Thursday, June 25, 2026

ਜਥੇਦਾਰ ਦਸਤਾਰ ਤੇ ਦੁਪੱਟੇ ਦੇ ਸਤਿਕਾਰ ਪ੍ਰਤੀ ਸੰਜ਼ੀਦਾ ਹਨ ਤਾਂ ਦੋਸ਼ੀਆਂ ਖਿਲਾਫ ਕਾਰਵਾਈ 1986 ਤੋਂ ਸ਼ੁਰੂ ਹੋਵੇ- ਲਾਲੀ ਮਜੀਠੀਆ

ਅੰਮ੍ਰਿਤਸਰ, 24 ਜੂਨ (ਪੰਜਾਬ ਪੋਸਟ ਬਿਊਰੋ) – ਵਿਧਾਨ ਸਭਾ ਦੇ ਬਜਟ ਸ਼ੈਸ਼ਨ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨਾਲ ਮਾਰਸ਼ਲਾਂ ਦੀ ਹੋਈ ਝੜਪ ਤੋਂ lali-majithiaਦਸਤਾਰ ਅਤੇ ਦੁਪੱਟੇ ਦੀ ਬੇਅਦਬੀ ਦਾ ਲਾਹਾ ਲੈਣ ਲਈ ਪੱਬਾਂ ਭਾਰ ਹੋਏ ਪਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਨੂੰ ਪਹਿਲਾਂ ਆਪਣੀ ਪੀੜ੍ਹੀ ਹੇਠਾਂ ਵੀ ਸੋਟਾ ਫੇਰ ਲੈਣਾ ਚਾਹੀਦਾ ਹੈ ਕਿ ਕੀ ਉਨ੍ਹਾਂ ਦੇ ਰਾਜ ਭਾਗ ਦੌਰਾਨ ਦਸਤਾਰ ਤੇ ਦੁਪੱਟਾ ਮਹਿਫੂਜ ਰਹਿ ਸਕੇ।ਇੱਕ ਪ੍ਰੈਸ ਬਿਆਨ ਰਾਹੀਂ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਉਘੇ ਕਾਂਗਰਸੀ ਆਗੂ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਨੇ ਕਿਹਾ ਹੈ ਕਿ ਵਿਧਾਨ ਸਭਾ ਦੀ ਕਾਰਜਸ਼ੈਲੀ ਦੀ ਮਰਿਆਦਾ ਹੈ ਜਿਸ ਦਾ ਪਾਲਣ ਕਰਨ ਲਈ ਮੁੱਖ ਮੰਤਰੀ ਤੀਕ ਪਾਬੰਦ ਹੁੰਦੇ ਹਨ।ਵਿਧਾਨ ਸਭਾ ਦੇ ਸਪੀਕਰ ਕਿਸ ਨੂੰ ਬੋਲਣ ਦੀ ਇਜਾਜ਼ਤ ਦਿੰਦੇ ਹਨ ਜਾਂ ਨਹੀ ਇਹ ਵੀ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਹੁੰਦਾ ਹੈ।ਲੇਕਿਨ ਆਮ ਆਦਮੀ ਪਾਰਟੀ ਵਿਧਾਇਕਾਂ ਨਾਲ ਜੋ ਕੁੱਝ ਵਾਪਰਿਆ ਹੈ, ਉਸ ਬਾਰੇ ਪਰਕਾਸ਼ ਸਿੰਘ ਬਾਦਲ ਦਾ ਇਹ ਕਹਿਣਾ ਕਿ ਕਾਂਗਰਸ ਨੇ ਵਿਧਾਨ ਸਭਾ ਕਲੰਕਿਤ ਕਰ ਦਿੱਤੀ ਹੈ, ਤਰਕਸੰਗਤ ਨਹੀ ਹੈ।ਵਿਧਾਨ ਸਭਾ ਦੀ ਮਾਣ ਮਰਿਆਦਾ ਭੰਗ ਕਰਨ ਅਤੇ ਇਸ ਦੇ ਮਾਣ ਸਤਿਕਾਰ ਨੂੰ ਢਾਹ ਲਾਣ ਦਾ ਮੁੱਢ ਪਰਕਾਸ਼ ਸਿੰਘ ਬਾਦਲ ਨੇ 1986 ਵਿੱਚ ਬੰਨ੍ਹਿਆ ਸੀ ਜਦੋਂ ਉਸ ਦੀ ਅਗਵਾਈ ਵਿਚ ਅਕਾਲੀ ਵਿਧਾਇਕਾਂ ਨੇ ਸਾਬਤ ਸੂਰਤ ਸਪੀਕਰ ਸੁਰਜੀਤ ਸਿੰਘ ਮਿਨਹਾਸ ਨੂੰ ਬਹੁਤ ਹੀ ਬੇਰਹਿਮੀ ਤੇ ਬੇਦਰਦੀ ਨਾਲ ਕੁਰਸੀ ਤੋਂ ਖਿਚਿਆ ਤੇ ਉਨ੍ਹਾਂ ਦੀ ਦਸਤਾਰ ਤੇ ਕੇਸਾਂ ਦੀ ਬੇਅਦਬੀ ਕੀਤੀ।
ਲਾਲ਼ੀ ਮਜੀਠੀਆ ਨੇ ਕਿਹਾ ਕਿ ਪਰਕਾਸ਼ ਸਿੰਘ ਬਾਦਲ ਨੂੰ ਸ਼ਾਇਦ ਇਹ ਵੀ ਯਾਦ ਨਾ ਹੋਵੇ ਸਾਲ 2002 ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਿੱਜੀ ਸਹਾਇਕ ਖਿਲਾਫ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਦੀ ਮੰਗ ਕਰਨ ਗਏ ਸ਼੍ਰੋਮਣੀ ਖਾਲਸਾ ਪੰਚਾਇਤ ਦੇ ਸਾਬਤ ਸੂਰਤ ਦਸਤਾਰਧਾਰੀ ਸਿੱਖਾਂ ਨੂੰ ਡਾਂਗਾਂ ਨਾਲ ਕੁੱਟਣ ਤੇ ਦਸਤਾਰਾਂ ਦੀ ਬੇਅਦਬੀ ਕਰਨ ਵਾਲਿਆਂ ਵਿਚ ਸਿੱਖ ਸਟੂਡੈਂਟਸ ਫੈਡਰੇਸ਼ਨ, ਬਾਦਲ ਦਲ ਦਾ ਯੂਥ ਵਿੰਗ ਅਤੇ ਸ਼੍ਰੋਮਣੀ ਕਮੇਟੀ ਮੁਲਾਜਮ ਸ਼ਾਮਿਲ ਸਨ।ਇਸੇ ਬਾਦਲ ਦੀ ਸਰਪ੍ਰਸਤੀ ਵਾਲੀ ਸ਼੍ਰੋਮਣੀ ਕਮੇਟੀ ਨਾਲ ਹੋਈ ਝੜਪ ਵਿਚ 2 ਜੁਲਾਈ 2006 ਨੂੰ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਿਮਰਨਜੀਤ ਸਿੰਘ ਮਾਨ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਦੀ ਦਸਤਾਰ ਦੀ ਬੇਅਦਬੀ ਹੋਈ।ਇਸੇ ਸਾਲ 25 ਅਕਤੂਬਰ 2006 ਨੂੰ ਕੱਥੂਨੰਗਲ ਵਿਖੇ ਬਾਬਾ ਬੁੱਢਾ ਜੀ ਦਾ 500 ਸਾਲਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਸੀ, ਜਿਸ ਵਿੱਚ ਸ਼ਮੂਲੀਅਤ ਕਰਨ ਪੁੱਜੇ ਸਿਮਰਨਜੀਤ ਸਿੰਘ ਮਾਨ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਦੀ ਅਗਵਾਈ ਹੇਠਲੇ ਗੁੰਡਿਆਂ ਨੇ ਲਾਠੀਆਂ ਨਾਲ ਕੁੱਟਿਆ ਤੇ ਦਸਤਾਰ ਦਾ ਨਿਰਾਦਰ ਕੀਤਾ।ਉਨਾਂ ਕਿਹਾ ਕਿ ਬਾਦਲਾਂ ਦਾ ਮੰਤਰੀ ਸਿਕੰਦਰ ਸਿੰਘ ਮਲੂਕਾ ਤਾਂ ਧੀਆਂ ਭੈਣਾਂ ਤੇ ਬਜੁਰਗਾਂ ਦੀ ਬੇਜ਼ਤੀ ਕਰਨ ਤੇ ਦਸਤਾਰ, ਦੁਪੱਟੇ ਦਾ ਨਿਰਾਦਰ ਕਰਨ ਦਾ ਮਾਹਿਰ ਹੈ।
ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਨੇ ਕਿਹਾ ਕਿ ਪੰਜਾਬ ਵਿੱਚ ਵਧ ਰਹੇ ਨਸ਼ਿਆਂ ਦੇ ਪ੍ਰਸਾਰ ਨੂੰ ਰੋਕਣ ਦੀ ਮੰਗ ਲੈ ਕੇ ਜਦੋਂ ਉਨਾਂ ਦੀ ਅਗਵਾਈ `ਚ ਇਕ ਵਫਦ ਮਾਰਚ ਦੀ ਸ਼ਕਲ ਵਿੱਚ ਬਿਕਰਮ ਮਜੀਠੀਆ ਦੀ ਅੰਮ੍ਰਿਤਸਰ ਵਾਲੀ ਰਿਹਾਇਸ਼ ਵਲ ਵਧੇ ਤਾਂ ਉਨ੍ਹਾਂ ਉਪਰ ਲਾਠੀਚਾਰਜ ਕਰਵਾਇਆ ਗਿਆ ਤੇ ਜਾਨੋ ਮਾਰਨ ਦੀ ਕੋਸ਼ਿਸ਼ ਕੀਤੀ ਗਈ।ਇਹੀ ਕੁੱਝ ਉਦੋਂ ਵਾਪਰਿਆ ਸੀ, ਇਕ ਪੱਤਰਕਾਰ ਯੂਨੀਅਨ ਦੇ ਵਫਦ ਨਾਲ ਜਿਸ ਨੂੰ ਬਿਕਰਮ ਮਜੀਠੀਆ ਦੇ ਇਸ਼ਾਰਿਆਂ ਤੇ ਡਾਂਗਾਂ ਨਾਲ ਡਰਾਇਆ ਗਿਆ ਤੇ ਇਕ ਬਜੁੱਰਗ ਪੱਤਰਕਾਰ ਦੀ ਦਸਤਾਰ ਲਾਹੀ ਗਈ ।
ਲਾਲੀ ਮਜੀਠੀਆ ਨੇ ਹੋਰ ਕਿਹਾ ਕਿ ਅੱਜ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ: ਕ੍ਰਿਪਾਲ ਸਿੰਘ ਬਡੂੰਗਰ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀਆਂ ਦਸਤਾਰਾਂ ਦਾ ਬੜਾ ਹੇਜ਼ ਜਾਗਿਆ ਹੈ।ਹੇਜ਼ ਜਾਗਣਾ ਵੀ ਚਾਹੀਦਾ ਕਿਉਂਕਿ ਉਹ ਉਸ ਸਿੱਖ ਸੰਸਥਾ ਦੇ ਪ੍ਰਧਾਨ ਹਨ, ਜਿਸ ਨੇ ਸਿੱਖ ਕਕਾਰਾਂ ਤੇ ਸਿਧਾਤਾਂ ਦੀ ਰਾਖੀ ਕਰਨੀ ਹੈ।ਪ੍ਰੰਤੂ ਪ੍ਰੋ: ਬਡੂੰਗਰ ਉਸ ਵੇਲੇ ਕਿਥੇ ਸਨ, ਜਦੋਂ ਅਕਤੂਬਰ 2015 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਿਰਾਦਰ ਦੀਆਂ ਘਟਨਾਵਾਂ ਵਾਪਰੀਆਂ, ਦੋਸ਼ੀਆਂ ਖਿਲਾਫ ਕਾਰਵਾਈ ਦੀ ਸ਼ਾਂਤਮਈ ਢੰਗ ਨਾਲ ਮੰਗ ਕਰ ਰਹੇ ਅੰਮ੍ਰਿਤਧਾਰੀ ਤੇ ਸਾਬਤ ਸੂਰਤ ਸਿੱਖਾਂ ਤੇ ਸਿੱਖ ਪ੍ਰਚਾਰਕਾਂ ਉਪਰ ਬਾਦਲਾਂ ਦੀ ਪੁਲਿਸ ਨੇ ਲਾਠੀਆਂ ਵਰਾ੍ਹਈਆਂ, ਦੋ ਸਿੱਖ ਗੋਲੀਆਂ ਨਾਲ ਮਾਰੇ ਗਏ।ਉਨਾਂ ਕਿਹਾ ਕਿ ਕੁੱਝ ਸਮਾਂ ਪਹਿਲਾਂ ਕੁੱਝ ਬੇਰੁਜਗਾਰ ਕਾਮਿਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਹੁਰਾਂ ਨੂੰ ਮੰਗ ਪੱਤਰ ਦਿੱਤਾ ਸੀ ਕਿ ਬਾਦਲ ਦੀ ਸਰਕਾਰ ਦੇ ਇਸ਼ਾਰੇ `ਤੇ ਸ਼ਾਂਤਮਈ ਢੰਗ ਨਾਲ ਰੋਸ ਪ੍ਰਗਟਾਉਣ ਵਾਲਿਆਂ ਦੀਆਂ ਦਸਤਾਰਾਂ ਤੇ ਦੁਪੱਟੇ ਪੁਲਿਸ ਵਲੋਂ ਰੋਲੇ ਜਾਂਦੇ ਹਨ।
ਲਾਲੀ ਮਜੀਠੀਆ ਨੇ ਸਵਾਲ ਉਠਾਇਆ ਕਿ ਅੱਜ ਉਹ ਮੰਗ ਪੱਤਰ ਕਿਥੇ ਹੈ? ਅਗਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਾਕਿਆ ਹੀ ਦਸਤਾਰ ਤੇ ਦੁਪੱਟੇ ਦੇ ਸਤਿਕਾਰ ਪ੍ਰਤੀ ਸੰਜ਼ੀਦਾ ਹਨ ਤਾਂ ਉਹ ਜਥੇਬੰਦੀਆਂ ਵਲੋਂ ਦਿੱਤੇ ਗਏ ਮੰਗ ਪੱਤਰ ‘ਤੇ ਵੀ ਕੋਈ ਕਾਰਵਾਈ ਜਰੂਰ ਕਰਨ।ਦਸਤਾਰ ਤੇ ਦੁਪੱਟੇ ਦਾ ਸਤਿਕਾਰ ਹਰ ਹੀਲੇ ਕਾਇਮ ਰਹਿਣਾ ਚਾਹੀਦਾ ਹੈ।ਇਸ ਲਈ ਜਰੂਰੀ ਹੈ ਕਿ ਦੋਸ਼ੀਆਂ ਖਿਲਾਫ ਕਾਰਵਾਈ 1986 ਤੋਂ ਸ਼ੁਰੂ ਹੋਵੇ।

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …

Leave a Reply