ਅੰਮ੍ਰਿਤਸਰ, 10 ਜੂਨ (ਪੰਜਾਬ ਪੋਸਟ ਬਿਊਰੋ) – ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਕਾਲੀ ਆਗੂ ਜਗਦੀਸ਼ ਸਿੰਘ ਝੀਂਡਾ ਨੇ ਵੱਡੀ ਗਿਣਤੀ `ਚ ਸਾਥੀਆਂ ਸਮੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਕੇ ਨਵੇਂ ਅਕਾਲੀ ਦਲ ‘ਜਨਤਾ ਅਕਾਲੀ ਦਲ’ ਦੇ ਗਠਨ ਦਾ ਐਲਾਨ ਕੀਤਾ ਹੈ।
ਅਰਦਾਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਗਦੀਸ਼ ਸਿੰਘ ਝੀਂਡਾ ਨੇ ਕਿਹਾ ਕਿ ਉਨਾਂ ਦੀ ਜਨਤਾ ਅਕਾਲੀ ਦਲ ਇਕ ਕੌਮੀ ਪਾਰਟੀ ਹੋਵੇਗੀ ਅਤੇ ਦੇਸ਼ ਦੇ ਵੱਖ ਵੱਖ ਰਾਜਾਂ ਵਿਚ ਪਾਰਟੀ ਦੇ ਯੂਨਿਟ ਬਣਾਏ ਜਾਣਗੇ ਅਤੇ ਸਾਰੇ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵੀ ਲੜੀਆਂ ਜਾਣਗੀਆਂ, ਜਿਸ ਦੀ ਸ਼ੁਰੂਆਤ 2017 ਦੀਆਂ ਹਿਮਾਚਲ ਵਿਧਾਨ ਸਭਾ ਚੋਣਾਂ ਤੋਂ ਕੀਤ ਜਾਵੇਗੀ।
ਸ੍ਰੀ ਝੀਂਡਾ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਅਰਦਾਸ ਕਰਕੇ ਗਠਿਤ ਕੀਤਾ ਗਿਆ ਜਨਤਾ ਅਕਾਲੀ ਦਲ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੇਧ ਲੈ ਕੇ ਜਨਤਾ ਲਈ ਕੰਮ ਕਰੇਗਾ ।ਉਨਾਂ ਕਿਹਾ ਕਿ ਹੁਣ ਤੱਕ ਜਿੰਨੇ ਵੀ ਅਕਾਲੀ ਦਲ ਬਣੇ ਹਨ, ਉਨਾਂ ਨੇ ਲੋਕਾਂ ਖਾਸ ਕਰਕੇ ਸਿੱਖਾਂ ਨੂੰ ਗੁੰਮਰਾਹ ਕਰਨ ਦੀ ਰਾਜਨੀਤੀ ਕੀਤੀ ਹੈ। ਉਨਾਂ ਕਿਹਾ ਕਿ ਫਿਲਹਾਲ ਉਹ ਜਨਤਾ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਅਤੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਨ ਪਰ ਉਹ ਜਨਤਾ ਅਕਾਲੀ ਦਲ ਦਾ ਢਾਂਚਾ ਬਣਾ ਕੇ 1 ਅਗਸਤ ਦੀ ਮੀਟਿੰਗ ਵਿਚ ਗੁਰਦੁਆਰਾ ਕਮੇਟੀ ਅਤੇ ਅਕਾਲੀ ਦਲ ਦੇ ਅਹੁਦੇਦਾਰਾਂ ਤੇ ਮੈਂਬਰਾਂ ਦੀ ਮੀਟਿੰਗ ਵਿਚ ਵਿਚਾਰ ਚਰਚਾ ਕਰਨ ਉਪਰੰਤ ਸਰਬ-ਸੰਮਤੀ ਨਾਲ ਜੋ ਫੈਸਲਾ ਹੋਵੇਗਾ, ਉਸ ਮੁਤਾਬਕ ਉਹ ਕੇਵਲ ਇਕ ਅਹੁਦੇ ’ਤੇ ਹੀ ਬਿਰਾਜਮਾਨ ਰਹਿਣੇ। ਉਨਾਂ ਕਿਹਾ ਕਿ ਜਨਤਾ ਅਕਾਲੀ ਦਲ ਕਿਸਾਨ ਹਿਤੈਸ਼ੀ ਪਾਰਟੀ ਹੈ ਅਤੇ ਅੱਜ ਵੀ ਪਾਰਟੀ ਦੇ ਐਲਾਨ ਉਪਰੰਤ ਮੱਧ ਪ੍ਰਦੇਸ਼ ਦੇ ਮੰਦਸੌਰ ਵਿਚ ਸ਼ਹੀਦ ਹੋਏ 6 ਕਿਸਾਨਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ ਹਨ। ਉਨਾਂ ਕਿਹਾ ਕਿ ਉਨਾਂ ਦੀ ਪਾਰਟੀ ਦਾ ਪੱਖ ਹੈ ਕਿ 1966 ਨੂੰ ਅਧਾਰ ਮੰਨ ਕੇ ਕਿਸਾਨਾਂ ਤੇ ਮਜਦੂਰਾਂ ਸਿਰ ਚੜਿਆ ਕਰਜਾ ਖ਼ਤਮ ਕੀਤਾ ਜਾਵੇਗਾ ਕਿਉਕਿ ਕਿਸੇ ਸਮੇਂ ਅਕਾਲ ਦੀ ਸਥਿਤੀ ਵਾਲਾ ਭਾਰਤ ਅਨਾਜ ਦੇ ਮਾਮਲੇ ਵਿਚ ਹੁਣ ਆਤਮ ਨਿਰਭਰ ਹੈ। ਪਰ ਦੇਸ਼ ਦਾ ਕਿਸਾਨ ਕਰਜ਼ਿਆਂ ਹੇਠ ਆਉਣ ਕਰਕੇ ਖੁਦਕੁਸ਼ੀਆਂ ਲਈ ਮਜਬੂਰ ਹੋ ਰਿਹਾ ਹੈ, ਜਿਨਾਂ ਦੀ ਸਹਾਇਤਾ ਕਰਨੀ ਦੇਸ਼ ਵਾਸੀਆਂ ਦਾ ਪਹਿਲਾ ਫਰਜ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਦੀ ਮਾਨਤਾ ਸਬੰਧੀ ਪੁੱਛੇ ਸਵਾਲ ਤੇ ਉਨਾਂ ਕਿਹਾ ਕਿ ਉਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵਲੋਂ ਸਥਾਪਿਤ ਸ੍ਰੀ ਅਕਾਲ ਤਖ਼ਤ ਨੂੰ ਸਮਰਪਿਤ ਹਨ ਅਤੇ ਜਥੇਦਾਰ ਆਉਦੇ ਜਾਂਦੇ ਰਹਿੰਦੇ ਹਨ।ਉਨਾਂ ਇਹ ਵੀ ਕਿਹਾ ਕਿ ਇਸ ਵਕਤ ਅਕਾਲ ਤਖ਼ਤ ਸਾਹਿਬ ਤੇ ਸਰਕਾਰੀ ਜਥੇਦਾਰ ਕਾਬਜ ਹਨ ਜਦੋਂਕਿ ਸਰਬੱਤ ਖਾਲਸਾ ਵਲੋਂ ਥਾਪੇ ਜਥੇਦਾਰ ਸਮਾਜਿਕ ਜਥੇਦਾਰ ਹਨ।ਸ੍ਰੀ ਅਕਾਲ ਤਖ਼ਤ ਸਾਹਿਬ ਪੇਸ਼ ਹੋ ਕੇ ਤਨਖਾਹ ਲਵਾਉਣ ਬਾਰੇ ਉਨਾਂ ਕਿਹਾ ਕਿ ਇਹ ਸਭ ਉਨਾਂ ਨੇ ਨਵੀਂ ਪਾਰਟੀ ਦੇ ਐਲਾਨ ਲਈ ਰਾਹ ਪੱਧਰਾ ਕਰਨ ਵਜੋਂ ਕੀਤਾ ਸੀ ।
ਪੰਜਾਬ ਦੇ ਪਾਣੀਆਂ ਦੇ ਮਸਲੇ ਬਾਰੇ ਸ੍ਰੀ ਝੀਂਡਾ ਨੇ ਕਿਹਾ ਕਿ ਇਹ ਦੋ ਭਰਾਵਾਂ ਦਾ ਮਾਮਲਾ ਹੈ। ਮਿਲ ਬੈਠ ਕੇ ਹੱਲ ਕਰਾਇਆ ਜਾਵੇਗਾ। ਪੰਜਾਬੀ ਬੋਲਦੇ ਇਲਾਕਿਆਂ ਤੇ ਚੰਡੀਗੜ ਦੇ ਮਸਲਿਆਂ ਦੇ ਹੱਲ ਲਈ ਉਨਾਂ ਨੇ ਮਹਾਂ ਪੰਜਾਬ ਦੀ ਵਕਾਲਤ ਕਰਦਿਆਂ ਕਿਹਾ ਕਿ ਪਾਕਿਸਤਾਨ ਰਹਿ ਗਏ ਪੰਜਾਬ ਬਦਲੇ ਰਾਜਸਥਾਨ, ਗੁਜਰਾਤ ਅਤੇ ਹਰਿਆਣਾ ਤੇ ਆਧਾਰਿਤ ਨਵਾਂ ਪੰਜਾਬ ਬਣਾਉਣਾ ਚਾਹੀਦਾ ਹੈ। ਉਨਾਂ ਹੋਰ ਕਿਹਾ ਕਿ ਅਕਾਲੀਆਂ ਨੇ ਆਪਣੇ ਹਿੱਤਾਂ ਖਾਤਰ ਛੋਟਾ ਜਿਹਾ ਪੰਜਾਬੀ ਸੂਬਾ ਬਣਾਇਆ ਅਤੇ ਉਨਾਂ ਨੇ ਹੁਣ ਤਕ ਪੰਜਾਬੀਆਂ ਖਾਸ ਕਰਕੇ ਧਰਮ ਦਾ ਨਾਸ਼ ਕੀਤਾ ਹੈ। ਇਸੇ ਲਈ ਉਨਾਂ ਨੇ ਨਵਾਂ ਅਕਾਲੀ ਦਲ ਬਣਾੲਅਿਾ ਗਿਆ ਹੈ, ਜੋ ਪੂਰੇ ਦੇਸ਼ ਵਿਚ ਰਹਿੰਦੇ ਸਿੱਖਾਂ ਦੀ ਨੁਮਾਇੰਦਗੀ ਕਰੇਗਾ।
ਇਸ ਮੌਕੇ ਸਰਪ੍ਰਸਤ ਅਵਤਾਰ ਸਿੰਘ ਚੱਕੂ, ਸੈਕਟਰੀ ਜਨਰਲ ਜੋਗਾ ਸਿੰਘ ਯਮੁਨਾਨਗਰ, ਸੀਨੀਅਰ ਮੀਤ ਪ੍ਰਧਾਨ ਹਰਪ੍ਰੀਤ ਸਿੰਘ ਨਰੂਲਾ, ਸੀਨੀਅਰ ਉਪ ਪ੍ਰਧਾਨ ਰਣਜੀਤ ਸਿੰਘ, ਖਜ਼ਾਨਚੀ ਅਮਨਦੀਪ ਸਿੰਘ ਗਿੱਲ ਕਰਨਾਲ, ਹਰਿਆਣਾ ਪ੍ਰਧਾਨ ਅੰਗਰੇਜ਼ ਸਿੰਘ ਵੜੈਚ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …
Punjab Post Daily Online Newspaper & Print Media