Friday, September 20, 2024

ਭਾਈ ਗੁਰਮੇਜ ਸਿੰਘ ‘ਸਿੱਖ ਰਤਨ’, ਡਾ :ਕਿਰਪਾਲ ਸਿੰਘ ‘ਪ੍ਰੋਫੈਸਰ ਆਫ਼ ਸਿੱਖਇਜ਼ਮ’ ਅਤੇ ਸਵ: ਭਾਈ ਅਮਰੀਕ ਸਿੰਘ ਜ਼ਖ਼ਮੀ ‘ਸ਼੍ਰੋਮਣੀ ਰਾਗੀ’ ਐਵਾਰਡ ਨਾਲ ਸਨਮਾਨਿਤ

PPN170201

ਅੰਮ੍ਰਿਤਸਰ, 17  ਫਰਵਰੀ (ਨਰਿੰਦਰ ਪਾਲ ਸਿੰਘ)- ਸਿੱਖ ਕੌਮ ਦੇ ਸਰਵਉੱਚ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਗੁਰਮੇਜ ਸਿੰਘ ਨੂੰ ‘ਸਿੱਖ ਰਤਨ’, ਇਤਿਹਾਸਕਾਰ ਡਾਕਟਰ ਕਿਰਪਾਲ ਸਿੰਘ ਨੂੰ ‘ਪ੍ਰੋਫੈਸਰ ਆਫ਼ ਸਿੱਖਇਜ਼ਮ’ ਦੀ ਉਪਾਧੀ ਅਤੇ ਸ਼੍ਰੋਮਣੀ ਕਮੇਟੀ ਵਲੋ ਸਵਰਗੀ ਭਾਈ ਅਮਰੀਕ ਸਿੰਘ ਜਖ਼ਮੀ ਨੂੰ ‘ਸ਼੍ਰੋਮਣੀ ਰਾਗੀ’ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ।ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਏ ਇਕ ਸਾਦੇ ਲੇਕਿਨ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਦੇਵ ਸਿੰਘ ਤੇ ਭਾਈ ਗੁਰਕੀਰਤ ਸਿੰਘ ਦੇ ਜਥਿਆਂ ਨੇ ਇਲਾਹੀ ਬਾਣੀ ਦਾ ਕੀਰਤਨ ਕੀਤਾ। ਅਰਦਾਸ ਭਾਈ ਗੁਰਚਰਨ ਸਿੰਘ ਨੇ ਕੀਤੀ ਉਪਰੰਤ ਹੁਕਮਨਾਮਾ ਸਿੰਘ ਸਾਹਿਬ ਗਿਆਨੀ ਗੁਰਮੁਖ ਸਿੰਘ ਹੈੱਡ ਗ੍ਰੰਥੀ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਲਿਆ।ਸੰਗਤਾਂ ਨੂੰ ਸੰਬੋਧਨ ਕਰਦਿਆਂ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਿਥੇ ਗੁਰਬਾਣੀ ਤੇ ਸਿੱਖ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਵਾਲਿਆਂ ਅਤੇ ਪੰਥ ਦੋਖੀਆਂ ਨੂੰ ਧਾਰਮਿਕ ਸਜਾਵਾਂ ਦਿੱਤੀਆਂ ਜਾਦੀਆਂ ਹਨ ਉਥੇ ਹਰ ਸਾਲ ਗੁਰਮਤਿ ਦਾ ਪ੍ਰਚਾਰ-ਪ੍ਰਸਾਰ ਕਰਨ ਅਤੇ ਸਿੱਖ ਇਤਿਹਾਸ ਦੀ ਸਾਂਭ-ਸੰਭਾਲ ਕਰਨ ਵਾਲੀਆਂ ਮਹਾਨ ਸਖ਼ਸ਼ੀਅਤਾਂ ਨੂੰ ਸਨਮਾਨਿਤ ਵੀ ਕੀਤਾ ਜਾਂਦਾ ਹੈ। ਉਨ੍ਹਾਂ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਸੰਬੋਧਨ ਕਰਦਿਆਂ ਕਿਹਾ ਕਿ ਜਿਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਲਬ ਕਰਕੇ ਧਾਰਮਿਕ ਸਜਾਵਾਂ ਸੁਣਾਈਆਂ ਗਈਆਂ ਹਨ, ਗੁਰੂ ਤੋਂ ਬੇਮੁੱਖ ਹੋਏ ਉਹ ਵਿਅਕਤੀ ਵੀ ਆਪਣੀ ਗਲਤੀ ਦਾ ਅਹਿਸਾਸ ਕਰਕੇ ਪੰਥ ਵਿੱਚ ਸ਼ਾਮਲ ਹੋ ਸਕਦੇ ਹਨ।
ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਨਮਾਨਿਤ ਤਿੰਨ ਸਿੱਖ ਸਖ਼ਸ਼ੀਅਤਾਂ ਗੁਰਮਤਿ ਸਬੰਧੀ ਤੇ ਸਿੱਖ ਪੰਥ ਸਬੰਧੀ ਕੀਤੇ ਕਾਰਜਾਂ ਤੇ ਚਾਨਣਾ ਪਾਉਂਦਿਆਂ ਸਿੰਘ ਸਾਹਿਬ ਨੇ ਕਿਹਾ ਕਿ ਭਾਈ ਗੁਰਮੇਜ ਸਿੰਘ ਸਾਬਕਾ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਪਵਿੱਤਰ ਗੁਰਬਾਣੀ ਨੂੰ ਬਰੇਲ ਲਿੱਪੀ ਵਿੱਚ, ਲਿੱਪੀ ਅੰਤਰ ਕੀਤਾ ਅਤੇ ਸਾਰੀ ਉਮਰ ਗੁਰਬਾਣੀ ਦੇ ਪ੍ਰਚਾਰ-ਪ੍ਰਸਾਰ ਵਿੱਚ ਲਗਾਈ ਅਤੇ ਅੱਗੋਂ ਵੀ ਇਸੇ ਤਰ੍ਹਾਂ ਤੱਤਪਰ ਹਨ। ਉਨ੍ਹਾਂ ਕਿਹਾ ਕਿ ਵਿਸ਼ਵ ਪ੍ਰਸਿੱਧ ਸਿੱਖ ਇਤਿਹਾਸਕਾਰ ਡਾਕਟਰ ਕਿਰਪਾਲ ਸਿੰਘ ਚੰਡੀਗੜ੍ਹ ਨੇ ਸਿੱਖ ਸਰੋਤ, ਇਤਿਹਾਸਕ ਗ੍ਰੰਥ ਸੰਪਾਦਨਾ ਪ੍ਰੋਜੈਕਟ ਵਜੋਂ ਸਿੱਖ ਇਤਿਹਾਸ ਦੀ ਖੋਜ ਕੀਤੀ ,ਲਿਖਿਆ ਅਤੇ ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਲਈ ਵੱਡਮੁੱਲੀਆਂ ਸੇਵਾਵਾਂ ਨਿਭਾਈਆਂ। ਇਸੇ ਤਰ੍ਹਾਂ ਗੁਰਪੁਰਵਾਸੀ ਭਾਈ ਅਮਰੀਕ ਸਿੰਘ ਜਖ਼ਮੀ ਨੇ ਆਪਣੀ ਭਰ ਜ਼ਿੰਦਗੀ ਗੁਰਬਾਣੀ ਨੂੰ ਰਾਗਾਂ ਵਿੱਚ ਗਾਇਨ ਕਰਨ ਦੀ ਪ੍ਰੰਪਰਾ ਨੂੰ ਨਿਭਾਇਆ ਅਤੇ ਰਾਗਾਂ ਤੇ ਅਧਾਰਿਤ ਇਸ ਕੀਰਤਨ ਸ਼ੈਲੀ ਨੂੰ ਸੰਭਾਲਣ ਵਿੱਚ ਸਫ਼ਲ ਰਹੇ। ਉਨ੍ਹਾਂ ਕਿਹਾ ਕਿ ਉਕਤ ਤਿੰਨੋਂ ਸਖ਼ਸ਼ੀਅਤਾਂ ਵੱਲੋਂ ਗੁਰਬਾਣੀ ਜਸ ਗਾਇਨ ਕਰਨ, ਗੁਰਬਾਣੀ ਖੋਜ ਕਰਨ ਅਤੇ ਸਿੱਖ ਇਤਿਹਾਸ ਨੂੰ ਸੰਭਾਲਣ ਵਿੱਚ ਪਾਏ ਵੱਡਮੁੱਲੇ ਯੋਗਦਾਨ ਸਦਕਾ ਭਾਈ ਗੁਰਮੇਜ ਸਿੰਘ ਸਾਬਕਾ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ‘ਸਿੱਖ ਰਤਨ’, ਪ੍ਰਸਿੱਧ ਇਤਿਹਾਸਕਾਰ ਤੇ ਖੋਜਕਾਰ ਡਾਕਟਰ ਕਿਰਪਾਲ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ‘ਪ੍ਰੋਫੈਸਰ ਆਫ਼ ਸਿੱਖਇਜ਼ਮ’ ਅਤੇ ਗੁਰਪੁਰਵਾਸੀ ਭਾਈ ਅਮਰੀਕ ਸਿੰਘ ਜਖ਼ਮੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ‘ਸ਼੍ਰੋਮਣੀ ਰਾਗੀ’ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ।ਸ਼੍ਰੋਮਣੀ  ਕਮੇਟੀ ਪ੍ਰਧਾਨ ਸ੍ਰ ਅਵਤਾਰ ਸਿੰਘ ਮੱਕੜ ਨੇ ਉਕਤ ਤਿੰਨੋਂ ਮਹਾਨ ਸਖ਼ਸ਼ੀਅਤਾਂ ਨੂੰ ਜੀ ਆਇਆਂ ਕਿਹਾ ਤੇ ਵਧਾਈ ਵੀ ਦਿੱਤੀ ।ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸ.ਦਲਮੇਘ ਸਿੰਘ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਿਭਾਈ।ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸਿੰਘ ਸਾਹਿਬ ਗਿਆਨੀ ਰਵੇਲ ਸਿੰਘ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਈ ਗੁਰਮੇਜ ਸਿੰਘ ਸਾਬਕਾ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਪ੍ਰਸਿੱਧ ਇਤਿਹਾਸਕਾਰ ਤੇ ਖੋਜਕਾਰ ਡਾਕਟਰ ਕਿਰਪਾਲ ਸਿੰਘ ਅਤੇ ਗੁਰਪੁਰਵਾਸੀ ਭਾਈ ਅਮਰੀਕ ਸਿੰਘ ਜਖ਼ਮੀ ਦੇ ਸਪੁੱਤਰ ਭਾਈ ਹਰਜੋਤ ਸਿੰਘ ਜਖ਼ਮੀ ਨੂੰ ਚਾਂਦੀ ਦੀ ਤਸ਼ਤਰੀ, ਸਿਰੋਪਾਓ ਸਿਰੀ ਸਾਹਿਬ ਤੇ ਲੋਈ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ, ਸ.ਰਜਿੰਦਰ ਸਿੰਘ ਮਹਿਤਾ ਅੰਤ੍ਰਿੰਗ ਮੈਂਬਰ ਸ਼੍ਰੋਮਣੀ ਕਮੇਟੀ, ਸ.ਗੁਰਿੰਦਰਪਾਲ ਸਿੰਘ ਕਾਦੀਆਂ, ਸ.ਕਸ਼ਮੀਰ ਸਿੰਘ ਬਰਿਆਰ ਤੇ ਸ.ਹਰਜਾਪ ਸਿੰਘ ਸੁਲਤਾਨਵਿੰਡ ਮੈਂਬਰ ਸ਼੍ਰੋਮਣੀ ਕਮੇਟੀ, ਡਾਕਟਰ ਗੁਰਨਾਮ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ,  ਸ.ਦਲਮੇਘ ਸਿੰਘ, ਸ.ਰੂਪ ਸਿੰਘ, ਸ.ਮਨਜੀਤ ਸਿੰਘ ਤੇ ਸ.ਸਤਬੀਰ ਸਿੰਘ ਸਕੱਤਰ, ਸ.ਮਹਿੰਦਰ ਸਿੰਘ ਆਹਲੀ, ਸ.ਹਰਭਜਨ ਸਿੰਘ ਮਨਾਵਾਂ, ਸ.ਰਣਜੀਤ ਸਿੰਘ, ਸ.ਪਰਮਜੀਤ ਸਿੰਘ ਸਰੋਆ ਤੇ ਸ.ਅੰਗਰੇਜ ਸਿੰਘ ਐਡੀ:ਸਕੱਤਰ, ਬਾਬਾ ਬਚਨ ਸਿੰਘ ਕਾਰਸੇਵਾ ਦਿੱਲੀ ਵਾਲਿਆਂ ਵੱਲੋਂ ਬਾਬਾ ਬਲਵਿੰਦਰ ਸਿੰਘ ਰਾਜਸਥਾਨੀ, ਬਾਬਾ ਨਰਿੰਦਰ ਸਿੰਘ ਲੰਗਰ ਸਾਹਿਬ ਸ੍ਰੀ ਹਜ਼ੂਰ ਸਾਹਿਬ ਵਾਲੇ, ਸੰਤ ਰਣਜੀਤ ਸਿੰਘ ਟਿਕਾਣਾ ਭਾਈ ਜਗਤਾ ਜੀ ਗੋਨਿਆਣਾ ਮੰਡੀ, ਬਾਬਾ ਦਰਸ਼ਨ ਸਿੰਘ ਟਾਹਲਾ ਸਾਹਿਬ ਵਾਲੇ, ਸ.ਸੁਰਿੰਦਰ ਸਿੰਘ ਜੋਧਪੁਰੀ, ਬਾਬਾ ਹਰੀਦੇਵ ਸਿੰਘ ਈਸਾਪੁਰ, ਬਾਬਾ ਮਲਕੀਤ ਸਿੰਘ ਮਾਣਕੋ ਡੇਰਾ ਜੱਬੜ, ਭਾਈ ਸਰਵਣ ਸਿੰਘ ਕੈਨੇਡਾ ਵਾਲੇ, ਸੰਤ ਬਾਬਾ ਹਰਚਰਨ ਸਿੰਘ ਖਾਲਸਾ ਰਾਮਦਾਸਪੁਰ, ਭਾਈ ਗੁਰਬਖਸ ਸਿੰਘ ਖਾਲਸਾ, ਸ.ਕੰਵਰਬੀਰ ਸਿੰਘ ਗਿੱਲ ਮੈਂਬਰ ਜੇਲ੍ਹ ਬੋਰਡ, ਡਾਕਟਰ ਜਸਬੀਰ ਸਿੰਘ ਸਾਬਰ ਸਾਬਕਾ ਡਾਇਰੈਕਟਰ ਪੱਤਰ ਵਿਹਾਰ ਕੋਰਸ, ਡਾਇਰੈਕਟਰ ਕਰਤਾਰ ਸਿੰਘ, ਸ.ਰਜਿੰਦਰ ਸਿੰਘ, ਭਾਈ ਗੁਰਮੇਜ ਸਿੰਘ ਸਾਬਕਾ ਹਜ਼ੂਰੀ ਰਾਗੀ ਦੇ ਪਰਿਵਾਰਕ ਮੈਂਬਰ ਬੀਬੀ ਬਲਵੀਰ ਕੌਰ ਪਤਨੀ, ਸ.ਗੁਰਪ੍ਰੀਤ ਸਿੰਘ, ਸ.ਜਗਜੀਵਨ ਸਿੰਘ ਤੇ ਸ.ਹਰਪ੍ਰੀਤ ਸਿੰਘ ਭਗਤ ਸਪੁੱਤਰ, ਬੀਬੀ ਸਤਨਾਮ ਕੌਰ ਤੇ ਬੀਬੀ ਜਗਜੀਤ ਕੌਰ ਸਪੁੱਤਰੀਆਂ, ਭਾਈ ਅਮਰੀਕ ਸਿੰਘ ਜ਼ਖਮੀ ਦੇ ਪਰਿਵਾਰਕ ਮੈਂਬਰ ਭਾਈ ਹਰਜੋਤ ਸਿੰਘ ਜਖ਼ਮੀ ਸਪੁੱਤਰ, ਬੀਬੀ ਗੁਰਵਿੰਦਰਪਾਲ ਕੌਰ ਨੂੰਹ, ਬੀਬੀ ਜਗਤੇਸ਼ਵਰ ਕੌਰ ਤੇ ਬੀਬੀ ਰਾਜੇਸ਼ਵਰ ਕੌਰ ਸਪੁੱਤਰੀਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਮੌਜੂਦ ਸਨ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply