Sunday, December 22, 2024

ਦਿੱਲੀ ਕਮੇਟੀ ਨੇ ਸ਼ਰਧਾ ਨਾਲ ਮਨਾਇਆ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ

PPN050703

ਨਵੀਂ ਦਿੱਲੀ, 5  ਜੁਲਾਈ (ਅੰਮ੍ਰਿਤ ਲਾਲ ਮੰਨਣ)-  ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ 5 ਜੁਲਾਈ 2014 ਨੂੰ ਗੁਰਦੁਆਰਾ ਮਜਨੂੰ ਟਿੱਲਾ ਸਾਹਿਬ ਵਿਖੇ ਬੜੀ ਸ਼ਰਧਾ ਪੂਰਬਕ ਮਨਾਇਆ ਗਿਆ। ਇਸ ਮੌਕੇ ‘ਤੇ ਪੰਥ ਦੇ ਪ੍ਰਸਿੱਧ ਰਾਗੀ ਜਥਿਆਂ/ਢਾਡੀ ਜਥਿਆਂ ਤੇ ਕਥਾਵਾਚਕਾਂ ਨੇ ਗੁਰਬਾਣੀ ਦੇ ਮਨੋਹਰ ਕੀਰਤਨ, ਕਥਾ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ‘ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ. ਮਨਜੀਤ ਸਿੰਘ ਜੀ.ਕੇ. ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਤੇ ਕਿਹਾ ਕਿ ਛੇਵੇਂ ਗੁਰੂ ਸਾਹਿਬ ਜੀ ਨੇ ਆਪਣੇ ਗੁਰੂ ਪਿਤਾ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਪੰਥ ਨੂੰ ਇੱਕ ਨਵਾਂ ਮੋੜ ਦਿੱਤਾ। ਉਨ੍ਹਾਂ ਨੇ ਪੀਰੀ ਦੇ ਨਾਲ ਮੀਰੀ ਜੋੜ ਕੇ ਭਗਤੀ ਤੇ ਸ਼ਕਤੀ ਦਾ ਸੁਮੇਲ ਕਰ ਦਿੱਤਾ ਤੇ ਨਾਲ ਹੀ ਸ਼ਕਤੀ ਨੂੰ ਭਗਤੀ ਦੇ ਅਧੀਨ ਦੱਸਿਆ। ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਕਰ ਕੇ ਸਮੇਂ ਦੀ ਹਕੂਮਤ ਨੂੰ ਇਹ ਦਰਸਾ ਦਿੱਤਾ ਕਿ ਉਹ ਕਿਸੇ ਜ਼ੁਲਮ ਜਾਂ ਜ਼ਬਰ ਤੋਂ ਡਰਦੇ ਨਹੀਂ ਹਨ। ਉਨ੍ਹਾਂ ਨੇ ਸੰਗਤਾਂ ਨੂੰ ਨੌਜਵਾਨ ਤੇ ਸ਼ਸਤਰ ਭੇਟ ਕਰਨ ਲਈ ਕਿਹਾ। ਨੌਜਵਾਨ ਵੀ ਅਜਿਹੇ ਜਿਨ੍ਹਾਂ ਕਦੇ ਤਨਖ਼ਾਹ ਦੀ ਮੰਗ ਨਹੀਂ ਕੀਤੀ। ਉਨ੍ਹਾਂ ਨੇ ਜ਼ਬਰ ਦੇ ਵਿਰੁੱਧ ਚਾਰ ਜੰਗਾਂ ਲੜੀਆਂ ਤੇ ਜਿੱਤੀਆਂ। ਸ੍ਰ. ਮਨਜੀਤ ਸਿੰਘ ਜੀ.ਕੇ. ਨੇ ਗੁਰੂ ਸਾਹਿਬ ਦੇ ਜੀਵਨ ਤੇ ਉਪਦੇਸ਼ਾਂ ਤੋਂ ਪ੍ਰੇਰਨਾ ਲੈਣ ਦੀ ਬੇਨਤੀ ਕੀਤੀ।ਇਸ ਮੌਕੇ ‘ਤੇ ਬੋਲਦਿਆਂ ਉਨ੍ਹਾਂ ਨੇ ਗੁਰਦੁਆਰਾ ਮਜਨੂੰ ਟਿੱਲਾ ਸਾਹਿਬ ਵਾਲੀ ਜ਼ਮੀਨ ਦੀ ਪ੍ਰਾਪਤੀ ਸਬੰਧੀ ਜਥੇਦਾਰ ਸੰਤੋਖ ਸਿੰਘ, ਜਥੇਦਾਰ ਅਵਤਾਰ ਸਿੰਘ ਕੋਹਲੀ ਤੇ ਸ੍ਰ. ਹਰਬੰਸ ਸਿੰਘ ਫਰੰਟੀਅਰ ਵੱਲੋਂ 1961 ਵਿੱਚ ਮਹੰਤਾਂ ਪਾਸੋਂ ਕਬਜ਼ਾ ਲੈਣ ਸਬੰਧੀ ਤੇ ਉਸ ਸਮੇਂ ਸੰਗਤਾਂ ਦੇ ਦਿੱਤੇ ਗਏ ਸਹਿਯੋਗ ਸਬੰਧੀ ਵਿਸਥਾਰ ਪੂਰਬਕ ਜਾਣਕਾਰੀ ਦਿੱਤੀ। ਇਸ ਤਰ੍ਹਾਂ ਉਨ੍ਹਾਂ ਨੇ ਗੁਰਦੁਆਰਾ ਬੰਗਲਾ ਸਾਹਿਬ ਦੇ ਸਰੋਵਰ ਦੀ ਜਗ੍ਹਾ ਪ੍ਰਾਪਤ ਕਰਨ ਬਾਰੇ ਵੀ ਸੰਗਤਾਂ ਨੂੰ ਜਾਣੂ ਕਰਵਾਇਆ। 
ਇਸ ਮੌਕੇ ‘ਤੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸ੍ਰ. ਪਰਮਜੀਤ ਸਿੰਘ ਰਾਣਾ ਨੇ ਸੰਗਤਾਂ ਨੂੰ ਵਧਾਈ ਦਿੰਦਿਆਂ ਸਮੂਹ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਵੀ ਕੀਤੀ ਕਿ ਅੱਜ ਜਿਹੜੇ ਸਿੱਖ ਨੌਜਵਾਨ ਬੱਚੇ ਕੇਸਾਂ ਦਾ ਜੂੜਾ ਬੰਨ੍ਹਣ ਦੀ ਜਗ੍ਹਾ ਵਾਲ ਪਿੱਛੇ ਇਕੱਠੇ ਕਰ ਲੈਂਦੇ ਹਨ, ਅਫ਼ਸੋਸਜਨਕ ਹੈ। ਸਿੱਖ ਬੱਚੀਆਂ ਦਾ ਪਹਿਰਾਵਾ ਤੇ ਸਰੂਪ ਸਿੱਖੀ ਵਾਲਾ ਹੋਣਾ ਚਾਹੀਦਾ ਹੈ। ਸਾਡੀਆਂ ਮਾਤਾਵਾਂ, ਭੈਣਾਂ ਨੂੰ ਇਸ ਗੱਲ ਲਈ ਆਪਣੇ ਬੱਚਿਆਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।ਉਨ੍ਹਾਂ ਨੇ ਸਿੱਖ ਪੰਥ ਦੇ ਉੱਚ ਕੋਟੀ ਦੇ ਕਵੀ ਭਾਈ ਨੰਦ ਲਾਲ ਦੇ ਸੈਮੀਨਾਰ ਤੋਂ ਬਾਅਦ ਹੁਣ ਸਿੱਖ ਪੰਥ ਦੇ ਮਹਾਨ ਵਿਦਵਾਨ ਭਾਈ ਗੁਰਦਾਸ ਜੀ ਨੂੰ ਸਮਰਪਿਤ ਇੱਕ ਵਿਸ਼ੇਸ਼ ਸੈਮੀਨਾਰ ਜੋ ਮਿਤੀ 12.7.2014 ਨੂੰ ਮਾਤਾ ਸੁੰਦਰੀ ਕਾਲਜ ਫਾਰ ਵੂਮੈਨ ਦੇ ਆਡੀਟੋਰੀਅਮ ਵਿਖੇ ਕਰਵਾਉਣ ਤੇ ਇਸ ਸਬੰਧ ਵਿੱਚ ਮਿਤੀ 13.7.2014  ਨੂੰ ਗੁਰਮਤਿ ਸਮਾਗਮ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਕਰਵਾਉਣ ਬਾਰੇ ਜਾਣੂ ਕਰਵਾਇਆ। ਉਨ੍ਹਾਂ ਨੇ ਸਿੱਖ ਇਤਿਹਾਸ ਨਾਲ ਸਮੂਹ ਗੁਰਪੁਰਬ ਤੇ ਇਤਿਹਾਸਕ ਦਿਹਾੜੇ ਮਨਾਉਣ ਦਾ ਜ਼ਿਕਰ ਵੀ ਕੀਤਾ।ਇਸ ਮੌਕੇ ‘ਤੇ ਸਟੇਜ ਸਕੱਤਰ ਦੀਆਂ ਸੇਵਾ ਨਿਭਾਉਂਦਿਆਂ ਕਮੇਟੀ ਦੇ ਮੈਂਬਰ ਸ੍ਰ. ਗੁਰਬਚਨ ਸਿੰਘ ਚੀਮਾ ਤੇ ਧਰਮ ਪ੍ਰਚਾਰ ਕਮੇਟੀ ਦੇ ਵਾਈਸ ਚੇਅਰਮੈਨ ਸ੍ਰ. ਚਮਨ ਸਿੰਘ ਸਾਹਿਬਪੁਰਾ ਨੇ ਗੁਰੂ ਮਹਾਰਾਜ ਦੇ ਜੀਵਨ ਤੇ ਉਪਦੇਸ਼ਾਂ ਦੀ ਵਿਸਥਾਰ ਪੂਰਬਕ ਜਾਣਕਾਰੀ ਦਿੱਤੀ।ਬਾਬਾ ਬਚਨ ਸਿੰਘ ਜੀ ਕਾਰਸੇਵਾ ਵਾਲਿਆਂ ਨੇ ਸੰਗਤਾਂ ਨੂੰ ਨਾਮ ਸਿਮਰਨ ਕਰਵਾਇਆ। ਕਵੀ ਦਰਬਾਰ ਵਿੱਚ ਕਵੀਆਂ ਨੇ ਕਵਿਤਾਵਾਂ ਰਾਹੀਂ ਗੁਰੂ ਜੱਸ ਗਾਇਨ ਕੀਤਾ।

Check Also

9 ਰੋਜ਼ਾ ਦੋਸਤੀ ਇੰਟਰਨੈਸ਼ਨਲ ਥੀਏਟਰ ਫੈਸਟੀਵਲ ’ਚ ਹਿੱਸਾ ਲੈ ਕੇ ਲਾਹੌਰ ਤੋਂ ਵਤਨ ਪਰਤੇ ਮੰਚ-ਰੰਗਮੰਚ ਦੇ ਕਲਾਕਾਰ

ਅੰਮ੍ਰਿਤਸਰ, 20 ਨਵੰਬਰ (ਪੰਜਾਬ ਪੋਸਟ ਬਿਊਰੋ) – ਅਜੋਕਾ ਥੀਏਟਰ ਲਾਹੌਰ (ਪਾਕਿਸਤਾਨ) ਵਲੋਂ ਕਰਵਾਏ ਗਏ 9 …

Leave a Reply