Saturday, October 10, 2026

ਅਦਾਰਾ `ਰਾਗ` ਵੱਲੋਂ ਕਹਾਣੀਕਾਰ ਅਜਮੇਰ ਸਿੱਧੂ ਨੂੰ ਇੱਕ ਲੱਖ ਦਾ ਪੁਰਸਕਾਰ ਦੇਣ ਦਾ ਫੈਸਲਾ

ਅੰਮ੍ਰਿਤਸਰ, 4 ਜੂਨ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – `ਅਦਾਰਾ ਰਾਗ` ਵੱਲੋਂ ਇੱਕ ਲੱਖ ਰੁਪਏ ਦਾ ਸ਼ੁਰੂ ਕੀਤਾ ਗਿਆ ਨਵਾਂ `ਡਾ. ਜਸਵੰਤ ਸਿੰਘ ਪੁਰੇਵਾਲ ਅੰਤਰਰਾਸ਼ਟਰੀ ਸਾਹਿਤ PPN0406201703ਪੁਰਸਕਾਰ 2017” ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਅਜਮੇਰ ਸਿੱਧੂ ਨੂੰ ਦੇਣ ਦਾ ਫੈਸਲਾ ਕੀਤਾ ਗਿਆ ਹੈ। “ਰਾਗ” ਪੰਜਾਬੀ ਭਾਸ਼ਾ ਵਿੱਚ ਸ਼ੁਰੂ ਕੀਤਾ ਗਿਆ ਚੌ-ਮਾਸਿਕ ਸਾਹਿਤਕ ਮੈਗਜ਼ੀਨ ਹੈ।ਇਸ ਮੈਗਜ਼ੀਨ ਦੇ ਮੁੱਖ ਸੰਪਾਦਕ ਇੰਦਰਜੀਤ ਸਿੰਘ ਪੁਰੇਵਾਲ ਦੇ ਪਿਤਾ ਡਾ. ਜਸਵੰਤ ਸਿੰਘ ਪੁਰੇਵਾਲ ਦੀ ਯਾਦ ਵਿਚ ਪੁਰੇਵਾਲ ਪਰਿਵਾਰ ਵੱਲੋਂ ਇਹ ਪੁਰਸਕਾਰ ਪ੍ਰਦਾਨ ਕੀਤਾ ਜਾਇਆ ਕਰੇਗਾ।
“ਰਾਗ” ਮੈਗਜ਼ੀਨ ਦੇ ਪ੍ਰਬੰਧਕੀ ਸੰਪਾਦਕ ਧਰਵਿੰਦਰ ਸਿੰਘ ਔਲਖ ਨੇ ਅੱਜ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਗ ਮੈਗਜ਼ੀਨ ਵਿਚ ਛਪਣ ਵਾਲੇ ਲੇਖਕਾਂ ਲਈ ਵੱਖ-ਵੱਖ ਵਿਧਾਵਾਂ ਦੇ ਚਾਰ ਪੁਰਸਕਾਰ ਪਹਿਲਾਂ ਹੀ ਸ਼ੁਰੂ ਕੀਤੇ ਜਾ ਚੁੱਕੇ ਹਨ।ਇਨ੍ਹਾਂ ਪੁਰਸਕਾਰਾਂ ਵਿੱਚ 5100/- 5100/- ਰੁਪਏ ਦੀ ਰਾਸ਼ੀ ਅਤੇ ਸਨਮਾਨ ਚਿੰਨ੍ਹ ਦਿੱਤੇ ਜਾਂਦੇ ਹਨ।ਇਹ ਪੁਰਸਕਾਰ ਹਰ 2 ਸਾਲ ਬਾਅਦ ਦਿੱਤੇ ਜਾਇਆ ਕਰਨਗੇ।ਉਨ੍ਹਾਂ ਦੱਸਿਆ ਕਿ ਇੱਕ ਲੱਖ ਰੁਪਏ ਰਾਸ਼ੀ ਅਤੇ ਸਨਮਾਨ ਚਿੰਨ੍ਹ ਵਾਲਾ `ਡਾ. ਜਸਵੰਤ ਸਿੰਘ ਪੁਰੇਵਾਲ ਅੰਤਰਰਾਸ਼ਟਰੀ ਸਾਹਿਤ ਪੁਰਸਕਾਰ-2017` ਜੂਨ ਦੇ ਦੂਸਰੇ ਹਫਤੇ ਪ੍ਰਦਾਨ ਕੀਤਾ ਜਾਵੇਗਾ।ਇਹ ਐਵਾਰਡ ਭਾਰਤ, ਪਾਕਿਸਤਾਨ ਅਤੇ ਬਾਹਰਲੇ ਮੁਲਕਾਂ ਵਿੱਚ ਵੱਸਦੇ ਪੰਜਾਬੀ ਅਤੇ ਪੰਜਾਬੀ ਭਾਸ਼ਾ ਵਿਚ ਲਿਖਣ ਵਾਲੇ ਉਨ੍ਹਾਂ ਸਾਹਿਤਕਾਰਾਂ ਨੂੰ ਦਿੱਤਾ ਜਾਇਆ ਕਰੇਗਾ, ਜਿਨ੍ਹਾਂ ਦਾ ਸਾਹਿਤ ਲੋਕ ਸਰੋਕਾਰਾਂ ਨਾਲ ਜੁੜਿਆ ਹੋਵੇ ਅਤੇ ਉਚ ਪੱਧਰ ਦਾ ਹੋਵੇ।ਉਨ੍ਹਾਂ ਇਹ ਵੀ ਕਿਹਾ ਕਿ ਦੂਜੀਆਂ ਭਾਸ਼ਾਵਾਂ ਵਿੱਚ ਲਿਖਣ ਵਾਲੇ ਪੰਜਾਬੀ ਸਾਹਿਤਕਾਰਾਂ ਨੂੰ ਵੀ ਇਸ ਪੁਰਸਕਾਰ ਲਈ ਵਿਚਾਰਿਆ ਜਾ ਸਕਦਾ ਹੈ।ਇਹ ਪੁਰਸਕਾਰ ਸਾਹਿਤ ਦੀ ਕਿਸੇ ਵੀ ਵਿਧਾ ਨੂੰ ਦਿੱਤਾ ਜਾ ਸਕਦਾ ਹੈ।
ਜਿਸ ਸਾਹਿਤਕਾਰ ਦੀ ਝੋਲੀ ਇਹ ਪਹਿਲਾਂ ਪੁਰਸਕਾਰ ਪਵੇਗਾ, ਉਸ ਬਾਰੇ ਬੋਲਦਿਆਂ ਔਲਖ ਨੇ ਕਿਹਾ ਕਿ ਅਜਮੇਰ ਸਿੱਧੂ ਨਵੇ ਪੋਚ ਦਾ ਕਥਾਕਾਰ ਹੈ।ਉਸ ਦੀਆਂ ਮੌਲਿਕ ਅਤੇ ਸੰਪਾਦਿਤ 12 ਪੁਸਤਕਾਂ ਹਨ।ਉਸ ਦੇ ਤਿੰਨ ਕਹਾਣੀ ਸੰਗ੍ਰਹਿ “ਨਚੀਕੇਤਾ ਦੀ ਮੌਤ”, “ਖੂਹ ਗਿੜਦਾ ਹੈ” ਅਤੇ “ਖੁਸ਼ਕ ਅੱਖ ਦਾ ਖਾਬ” ਨੇ ਪੰਜਾਬੀ ਦੀ ਨਵੀਂ ਕਹਾਣੀ ਦਾ ਮੁਹਾਂਦਰਾ ਘੜਨ ਵਿਚ ਅਹਿਮ ਯੋਗਦਾਨ ਪਾਇਆ ਹੈ।ਉਹ ਹਰੇਕ ਉਸ ਸਮੱਸਿਆ ਨੂੰ ਆਪਣੀਆਂ ਕਹਾਣੀਆਂ ਦੇ ਕਲਾਵੇ ਵਿਚ ਲੈਂਦਾ ਹੈ, ਜਿਸ ਵਿਚ ਆਧੁਨਿਕ ਮਨੁੱਖ ਜੂਝ ਰਿਹਾ ਹੈ।ਉਸ ਨੇ ਦੇਸ਼ ਭਗਤਾਂ ਅਤੇ ਕਰਾਂਤੀਕਾਰੀਆਂ ਦੀਆਂ ਜੀਵਣੀਆਂ ਵੀ ਲਿਖੀਆਂ ਹਨ।ਵਿਗਿਆਨਕ ਚੇਤਨਾ ਫੈਲਾਉਣ ਵਾਲੇ ਸਾਹਿਤ ਦਾ ਵੀ ਉਹ ਰਚੇਤਾ ਹੈ।ਉਸ ਨੇ 47 ਦੀ ਵੰਡ ਦੀ ਤਰਾਸਦੀ ਅਤੇ ਦੁਆਬੇ ਦੇ ਪਿੰਡਾਂ ਦੇ ਮੌਖਿਕ ਇਤਿਹਾਸ ਦੀ ਲੜੀ ਵੀ “ਨਵਾਂ ਜ਼ਮਾਨਾ” ਅਖਬਾਰ ਵਿੱਚ ਲਿਖੀ ਹੈ।ਉਸ ਨੇ ਕੁੱਝ ਸਾਲ ਰੰਗ ਮੰਚ ਵੀ ਕੀਤਾ ਹੈ।ਔਲਖ ਨੇ ਦੱਸਿਆ ਕਿ ਭਾਵੇਂ ਅਜਮੇਰ ਸਿੱਧੂ ਨੂੰ ਹੁਣੇ ਹੀ “ਰਾਗ” ਦੇ ਨਵੇਂ ਸੰਪਾਦਕ ਵੱਜੋਂ ਡਿਊਟੀ ਸੰਭਾਲੀ ਗਈ ਹੈ ਪਰ ਇਹ ਪੁਰਸਕਾਰ ਉਸ ਨੂੰ ਦੇਣ ਲਈ ਪਹਿਲਾਂ ਹੀ ਅਦਾਰਾ ਰਾਗ ਦੀ ਟੀਮ ਅਤੇ ਪੁਰੇਵਾਲ ਪਰਿਵਾਰ ਦੇ ਵਿਚਾਰ ਅਧੀਨ ਸੀ।ਸਿੱਧੂ ਦੇ ਪਲੇਠੇ ਕਹਾਣੀ ਸੰਗ੍ਰਹਿ “ਨਚੀਕੇਤਾ ਦੀ ਮੌਤ” ਨੇ ਗੁਰੂ ਨਾਨਕ ਦੇਵ ਯੂਨਿਵਰਸਿਟੀ ਅੰਮ੍ਰਿਤਸਰ ਦਾ “ਭਾਈ ਵੀਰ ਸਿੰਘ ਗਲਪ ਪੁਰਸਕਾਰ” ਜਿੱਤਿਆ ਸੀ। ਗਰਤੀ ਭਾਸ਼ਾ ਪ੍ਰਸ਼ੀਦ ਕੱਲਕਤਾ ਦਾ ਰਾਸ਼ਟਰੀ ਪੱਧਰ ਦਾ “ਯੁਵਾ ਪੁਰਸਕਾਰ” ਵੀ ਉਸ ਨੂੰ ਮਿਲ ਚੁੱਕਾ ਹੈ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply