Wednesday, March 18, 2026

ਨਾ ਪੈਸਾ ਖਾਣਾ ਤੇ ਨਾ ਖਾਣ ਦਿਆਂਗਾ – ਨਵਜੋਤ ਸਿੱਧੂ

ਅੰਮ੍ਰਿਤਸਰ ਵਿਚ ਕੀਤੀ ਸਾਂਝੀ ਰਸੋਈ ਦੀ ਸ਼ੁਰੂਆਤ
ਅੰਮ੍ਰਿਤਸਰ, 10 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ) – ਸਥਾਨਕ ਸਰਕਾਰਾਂ ਮੰਤਰੀ  ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਲੋਕਾਂ ਦੀਆਂ ਮੁੱਢਲੀਆਂ ਜ਼ਰੂਰਤਾਂ, ਜਿਸ ਵਿਚ ਰੋਟੀ PPN1006201718ਅਤੇ ਘਰ ਮੁੱਖ ਤੌਰ ’ਤੇ ਸ਼ਾਮਿਲ ਹਨ, ਨੂੰ ਪੂਰਾ ਕਰਨ ਦੇ ਵਾਅਦੇ ਨਾਲ ਸੱਤਾ ਵਿਚ ਆਈ ਹੈ ਅਤੇ ਇੰਨਾਂ ਨੂੰ ਹਰ ਹਾਲ ਪੂਰਾ ਕੀਤਾ ਜਾਵੇਗਾ।ਅੱਜ ਅੰਮਿ੍ਰਤਸਰ ਵਿਖੇ 10 ਰੁਪਏ ਵਿਚ ਦੁਪਿਹਰ ਦਾ ਖਾਣਾ ਦੇਣ ਲਈ ਸ਼ੁਰੂ ਕੀਤੀ ਗਈ ਸਾਂਝੀ ਰਸੋਈ ਦੀ ਸ਼ੁਰੂਆਤ ਮੌਕੇ ਪ੍ਰੈਸ ਨਾਲ ਗੱਲਬਾਤ ਕਰਦੇ  ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੋਚ ਸਦਕਾ ਸਾਰੇ ਪੰਜਾਬ ਵਿਚ ਲੋਕਾਂ ਨੂੰ ਬਹੁਤ ਹੀ ਸਸਤੀ ਦਰ ’ਤੇ ਪੌਸ਼ਟਿਕ ਖਾਣਾ ਦੇਣ ਦੇ ਮਨਸ਼ੇ ਨਾਲ ਇਹ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ ਅਤੇ ਇਹ ਸਰਕਾਰ ਦੀ ਵਿਚਾਰਧਾਰਾ ਦੀ ਪ੍ਰਤੀਨਿਧਤਾ ਕਰਦਾ ਹੈ, ਜਿਸ ਵਿਚ ਜਿਲਾ ਪ੍ਰਸ਼ਾਸਨ ਦੇ ਨਾਲ-ਨਾਲ ਸ਼ਹਿਰ ਵਾਸੀ ਖ਼ੁਦ ਅੱਗੇ ਆ ਰਹੇ ਹਨ।
ਆ ਰਹੀਆਂ ਨਗਰ ਕੌਸ਼ਲ ਚੋਣਾਂ ਬਾਰੇ ਪੁੱਛੇ ਜਾਣ ’ਤੇ  ਸਿੱਧੂ ਨੇ ਕਿਹਾ ਕਿ ਸ਼ਹਿਰ ਵਾਸੀਆਂ ਨੇ ਜਿੰਨਾਂ ਸੁਪਨਿਆਂ ਨੂੰ ਮਨ ਵਿਚ ਲੈ ਕੇ ਕਾਂਗਰਸ ਪਾਰਟੀ ਨੂੰ ਵੋਟਾਂ ਦੇ ਕੇ ਸਰਕਾਰ ਬਣਾਈ ਹੈ, ਪੰਜਾਬ ਸਰਕਾਰ ਉਨਾਂ ਸੁਪਨਿਆਂ ਨੂੰ ਪੂਰਾ ਕਰੇਗੀ ਅਤੇ ਹਰੇਕ ਸ਼ਹਿਰ ਦੇ ਪੂਰੀ ਤਰਤੀਬ ਨਾਲ ਵਿਕਾਸ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਆ ਰਹੇ ਬਜਟ ਸੈਸ਼ਨ ਵਿਚ ਸ਼ਹਿਰਾਂ ਦੇ ਵਿਕਾਸ ਲਈ ਫੰਡ ਰੱਖਿਆ ਜਾਵੇਗਾ। ਉਨਾਂ ਸਪੱਸ਼ਟ ਕੀਤਾ ਕਿ ਉਹ ਕਿਸੇ ਵੀ ਤਰਾਂ ਦੇ ਭਿ੍ਰਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕਰਨਗੇ ਅਤੇ ਸਾਫ-ਸੁਥਰਾ ਪ੍ਰਬੰਧ ਲੋਕਾਂ ਨੂੰ ਦੇਣਗੇ।
ਸੈਰ ਸਪਾਟਾ ਵਿਭਾਗ ਦੀ ਗੱਲ ਕਰਦੇ ਉਨਾਂ ਕਿਹਾ ਕਿ ਛੇਤੀ ਹੀ ਇਹ ਵਿਭਾਗ ਪੰਜਾਬ ਦੇ ਲੋਕਾਂ ਅਤੇ ਪੰਜਾਬ ਸਰਕਾਰ ਦੀ ਕਮਾਈ ਦਾ ਵੱਡਾ ਸਰੋਤ ਬਣੇਗਾ ਅਤੇ ਪੰਜਾਬ ਘੰੁਮਣ-ਫਿਰਨ ਵਾਲੇ ਲੋਕਾਂ ਦੀ ਪਹਿਲੀ ਪਸੰਦ ਬਣਕੇ ਉਭਰੇਗਾ। ਉਨਾਂ ਕਿਹਾ ਕਿ ਪੰਜਾਬ ਕੋਲ ਇਤਹਾਸ ਅਤੇ ਵਿਰਾਸਤ ਦਾ ਵੱਢਮੁੱਲਾ ਖਜਾਨਾ ਹੈ, ਪਰ ਬਦਕਿਸਮਤੀ ਇਹ ਰਹੀ ਕਿ ਪਿਛਲੀ ਸਰਕਾਰ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ।ਉਨਾਂ ਬਾਦਲ ਪਰਿਵਾਰ ਦਾ ਨਾਮ ਲੈ ਕੇ ਕਿਹਾ ਕਿ ਉਹ ਆਪ ਤਾਂ ਵੱਡੇ ਹੋਟਲ ਕਾਇਮ ਕਰ ਗਏ, ਪਰ ਪੰਜਾਬ ਸਰਕਾਰ ਦੇ 25 ਹੋਟਲਾਂ ਨੂੰ ਤਾਲੇ ਲਗਾ ਗਏ। ਪੰਜਾਬ ਦੀ ਰੋਡਵੇਜ ਅਤੇ ਪੈਪਸੂ ਬੱਸ ਸੇਵਾ ਤਾਂ ਲਗਾਤਾਰ ਘਾਟੇ ਵਿਚ ਚਲੇ ਗਈ ਪਰ ਬਾਦਲ ਪਰਿਵਾਰ 650 ਬੱਸਾਂ ਦਾ ਮਾਲਕ ਬਣ ਗਿਆ।
ਅੰਮਿ੍ਰਤਸਰ ਸ਼ਹਿਰ ਦੇ ਵਿਕਾਸ ਦੀ ਗੱਲ ਕਰਦੇ ਉਨਾਂ ਕਿਹਾ ਕਿ ਇਥੇ ਬੱਚਿਆਂ ਲਈ ਖੇਡ ਸਟੇਡੀਅਮ ਬਨਾਉਣਾ ਅਤੇ ਕੂੜੇ-ਕੜਕਟ ਦਾ ਸੁਚੱਜਾ ਪ੍ਰਬੰਧ ਕਰਕੇ ਸ਼ਹਿਰ ਨੂੰ ਸਾਫ ਸੁਥਰਾ ਬਣਾਇਆ ਜਾਵੇਗਾ। ਜਿਲੇ ਦੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਵੱਲੋਂ ਜਿਲਾ ਵਾਸੀਆਂ ਲਈ ਕੀਤੇ ਜਾ ਰਹੇ ਕੰਮਾਂ ਅਤੇ ਅਪਨਾਈ ਸੋਚ ਦੀ ਸਿਫਤ ਕਰਦੇ  ਸਿੱਧੂ ਨੇ ਕਿਹਾ ਕਿ ਸੰਘਾ ਸਾਹਿਬ ਪੰਜਾਬ ਦੇ ਨੰਬਰ ਇਕ ਡਿਪਟੀ ਕਮਿਸ਼ਨਰ ਹਨ ਅਤੇ ਮੈਨੂੰ ਇੰਨਾਂ ’ਤੇ ਮਾਣ ਹੈ।
ਸਾਂਝੀ ਰਸੋਈ ਦੀ ਗੱਲ ਕਰਦੇ  ਸਿੱਧੂ ਨੇ ਕਿਹਾ ਕਿ ਇਸ ਦਾ ਮੁੱਖ ਉਦੇਸ਼ ਇਹ ਹੈ ਕਿ ਕੋਈ ਵੀ ਲੋੜਵੰਦ ਭੁੱਖਾ ਨਾ ਰਹੇ ਅਤੇ ਇਸ ਦੀ ਲਾਗਤ ਐਨੀ ਘੱਟ ਰੱਖੀ ਗਈ ਹੈ ਕਿ ਹਰ ਕੋਈ ਇਹ ਰਕਮ ਖਾਣੇ ਲਈ ਖਰਚ ਕਰ ਸਕੇ ਪਰ ਉਸਦੇ ਸਵੈਮਾਨ ਨੂੰ ਵੀ ਠੇਸ ਨਾ ਪੁੱਜੇ। ਉਨਾਂ ਕਿਹਾ ਕਿ ਫਿਲਹਾਲ ਗੁਰੂ ਨਾਨਕ ਹਸਪਤਾਲ ਅਤੇ ਸਿਵਲ ਹਸਪਤਾਲ ਨੂੰ ਇਸਦੇ ਦਾਇਰੇ ਵਿਚ ਲਿਆਂਦਾ ਗਿਆ ਹੈ, ਪਰ ਭਵਿੱਖ ਵਿਚ ਇਸਦਾ ਘੇਰਾ ਵਧਾ ਕੇ ਹੋਰ ਜਨਤਕ ਥਾਂ ਇਸ ਫੂਡ ਕੋਰਟ ਵਿਚ ਸ਼ਾਮਿਲ ਕੀਤੇ ਜਾਣਗੇ।ਉਨਾਂ ਨੇ ਦੱਸਿਆ ਕਿ ਇਸ ਪ੍ਰੋਜੈਕਟ ਨੂੰ ਰੈਡ ਕ੍ਰਾਸ ਸੁਸਾਇਟੀ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਚਲਾਵੇਗੀ।
ਇਸ ਮੌਕੇ ਵਿਧਾਇਕ ਡਾ. ਰਾਜ ਕੁਮਾਰ ਵੇਰਕਾ, ਵਿਧਾਇਕ ਸ੍ਰੀ ਸੁਨੀਲ ਦੱਤੀ, ਡਿਪਟੀ ਕਮਿਸ਼ਨਰ  ਕਮਲਦੀਪ ਸਿੰਘ ਸੰਘਾ, ਵਧੀਕ ਡਿਪਟੀ ਕਮਿਸ਼ਨਰ ਰਵਿੰਦਰ ਸਿੰਘ, ਐਸ.ਡੀ.ਐਮ ਰਾਜੇਸ਼ ਸ਼ਰਮਾ, ਐਸ.ਡੀ.ਐਮ ਰਜਤ ਉਬਰਾਏ, ਜੀ.ਏ ਸ੍ਰੀ ਵਿਕਾਸ ਹੀਰਾ ਤੇ ਮੈਡਮ ਅਲਕਾ, ਚੀਫ ਖਾਲਸਾ ਦੀਵਾਨ ਦੇ ਪ੍ਰਧਾਨ  ਚਰਨਜੀਤ ਸਿੰਘ ਚੱਢਾ, ਆਨਰੇਰੀ ਸਕੱਤਰ  ਨਰਿੰਦਰ ਸਿੰਘ ਖੁਰਾਣਾ,  ਅਵਤਾਰ ਸਿੰਘ ਟਰੱਕਾਂ ਵਾਲਾ, ਸ੍ਰੀਮਤੀ ਮਨਜੀਤ ਕੌਰ ਅਤੇ ਹੋਰ ਸਖਸ਼ੀਅਤਾਂ ਹਾਜਰ ਸਨ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply