Thursday, June 25, 2026

ਅੰਮ੍ਰਿਤਸਰ ਵਿਚ ਬਣੇਗੀ ਮਾਸਟਰ ਤਾਰਾ ਸਿੰਘ ਦੀ ਯਾਦਗਾਰ- ਨਵਜੋਤ ਸਿੱਧੂ

ਮਾਸਟਰ ਜੀ ਵਰਗੇ ਅਕਾਲੀਆਂ ਦੇ ਪੈਂਰੀ ਹੱਥ ਲਗਾਉਣ ਨੂੰ ਜੀ ਕਰਦਾ – ਸਿੱਧੂ
ਅੰਮ੍ਰਿਤਸਰ, 24 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ) – ਪੰਜਾਬ ਸਰਕਾਰ ਵੱਲੋਂ ਪੰਥਕ ਆਗੂ ਮਾਸਟਰ ਤਾਰਾ ਸਿੰਘ ਦੀ ਯਾਦ ਵਿਚ ਕਰਵਾਏ ਗਏ ਰਾਜ ਪੱਧਰੀ PPN2406201716ਸਮਾਗਮ ਨੂੰ ਸੰਬੋਧਨ ਕਰਦੇ ਸਥਾਨਕ ਸਰਕਾਰਾਂ, ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ ਮੰਤਰੀ ਪੰਜਾਬ ਸ. ਨਵਜੋਤ ਸਿੰਘ ਸਿੱਧੂ  ਨੇ ਐਲਾਨ ਕੀਤਾ ਕਿ ਛੇਤੀ ਹੀ ਅੰਮ੍ਰਿਤਸਰ ਵਿਚ ਮਾਸਟਰ ਤਾਰਾ ਸਿੰਘ ਦੀ ਯਾਦਗਾਰ ਬਣਾਈ ਜਾਵੇਗੀ, ਜੋ ਕਿ ਸਾਡੀ ਮੌਜੂਦਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੇਸ਼ ਤੇ ਕੌਮ ਲਈ ਆਪਾ ਵਾਰਨ ਦੀ ਪ੍ਰੇਰਨਾ ਦੇਵੇਗੀ। ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦੇ ਸ. ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਐਲਾਨ ਕਰਦੇ ਕਿਹਾ ਕਿ ਇਹ ਯਾਦਗਾਰ ਉਨਾਂ ਦੇ ਪਰਿਵਾਰ ਦੀ ਇੱਛਾ ਅਨੁਸਾਰ ਬਣਾਈ ਜਾਵੇਗੀ ਅਤੇ ਜਿੱਥੇ ਉਹ ਕਹਿਣਗੇ, ਉਥੇ ਇਹ ਯਾਦਗਾਰ ਬਣੇਗੀ। ਉਨਾਂ ਕਿਹਾ ਕਿ ਮਾਸਟਰ ਤਾਰਾ ਸਿੰਘ ਪੰਥ ਦੇ ਉਹ ਆਗੂ ਸਨ, ਜੋ ਪੀੜ੍ਹੀ ਦਰ ਪੀੜ੍ਹੀ ਲੋਕ ਦਿਲਾਂ ’ਤੇ ਰਾਜ ਕਰਦੇ ਰਹਿਣਗੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇਸ ਪ੍ਰੋਗਰਾਮ ਕਰਵਾਉਣ ਲਈ ਧੰਨਵਾਦ ਕਰਦੇ ਸ. ਸਿੱਧੂ ਨੇ ਕਿਹਾ ਕਿ ‘ਮੈਂ ਮਰਾਂ-ਮੇਰਾ ਪੰਥ ਜੀਵੇ’ ਦੀ ਸੋਚ ’ਤੇ ਚੱਲਣ ਵਾਲੇ ਨੇਤਾਵਾਂ ਦੀ ਯਾਦ ਵਿਚ ਹੋਏ ਸਮਾਗਮ ਕੌਮਾਂ ਲਈ ਪ੍ਰੇਰਨਾ ਦਾ ਘਰ ਬਣਦੇ ਹਨ।
ਮਾਸਟਰ ਤਾਰਾ ਸਿੰਘ ਨੂੰ ਯਾਦ ਕਰਦਿਆਂ ਸਿੱਧੂ ਨੇ ਕਿਹਾ ਕਿ ਉਹ ਕੌਮ ਦੇ ਅਜਿਹੇ ਆਗੂ ਸਨ, ਜਿੰਨਾਂ ਨੇ ਸਾਰੀ ਉਮਰ ਪੰਥ ਦੇ ਭਲੇ ਅਤੇ ਇਕਜੁੱਟਤਾ ਲਈ ਕੰਮ ਕੀਤਾ ਅਤੇ ਆਪਣਾ ਨਿੱਜ ਤਿਆਗ ਦਿੱਤਾ।ਉਨਾਂ ਕਿਹਾ ਕਿ ਅੱਜ ਮੈਂ ਵਿਧਾਨ ਸਭਾ ਵਿਚ ਅਕਾਲੀ ਵੇਖਦਾ ਹਾਂ ਤਾਂ ਮੇਰਾ ਲੜਨ ਨੂੰ ਜੀਅ ਕਰਦਾ ਹੈ, ਪਰ ਮਾਸਟਰ ਤਾਰਾ ਸਿੰਘ ਵਰਗੇ ਅਕਾਲੀਆਂ ਦੇ ਪੈਂਰੀ ਹੱਥ ਲਾਉਣ ਨੂੰ ਜੀਅ ਕਰ ਰਿਹਾ ਹੈ ਅਤੇ ਇਹ ਫਰਕ ਮੌਜੂਦਾ ਨੇਤਾਵਾਂ ਦੀ ਕਿਰਦਾਰਕੁਸ਼ੀ ਕਰਕੇ ਪੈਦਾ ਹੋਇਆ ਹੈ। ਉਨਾਂ ਕਿਹਾ ਕਿ ਪੰਜਾਬੀਆਂ ਨੂੰ ਚਰਿੱਤਰ ਨਿਰਮਾਣ ਲਈ ਮਾਸਟਰ ਤਾਰਾ ਸਿੰਘ ਵਰਗੇ ਨੇਤਾਵਾਂ ਤੋਂ ਪ੍ਰੇਰਨਾ ਲੈਣ ਦੀ ਲੋੜ ਹੈ, ਜਿੰਨਾਂ ਨੇ ਦੇਸ਼ ਕੌਮ ਦੇ ਭਲੇ ਲਈ ਨਿੱਜੀ ਹਿੱਤਾਂ ਅਤੇ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਕੰਮ ਕੀਤਾ।
ਭਗਤ ਸਿੰਘ ਦਾ ਹਵਾਲਾ ਦਿੰਦੇ ਉਨਾਂ ਕਿਹਾ ਕਿ ਅੱਜ ਜੇ ਸ਼ਹੀਦ ਭਗਤ ਸਿੰਘ ਨੂੰ ਯਾਦ ਕੀਤਾ ਜਾਂਦਾ ਹੈ ਤਾਂ ਉਹ ਉਨਾਂ ਦੀ ਸੋਚ ਅਤੇ ਕੁਰਬਾਨੀ ਕਰਕੇ ਹੈ, ਹੋਰ ਨਾ ਤਾਂ ਉਨਾਂ ਦੀਆਂ ਫੈਕਟਰੀਆਂ ਚੱਲਦੀਆਂ ਸਨ, ਨਾ ਹੋਟਲ ਸਨ ਅਤੇ ਨਾ ਬੱਸਾਂ। ਉਨਾਂ ਕਿਹਾ ਕਿ ਅੱਜ ਸਮਾਜ ਦਾ ਭਰੋਸਾ ਰਾਜਸੀ ਨੇਤਾਵਾਂ ਤੋਂ ਉਠ ਗਿਆ ਹੈ, ਜਿਸ ਨੂੰ ਬਹਾਲ ਕਰਨ ਦੀ ਲੋੜ ਹੈ।ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਨੂੰ ਨਸ਼ਾ ਮੁੱਕਤ ਕਰਨ ਦੇ ਲਏ ਪ੍ਰਣ ’ਤੇ ਬੋਲਦੇ ਸਿੱਧੂ ਨੇ ਕਿਹਾ ਕਿ ਥੋੜ੍ਹੇ ਦਿਨ ਦੇ ਦਿਉ ਪੰਜਾਬ ਵਿਚ ਨਸ਼ਾ ਵੇਚਣ ਵਾਲੇ ਲੱਭਣਗੇ ਨਹੀਂ।
ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਰਾਜਨੀਤੀ ਮੇਰਾ ਧੰਦਾ ਨਹੀਂ।ਮੇਰੀਆਂ ਸਾਰੀਆਂ ਖਾਹਿਸਾਂ 45 ਸਾਲਾਂ ਦੀ ਉਮਰ ਵਿਚ ਪੂਰੀਆਂ ਹੋ ਗਈਆਂ ਸਨ ਅਤੇ ਅੱਜ ਜੇਕਰ ਮੇਰਾ ਸੁਪਨਾ ਹੈ ਤਾਂ ਉਹ ਇਹ ਹੈ ਕਿ ਪੰਜਾਬ ਖੁਸ਼ਹਾਲ ਹੋਵੇ ਅਤੇ ਸਾਰਾ ਦੇਸ਼ ਇਸ ਨੂੰ ਮਾਣ-ਸਨਮਾਨ ਦੀ ਨਜ਼ਰ ਨਾਲ ਵੇਖੇ।
ਸਮਾਗਮ ਨੂੰ ਸੰਬੋਧਨ ਕਰਦੇ ਮਾਸਟਰ ਤਾਰਾ ਸਿੰਘ ਦੇ ਪੋਤ ਨੁੰਹ ਡਾ. ਜਸਪ੍ਰੀਤ ਕੌਰ ਨੇ ਉਨਾਂ ਦੇ ਸੁੰਤਤਰਤਾ ਸੰਗਰਾਮ, ਗੁਰਦੁਆਰਾ ਸੁਧਾਰ ਲਹਿਰ, ਪੰਜਾਬੀ ਸੂਬੇ ਦੇ ਯੋਗਦਾਨ ਨੂੰ ਯਾਦ ਕਰਦੇ ਕਈ ਅਣਛੂਹੇ ਵਰਕੇ ਸਰੋਤਿਆਂ ਨਾਲ ਸਾਂਝੇ ਕੀਤੇ। ਸੰਤ ਸਿੰਘ ਸੁੱਖਾ ਸਿੰਘ ਸੰਸਥਾਵਾਂ ਦੇ ਚੇਅਰਮੈਨ ਪ੍ਰਿੰਸੀਪਲ ਜਗਦੀਸ਼ ਸਿੰਘ, ਜਿੰਨਾਂ ਨੂੰ ਜਵਾਨੀ ਵਿਚ ਮਾਸਟਰ ਤਾਰਾ ਸਿੰਘ ਨਾਲ ਵਿਚਰਨ ਦਾ ਮੌਕਾ ਮਿਲਿਆ ਨੇ ਦੱਸਿਆ ਕਿ ਉਹ ਆਪ ਗਰੀਬੀ ਵਿਚ ਰਹੇ, ਪਰ ਪੰਥ ਦੇ ਪੈਸੇ ਦੀ ਵਰਤੋਂ ਕਿਸੇ ਫਾਲਤੂ ਕੰਮ ਲਈ ਨਾ ਕੀਤੀ ਅਤੇ ਨਾ ਕਰਨ ਦਿੱਤੀ।ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦਿੱਲੀ ਦੇ ਪ੍ਰੋਫੈਸਰ ਅਮਨਪ੍ਰੀਤ ਸਿੰਘ ਗਿੱਲ ਨੇ ਵੀ ਮਾਸਟਰ ਤਾਰਾ ਸਿੰਘ ਦੇ ਜੀਵਨ ’ਤੇ ਆਪਣੇ ਵਿਚਾਰ ਪ੍ਰਗਟ ਕੀਤੇ।
ਨਵਜੋਤ ਸਿੰਘ ਸਿੱਧੂ ਵੱਲੋਂ ਮਾਸਟਰ ਤਾਰਾ ਸਿੰਘ ਦੇ ਪੋਤਰੇ ਨੁੰਹ ਡਾ. ਜਸਪ੍ਰੀਤ ਕੌਰ ਅਤੇ ਪੜਦੋਤਰੇ ਨਵਰੀਤ ਸਿੰਘ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ।ਪ੍ਰੋਗਰਾਮ ਵਿਚ ਅਲਫਾਜ਼ ਥੀਏਟਰ ਗਰੁੱਪ ਵੱਲੋਂ ਨਸ਼ਾ ਵਿਰੋਧੀ ਜਾਗਰੂਕਤਾ ਫੈਲਾਉਂਦਾ ਨਾਟਕ ‘ਤੀਸਰੀ ਜੰਗ’ ਅਤੇ ਸੰਤ ਸਿੰਘ ਸੁੱਖਾ ਸਿੰਘ ਸਕੂਲ ਦੇ ਬੱਚਿਆਂ ਵੱਲੋਂ ਸ਼ਬਦ ਅਤੇ ਕਵੀਸ਼ਰੀ ਪੇਸ਼ ਕੀਤੀ ਗਈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਸ੍ਰੀ ਸੁਨੀਲ ਦੱਤੀ, ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ, ਵਿਧਾਇਕ ਸੰਤੋਖ ਸਿੰਘ ਭਲਾਈਪੁਰਾ, ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ, ਪੁਲਿਸ ਕਮਿਸ਼ਨਰ ਐਸ.ਐਸ ਸ੍ਰੀਵਾਸਤਵਾ, ਕਾਰਪੋਰੇਸ਼ਨ ਕਮਿਸ਼ਨਰ ਗੁਰਲਵਲੀਨ ਸਿੰਘ ਸਿੱਧੂ, ਵਧੀਕ ਡਿਪਟੀ ਕਮਿਸ਼ਨਰ ਰਵਿੰਦਰ ਸਿੰਘ, ਕਾਂਗਰਸ ਦੇ ਸ਼ਹਿਰੀ ਪ੍ਰਧਾਨ ਜੁਗਲ ਕਿਸ਼ੋਰ ਸ਼ਰਮਾ, ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਂ ਵਾਲਾ, ਕੌਸਲਰ ਸੁਖਦੇਵ ਸਿੰਘ ਚਾਹਲ ਹਾਜ਼ਰ ਸਨ।

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …

Leave a Reply