ਕਾਂਗਰਸ ਤੋਂ ਚੋਣ ਵਾਅਦਿਆਂ ਬਾਰੇ ਲੋਕ ਜਵਾਬ ਮੰਗ ਰਹੇ ਹਨ – ਮਜੀਠੀਆ
ਅੰਮ੍ਰਿਤਸਰ, 12 ਜੂਨ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵੱਲੋਂ ਕਾਂਗਰਸ ਸਰਕਾਰ ਦੇ ਹੋਣ ਵਿੱਚ ਆਉਣ ਤੋਂ ਮਹਿਜ਼ ਤਿੰਨ ਮਹੀਨਿਆਂ ਵਿੱਚ ਹੀ ਕਾਂਗਰਸ ਸਰਕਾਰ ਦੀਆਂ
ਲੋਕ ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਅੱਜ ਜ਼ਿਲ੍ਹਾ ਪੱਧਰ ਤੇ ਪਲੇਠੇ ਧਰਨਿਆਂ ਰਾਹੀਂ ਬਿਗਲ ਵਜਾਦਿਤਾ ਗਿਆ ਹੈ।
ਅੰਮ੍ਰਿਤਸਰ ਦੇ ਜ਼ਿਲ੍ਹਾ ਕਚਹਿਰੀ ਵਿਖੇ ਅਤਿ ਦੀ ਗਰਮੀ ਵਿੱਚ ਦਿੱਤੇ ਗਏ ਧਰਨੇ ਵਿੱਚ ਅਕਾਲੀ ਭਾਜਪਾ ਆਗੂਆਂ ਵਰਕਰਾਂ ਤੋਂ ਇਲਾਵਾ ਲੋਕਾਂ ਨੇ ਵੀ ਭਾਰੀ ਗਿਣਤੀ `ਚ ਹਿੱਸਾ ਲਿਆ।ਧਰਨੇ ਨੂੰ ਅਕਾਲੀ ਆਗੂ ਤੇ ਸਾਬਕਾ ਮੰਤਰੀ ਵਿਧਾਇਕ ਬਿਕਰਮ ਸਿੰਘ ਮਜੀਠੀਆ, ਜਥੇਦਾਰ ਗੁਲਜ਼ਾਰ ਸਿੰਘ ਰਣੀਕੇ, ਭਾਜਪਾ ਸੰਸਦ ਸ਼ਵੇਤ ਮਲਿਕ, ਤਰੁਨ ਚੁੱਘ, ਸਾਬਕਾ ਮੰਤਰੀ ਅਨਿਲ ਜੋਸ਼ੀ, ਮੇਅਰ ਬਖਸ਼ੀ ਰਾਮ ਅਰੋੜਾ, ਸਾਬਕਾ ਵਿਧਾਇਕ ਤੇ ਜ਼ਿਲ੍ਹਾ ਪ੍ਰਧਾਨ ਵੀਰ ਸਿੰਘ ਲੋਪੋਕੇ, ਬੋੜੀ ਅਮਰਪਾਲ ਸਿੰਘ ਅਜਨਾਲਾ, ਸ਼ਹਿਰੀ ਪ੍ਰਧਾਨ ਗੁਰਪ੍ਰਤਾਪ ਸਿੰਘ ਟਿਕਾ, ਮਲਕੀਤ ਸਿੰਘ ਏ ਆਰ, ਡਾ: ਦਲਬੀਰ ਸਿੰਘ ਵੇਰਕਾ, ਮਨਜੀਤ ਸਿੰਘ ਮੰਨਾ, ਭਾਜਪਾ ਸ਼ਹਿਰੀ ਪ੍ਰਧਾਨ ਰਾਜੇਸ਼ ਹਨੀ, ਕੇਵਲ ਗਿੱਲ, ਰਾਜੇਸ਼ ਗਿੱਲ, ਰਾਜਿੰਦਰ ਮੋਹਨ ਸਿੰਘ ਛੀਨਾ ਨੇ ਸੰਬੋਧਨ ਕਰਦਿਆਂ ਲੋਕਾਂ ਨੂੰ ਕਾਂਗਰਸ ਦੀਆਂ ਵਾਅਦਾ ਖਿਲਾਫੀਆਂ, ਕਿਸਾਨ ਆਤਮਹਤਿਆਵਾਂ ਅਤੇ ਦਲਿਤ ਲੋਕਾਂ ’ਤੇ ਕੀਤੇ ਜਾ ਰਹੇ ਅੱਤਿਆਚਾਰਾਂ ਵਿਰੁੱਧ ਕਾਂਗਰਸ ਨੂੰ ਰਜ ਕੇ ਕੋਸਿਆ। ਢਾਈ-ਤਿੰਨ ਘੰਟੇ ਧਰਨਾ ਦੇਣ ਉਪਰੰਤ ਅਕਾਲੀ ਭਾਜਪਾ ਆਗੂਆਂ ਦੇ ਇੱਕ ਵਫ਼ਦ ਵੱਲੋਂ ਰਾਜਪਾਲ ਪੰਜਾਬ ਨੂੰ ਡੀ ਸੀ ਅਤੇ ਏ ਡੀ ਸੀ ਰਾਹੀਂ ਇੱਕ ਮੰਗ ਪੱਤਰ ਦਿੱਤਾ ਗਿਆ।
ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪਾਰਟੀ ਚਾਹੁੰਦੀ ਸੀ ਕਿ ਕਾਂਗਰਸ ਸਰਕਾਰ ਨੂੰ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਿਆਂ ਕਰਨ ਲਈ ਵਧ ਤੋਂ ਵਧ ਟਾਈਮ ਦਿੱਤਾ ਜਾਵੇ, ਪਰ ਸਰਕਾਰ ਦੇ ਮਹਿਜ਼ ਤਿੰਨ ਮਹੀਨਿਆਂ ਵਿੱਚ ਹੀ ਲੋਕ ਸਰਕਾਰ ਦੀਆਂ ਨੀਤੀਆਂ ਤੋਂ ਤਰਾਹ ਤਰਾਹ ਕਰ ਉੱਠੇ ਹਨ। ਜੇ ਸਰਕਾਰ ਹੁਣ ਵੀ ਨਾ ਸੰਭਲੀ ਤਾਂ ਸੜਕਾਂ ਰੋਕ ਦਿੱਤੀਆਂ ਜਾਣਗੀਆਂ।ਉਹਨਾਂ ਰਾਹੁਲ ਗਾਂਧੀ ’ਤੇ ਚੋਟ ਮਾਰਦਿਆਂ ਕਿਹਾ ਕਿ ਰਾਹੁਲ ਮੱਧ ਪ੍ਰਦੇਸ਼ ਵਿੱਚ ਤਾਂ ਕਿਸਾਨਾਂ ਦੇ ਅੰਦੋਲਨ ਵਿੱਚ ਪਹੁੰਚਣ ਲਈ ਤਰਲੋਮੱਛੀ ਰਿਹਾ, ਪਰ ਉਹ ਬੀਤੇ ਦਿਨੀਂ ਪੰਜਾਬ ਦੌਰੇ ’ਤੇ ਆਉਣ ਦੇ ਬਾਵਜੂਦ ਖੁਦਕੁਸ਼ੀ ਕਰ ਗਏ ਕਿਸੇ ਕਿਸਾਨ ਦੇ ਪਰਿਵਾਰ ਨੂੰ ਮਿਲਣ ਨਹੀਂ ਗਏ ।ਉਹਨਾਂ ਕਾਂਗਰਸ ਸਰਕਾਰ ਨੂੰ ਯਾਦ ਦਿਵਾਇਆ ਕਿ ਉਹਨਾਂ ਚੋਣਾਂ ਦੌਰਾਨ ਕਿਸਾਨਾਂ ਦਾ ਸਾਰਾ ਕਰਜ਼ਾ ਬਿਨਾ ਸ਼ਰਤ ਮੁਆਫ਼ ਕਰਨ ਦਾ ਐਲਾਨ ਕੀਤਾ ਸੀ। ਉਹਨਾਂ 51 ਹਜ਼ਾਰ ਸ਼ਗਨ ਦੇਣ, 2500 ਬੇਰੁਜ਼ਗਾਰੀ ਭੱਤਾ ਦੇਣ ਅਤੇ 2000 ਰੁਪੈ ਪੈਨਸ਼ਨ ਦੇਣ, 300 ਯੂਨਿਟ ਬਿਜਲੀ ਫਰੀ ਦੇਣ ਆਦਿ ਵਾਅਦਿਆਂ ਨੂੰ ਵੀ ਯਾਦ ਦਿਵਾਇਆ।
ਮਜੀਠੀਆ ਨੇ ਡੀ.ਸੀ ਨੂੰ ਕਿਹਾ ਕਿ ਉਹਨਾਂ ਨੇ ਸੱਸਤੀ ਰਸੋਈ ਲਈ ਇੱਕ ਆਈਟਮ ਪਰਾਉਂਠਿਆਂ ਦੀ ’ਰਾਣਾ ਛੋਟੂ’’ ਰੇਹੜੀ ਲੈ ਕੇ ਆਏ ਹਨ, ਜਿਸ ਵਿੱਚ ਪਰਾਉਂਠਿਆਂ ਨਾਲ ਮਹਿੰਗੀ ਰੇਤ ਵੀ ਪਰੋਸੀ ਜਾਵੇਗੀ।ਉਹਨਾਂ ਕਿਹਾ ਕਿ ਸਰਕਾਰ ਨੂੰ ਬੇਅੰਤ ਸਿੰਘ ਦਾ ਪੋਤਰਾ ਅਤੇ ਮੰਤਰੀ ਰਾਣਾ ਗੁਰਜੀਤ ਦਾ ਰਸੋਈਆ ਹੀ ਬੇਰੁਜ਼ਗਾਰ ਅਤੇ ਲੋੜਵੰਦ ਨਜ਼ਰ ਆਏ ਹਨ ਜਿਨ੍ਹਾਂ ਨੂੰ ਉਹਨਾਂ ਡੀ.ਐਸ.ਪੀ ਲਾਉਂਦਿਆਂ ਨੌਕਰੀ ਦਿੱਤੀ ਅਤੇ ਰਸੋਈਏ ਨੂੰ ਜਿਸ ਦੀ ਆਮਦ ਸਿਰਫ਼ 9 ਹਜ਼ਾਰ ਰੁਪੈ ਮਹੀਨਾ ਹੈ ਨੂੰ 26 ਕਰੋੜ ਦੀ ਖੱਡ ਨਿਲਾਮ ਕੀਤੀ ਗਈ। ਉਹਨਾਂ ਉਹਨਾਂ ਖੱਡਾਂ ਦੀ ਨਿਲਾਮੀ ਪ੍ਰਤੀ ਸੀ ਬੀ ਆਈ ਤੋਂ ਜਾਂਚ ਦੀ ਮੰਗ ਕੀਤੀ ਹੈ।
ਭਾਜਪਾ ਸੰਸਦ ਸ੍ਰੀ ਸ਼ਵੇਤ ਮਲਿਕ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਰਾਜ ਵਿੱਚ ਮੰਤਰੀਆਂ ਵੱਲੋਂ ਸ਼ਰੇਆਮ ਆਪਣੀ ਤਾਕਤ ਦਾ ਗਲਤ ਇਸਤੇਮਾਲ ਕੀਤਾ ਜਾ ਰਿਹਾ ਹੈ।ਜ਼ਿਲ੍ਹਾ ਪ੍ਰਸ਼ਾਸਨ ਰਾਹੀ ਰਾਜਪਾਲ ਪੰਜਾਬ ਨੂੰ ਦਿੱਤੇ ਗਏ ਮੰਗ ਪੱਤਰ ਵਿੱਚ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਵੱਲੋਂ ਕੀਤੇ ਗਏ ਰੇਤਾਂ ਦੇ ਸਕੈਂਡਲ ਦੀ ਸੀ.ਬੀ.ਆਈ/ਈ.ਡੀ ਜਾਂਚ ਕਰਾਉਣ, ਇਸ ਗੈਰ ਕਾਨੂੰਨੀ ਕਾਰਵਾਈ ਲਈ ਰਾਣਾ ਗੁਰਜੀਤ ਸਿੰਘ ਨੂੰ ਮੰਤਰੀ ਪੱਦ ਤੋਂ ਹਟਾਉਣ ਅਤੇ ਉਸ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਲਈ ਮੰਗ ਉਠਾਈ ਗਈ।
ਧਰਨੇ ’ਚ ਗਰੀਬਾਂ ਦੀਆਂ ਪੈਨਸ਼ਨਾਂ, ਨੀਲੇ ਕਾਰਡ ਅਤੇ ਸ਼ਗਨ ਸਕੀਮਾਂ ਨੂੰ ਬੰਦ ਕਰਨ ਵਾਲੀ ਕਾਂਗਰਸ ਸਰਕਾਰ ਮੁਰਦਾਬਾਦ, ਰੇਤ ਦੇ ਟੈਂਡਰਾਂ ਵਿੱਚ ਕਰੋੜਾਂ ਦੇ ਘਪਲੇ ਦੇ ਦੋਸ਼ੀ ਰਾਣਾ ਗੁਰਜੀਤ ਨੂੰ ਬਰਖ਼ਾਸਤ ਕਰੋ, ਸੈਂਕੜੇ ਕਿਸਾਨਾਂ ਦੀ ਮੌਤ ਦੀ ਜ਼ਿੰਮੇਵਾਰ ਕਾਂਗਰਸ ਸਰਕਾਰ ਮੁਰਦਾਬਾਦ, ਪੰਜਾਬ ਵਿੱਚ ਗੈਂਗਸਟਰਾਂ ਅਤੇ ਗੁੰਡਾਗਰਦੀ ਨੂੰ ਸ਼ੈਅ ਦੇਣ ਵਾਲੀ ਕਾਂਗਰਸ ਸਰਕਾਰ ਮੁਰਦਾਬਾਦ ਦੇ ਬੈਨਰ ਲੱਗੇ ਹੋਏ ਸਨ। ਇਸ ਮੌਕੇ ਸ: ਮਜੀਠੀਆ ਵੱਲੋਂ ਪਰਾਉਂਠਿਆਂ ਵਾਲੀ ਰਾਣਾ ਛੋਟੂ ਹਾਈਵੇ ਢਾਬਾ ਦੇ ਨਾਮ ’ਤੇ ਇੱਕ ਰੇਹੜੀ ਲਾਈ ਗਈ ਜਿਸ ’ਤੇ ਇਥੇ ਰੇਤ ਦੇ ਸਪੈਸ਼ਲ ਪਰੌਂਠੇ ਮਿਲਦੇ ਹਨ ਲਿਖਿਆ ਹੋਇਆ ਸੀ।
ਇਸ ਮੌਕੇ ਹੋਰਨਾਂ ਤੋ ਇਲਾਵਾ ਤਲਬੀਰ ਸਿੰਘ ਗਿੱਲ, ਰਾਕੇਸ਼ ਪ੍ਰਾਸ਼ਰ, ਭਾਈ ਰਜਿੰਦਰ ਸਿੰਘ ਮਹਿਤਾ, ਭਾਈ ਰਾਮ ਸਿੰਘ, ਸੁਰਜੀਤ ਸਿੰਘ ਭਿਟੇਵਡ, ਮਗਵਿੰਦਰ ਸਿੰਘ ਖਾਪੜਖੇੜੀ, ਬਾਵਾ ਸਿੰਘ ਗੁਮਾਨਪੁਰਾ, ਬਿਕਰਮਜੀਤ ਸਿੰਘ ਕੋਟਲਾ, ਭਗਵੰਤ ਸਿੰਘ ਸਿਆਲਕਾ, ਜੋਧ ਸਿੰਘ ਸਮਰਾ, (ਸਾਰੇ ਸ਼੍ਰੋਮਣੀ ਕਮੇਟੀ ਮੈਂਬਰ), ਦਿਲਬਾਗ ਸਿੰਘ ਵਡਾਲੀ, ਗੁਰਪ੍ਰੀਤ ਸਿੰਘ ਰੰਧਾਵਾ, ਕਿਰਨਪ੍ਰੀਤ ਸਿੰਘ ਮੋਨੂੰ, ਨਿਰਭੈ ਸਿੰਘ, ਜੌਲੀ ਡਿਪਟੀ ਮੇਅਰ, ਦਿਲਬਾਗ ਸਿੰਘ ਕੌਂਸਲਰ, ਸੁਖਵਿੰਦਰ ਸਿੰਘ ਗੋਲਡੀ, ਬੀਬੀ ਵਜਿੰਦਰ ਕੌਰ ਵੇਰਕਾ, ਬੀਬੀ ਰਾਜਬੀਰ ਕੰਗ, ਬੀਬੀ ਚਰਨਜੀਤ ਕੌਰ, ਧਰਮ ਕੌਰ, ਬੀਬੀ ਰਾਜਵਿੰਦਰ ਕੌਰ, ਗੁਰਮੀਤ ਕੌਰ, ਕੁਲਵਿੰਦਰ ਕੌਰ, ਕੌਂਸਲਰ ਡਾ: ਸੁਭਾਸ਼ ਪੱਪੀ, ਜਰਨੈਲ ਢੋਟ, ਅਨੁਜ ਸਿੱਕਾ, ਸੁਰੇਸ਼ ਮਹਾਜਨ, ਬਲਦੇਵ ਬੱਗਾ, ਪ੍ਰੀਤਪਾਲ ਫੌਜੀ, ਸੁਖਮਿੰਦਰ ਪਿੰਟੂ, ਅਨਿਲ ਭੱਟੀ, ਸਲੀਲ ਕਪੂਰ ਅਤੇ ਪ੍ਰੋ: ਸਰਚਾਂਦ ਸਿੰਘ ਸਮੇਤ ਬਹੁਤ ਸਾਰੇ ਪੰਚ ਸਰਪੰਚ ਅਤੇ ਅਕਾਲੀ ਭਾਜਪਾ ਵਰਕਰ ਮੌਜੂਦ ਸਨ।
Punjab Post Daily Online Newspaper & Print Media