ਨਵੀਂ ਦਿੱਲੀ, 30 ਜੂਨ (ਪੰਜਾਬ ਪੋਸਟ ਬਿਊਰੋ) – ਸੰਸਦ ਦੇ ਕੇਂਦਰੀ ਹਾਲ ਵਿੱਚ ਵਿਸ਼ੇਸ਼ ਸਮਾਗਮ ਦੌਰਾਨ ਚਿਰਾਂ ਤੋਂ ਉਡੀਕਿਆ ਜਾ ਰਿਹਾ ਜੀ.ਐਸ.ਟੀ (G.S.T)
ਟੈਕਸ ਲਾਗੂ ਕਰ ਦਿਤਾ ਗਿਆ ਹੈ। ਭਾਰਤ ਦੇ ਮਾਨਯੋਗ ਰਾਸ਼ਟਰਪਤੀ ਪ੍ਰਣਬ ਮੁਖਰਜੀ ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਧੀ ਰਾਤ ਨੂੰ 12 ਵਜਦਿਆਂ ਹੀ ਖਾਸ ਤੌਰ `ਤੇ ਬਣਾਈ ਗਈ ਘੰਟੀ ਵਜਾ ਕੇ ਜੀ.ਐਸ.ਟੀ ਲਾਗੂ ਕੀਤਾ।ਇਸ ਹਾਊਸ ਵਿੱਚ ਉਪ ਰਾਸ਼ਟਰਪਤੀ ਹਾਮਿਦ ਅਨਸਾਰੀ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਵਿੱਤ ਮੰਤਰੀ ਅਰੁਣ ਜੇਤਲੀ, ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਤੋਂ ਇਲਾਵਾ ਕੇਂਦਰੀ ਮੰਤਰੀ ਮੰਡਲ ਅਤੇ ਸੰਸਦ ਮੈਂਬਰ ਮੌਜੂਦ ਰਹੇ।
ਭਾਰਤ ਦੀ ਆਜ਼ਾਦੀ ਤੋਂ ਬਾਅਦ ਅੱਜ ਚੌਥੀ ਵਾਰ ਸੰਸਦ ਦੇ ਕੇਂਦਰੀ ਹਾਲ ਵਿੱਚ ਵਿਸ਼ੇਸ਼ ਸਮਾਗਮ ਅਯੋਜਿਤ ਕੀਤਾ ਗਿਆ ਅਤੇ ਸੰਸਦ ਭਵਨ ਨੂੰ ਰੋਸ਼ਨੀਆਂ ਕਰ ਕੇ ਖੂਬਸੂਰਤ ਢੰਗ ਨਾਲ ਸਜਾਇਆ ਗਿਆ।ਕਾਂਗਰਸ ਤੋਂ ਇਲਾਵਾ ਕੁੱਝ ਹੋਰ ਵਿਰੋਧੀ ਦਲਾਂ ਨੇ ਇਸ ਖਾਸ ਸਮਾਗਮ ਦਾ ਬਾਈਕਾਟ ਕੀਤਾ।ਹਾਊਸ ਨੂੰ ਵਿੱਤ ਮੰਤਰੀ ਅਰੁਣ ਜੇਤਲੀ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਸੰਬੋਧਿਤ ਕਰਦਿਆਂ ਜੀ.ਐਸ.ਟੀ ਦੀਆਂ ਵਿਸ਼ੇਸ਼ਤਾਵਾਂ ਦੱਸੀਆਂ।ਅਰੁਣ ਜੇਤਲੀ ਨੇ ਐਲਾਨ ਕੀਤਾ ਕਿ ਅੱਜ ਜੀ.ਐਸ.ਟੀ ਕੌਂਸਲ ਦੀ 18ਵੀਂ ਮੀਟਿੰਗ ਦੌਰਾਨ ਰਸਾਣਿਕ ਖਾਦਾਂ `ਤੇ ਜੀ.ਐਸ.ਟੀ ਨੂੰ ਗੁੱਡ ਤੇ ਸਿੰਪਲ (Good and simple) ਟੈਕਸ ਦਾ ਨਾਮ ਦਿੰਦਿਆਂ ਕਿਹਾ ਕਿ 17 ਟੈਕਸ ਖਤਮ ਕਰ ਕੇ ਪੂਰੇ ਮੁਲਕ ਵਿੱਚ ਇੱਕ ਟੈਕਸ ਲਾਗੂ ਕਰਨ ਨਾਲ ਆਰਥਿਕਤਾ ਮਜ਼ਬੂਤ ਹੋਵੇਗੀ, ਵਸਤਾਂ ਦੀਆਂ ਕੀਮਤਾਂ ਘਟਣਗੀਆਂ, ਵਿਦੇਸ਼ੀ ਵਪਾਰ ਵਧੇਗਾ ਅਤੇ ਇੱਕ ਦੇਸ਼ ਇੱਕ ਟੈਕਸ ਲੱਗ ਜਾਣ ਨਾਲ ਭਾਰਤ ਇੱਕ ਮਾਲਾ ਵਿੱਚ ਪ੍ਰੋਏੇ ਜਾਣ ਨਾਲ ਦੇਸ਼ ਮਜ਼ਬੂਤ ਹੋਵੇਗਾ ਅਤੇ ਕੇਂਦਰ ਤੇ ਰਾਜਾਂ ਵਿੱਚ ਤਾਲਮੇਲ ਵਧੇਗਾ।ਪੀ.ਐਮ ਮੋਦੀ ਨੇ ਕਿਹਾ ਕਿ ਬੇਸ਼ੱਕ ਜੀ.ਐਸ.ਟੀ ਸਬੰਧੀ ਕੁੱਝ ਸ਼ੰਕੇ ਹਨ, ਪਰ ਉਹ ਜਲਦ ਸੁਲਝਾ ਲਏ ਜਾਣਗੇ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇੱਹ ਸਬੱਬ ਹੈ ਕਿ ਜੀ.ਐਸ.ਟੀ ਲਾਗੂ ਕਰਨ ਲਈ ਜੀ.ਐਸ.ਟੀ ਕੌਂਸਲ ਦੀਆਂ 18 ਬੈਠਕਾਂ ਹੋਈਆਂ ਅਤੇ ਭਾਗਵਤ ਗੀਤਾ ਦੇ ਵੀ 18 ਚੈਪਟਰ ਹਨ।
ਰਾਸ਼ਟਪਤੀ ਨੇ ਵੀ ਹਾਊਸ ਨੂੰ ਸੰਬੋਧਿਤ ਕਰਦਿਆਂ ਜੀ.ਐਸ.ਟੀ ਨੂੰ ਕ੍ਰਾਂਤੀਕਾਰੀ ਤਬਦੀਲੀ ਦੱਸਿਆ, ਜਿਸ ਲਈ ਲੰਮਾ ਸਮਾਂ ਵਿਚਾਰ ਚਰਚਾ ਚੱਲੀ ਅਤੇ ਤਕਰੀਬਨ 14 ਸਾਲ ਤੋਂ ਬਾਅਦ ਅੱਜ ਇਸ ਨੂੰ ਦੇਸ਼ ਹਿੱਤ ਵਿੱਚ ਲਾਗੂ ਕਰ ਦਿੱਤਾ ਗਿਆ।ਇਸ ਤੋਂ ਇਲਾਵਾ ਜੀ.ਐਸ.ਟੀ ਲਾਗੂ ਹੁੰਦਿਆਂ ਹੀ ਇਸ ਦੇ ਹੱਕ ਤੇ ਵਿਰੋਧ `ਚ ਬਿਆਨਬਾਜ਼ੀ ਸ਼ੁਰੂ ਹੋ ਗਈ ਹੈ, ਕੁੱਝ ਵੀ ਹੋਵੇ ਕੱਲ ਦਿਨ ਚੜਦਿਆਂ ਹੀ ਕਈ ਚੀਜਾਂ ਮਹਿੰਗੀਆਂ ਤੇ ਕਈਆਂ ਸੱਸਤੀਆਂ ਜਰੂਰ ਹੋ ਜਾਣਗੀਆਂ।
Check Also
ਕੈਬਨਿਟ ਮੰਤਰੀ ਈ.ਟੀ.ਓ ਵਲੋਂ ਨਗਰ ਸੁਧਾਰ ਟਰੱਸਟ ਦੇ ਨਵ-ਨਿਯੁੱਕਤ ਚੇਅਰਮੈਨ ਸਰਬਜੋਤ ਸਿੰਘ ਧੰਜ਼ਲ ਨੂੰ ਵਧਾਈ
ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) – ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਪੰਜਾਬ ਸਰਕਾਰ …
Punjab Post Daily Online Newspaper & Print Media