੰਦਰ ਸਿੰਘ ਸਿਰਸਾ ਵੀ ਨਾਲ ਹੋਣਗੇ ।
ਪ੍ਰੋ: ਸਰਚਾਂਦ ਨੇ ਦੱਸਿਆ ਕਿ ਪੰਜਾਬੀ ਨੌਜਵਾਨਾ ਦੇ ਇਰਾਕ ਵਿੱਚ ਬੰਧਕ ਬਣਾਏ ਜਾਣ ਦੇ ਖ਼ੁਲਾਸੇ ਉਪਰੰਤ ਮਾਲ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਵੱਲੋਂ ਮੁੱਖ ਮੰਤਰੀ ਤੇ ਕੇਂਦਰੀ ਵਿਦੇਸ਼ ਮੰਤਰੀ ਤੱਕ ਪਹੁੰਚ ਕਰਨ ਦੀ ਪਹਿਲ ਕਦਮੀ ਕੀਤੀ ਗਈ, ਜਿਸ ਉਪਰੰਤ ਮੁੱਖ ਮੰਤਰੀ ਸ: ਬਾਦਲ ਦੀ ਅਗਵਾਈ ਵਿੱਚ 13 ਪੀੜਤ ਪਰਿਵਾਰਾਂ ਦੇ ਵਫ਼ਦ ਵੱਲੋਂ ਅੱਜ ਤੋਂ ਹਫ਼ਤਾ ਪਹਿਲਾਂ ਦਿੱਲੀ ਵਿਖੇ ਕੇਂਦਰੀ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕਰਦਿਆਂ ਬੰਧਕਾਂ ਦੀ ਰਿਹਾਈ ਅਤੇ ਉਨ੍ਹਾਂ ਦੀ ਘਰ ਵਾਪਸੀ ਦੀ ਅਪੀਲ ਕੀਤੀ ਗਈ। ਉਨ੍ਹਾਂ ਦੱਸਿਆ ਕਿ ਹਫ਼ਤਾ ਬੀਤ ਜਾਣ ‘ਤੇ ਵੀ ਬੰਧਕਾਂ ਦੀ ਬੰਦਖਲਾਸੀ ਨਾ ਹੋਣ ਕਾਰਨ ਪੀੜਤ ਪਰਿਵਾਰ ਜੋ ਕਿ ਮਨਾਂ ‘ਚ ਕੁੱਝ ਸ਼ੰਕੇ ਅਤੇ ਪਰੇਸ਼ਾਨੀਆਂ ਦੀ ਸਥਿਤੀ ‘ਚ ਹਨ ਜਿਸ ਕਾਰਨ ਸ: ਮਜੀਠੀਆ ਅਤੇ ਸ: ਪਰਕਾਸ਼ ਸਿੰਘ ਬਾਦਲ ਵੱਲੋਂ ਉਨ੍ਹਾਂ ਦੇ ਪਰਿਵਾਰਾਂ ਦੇ ਮੈਂਬਰਾਂ ਨੂੰ ਮੁੜ ਸਰਕਾਰ ਦੇ ਸਾਹਮਣੇ ਰੱਖੇ ਜਾਣ ਦਾ ਉਪਰਾਲਾ ਕੀਤਾ ਗਿਆ ਹੈ ਜਿਸ ਰਹੀ ਬੰਧਕਾਂ ਦੀ ਰਿਹਾਈ ਅਤੇ ਘਰ ਵਾਪਸੀ ਲਈ ਕਾਰਵਾਈ ਵਿੱਚ ਤੇਜੀ ਲਿਆਂਦੀ ਜਾ ਸਕੇ। ਕਲ ਮਿਲਣ ਵਾਲੇ 20 ਪਰਿਵਾਰ ਸ; ਮਜੀਠੀਆ ਦੇ ਮੀਡੀਆ ਸਲਾਹਕਾਰ ਪ੍ਰੋ: ਸਰਚਾਂਦ ਸਿੰਘ ਅਤੇ ਸ: ਭਗਵੰਤ ਸਿਆਲਕਾ ਮੈਬਰ ਸ਼੍ਰੋਮਣੀ ਕਮੇਟੀ ਦੀ ਅਗਵਾਈ ਵਿੱਚ ਸਵੇਰੇ 4 ਵਜੇ ਦਿੱਲੀ ਨੂੰ ਰਵਾਨਾ ਹੋਵੇਗਾ ਜਿਸ ਸੰਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ । ਯਾਦ ਰਹੇ ਕਿ ਇਸ ਤੋਂ ਪਹਿਲਾਂ ਬੰਧਕਾਂ ਦੀ ਰਿਹਾਈ ਵਾਸਤੇ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਅਰਦਾਸਾਂ ਕਰਵਾਉਣ ਤੋਂ ਇਲਾਵਾ ਵੱਡੇ ਯਤਨ ਕੀਤੇ ਜਾ ਰਹੇ ਹਨ। ਉਹਨਾਂ ਦੱਸਿਆ ਕਿ ਉਕਤ ਸੰਬੰਧੀ ਸ: ਪਰਕਾਸ਼ ਸਿੰਘ, ਸ: ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਕੇਂਦਰੀ ਵਿਦੇਸ਼ ਮੰਤਰਾਲੇ ਨਾਲ ਲਗਾਤਾਰ ਸੰਪਰਕ ਵਿੱਚ ਹਨ।
Punjab Post Daily Online Newspaper & Print Media