Friday, September 20, 2024

ਸਿਰੀ ਸਾਹਿਬ ਨਾ ਉਤਾਰਨ ਵਾਲੇ ਸਿੱਖ ਨੌਜਵਾਨ ਨੂੰ ਇਟਲੀ ਦੀ ਅਦਾਲਤ ਵੱਲੋਂ ਭਾਰੀ ਜੁਰਮਾਨਾ ਕਰਨਾ ਨਿੰਦਣਯੋਗ -ਗਿਆਨੀ ਗੁਰਬਚਨ ਸਿੰਘ, ਸ੍ਰ: ਮੱਕੜ

PPN170202ਅੰਮ੍ਰਿਤਸਰ, 17  ਫਰਵਰੀ (ਨਰਿੰਦਰ ਪਾਲ ਸਿੰਘ)- ਇਟਲੀ ਦੀ ਇਕ ਅਦਾਲਤ ਵਲੋਂ ਇੱਕ ਸਿੱਖ ਨੌਜਵਾਨ ਦੁਆਰਾ ਪਾਈ ਸਿਰੀ ਸਾਹਿਬ ਨਾ ਉਤਾਰੇ ਜਾਣ ‘ਤੇ ਭਾਰੀ ਜ਼ੁਰਮਾਨਾ ਕਰਨ ਦੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇ. ਅਵਤਾਰ ਸਿੰਘ ਮੱਕੜ ਨੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਸਿਰੀ ਸਾਹਿਬ, ਅੰਮ੍ਰਿਤਧਾਰੀ ਸਿੱਖ ਲਈ ਮਰਿਆਦਾ ਦਾ ਅਹਿਮ ਅੰਗ ਹੈ ਤੇ ਅਦਾਲਤ ਵਲੋਂ ਇਸ ਨੂੰ ਹਥਿਆਰ ਮੰਨ ਲੈਣਾ ਅਗਿਆਨਤਾ ਹੀ ਕਹੀ ਜਾ ਸਕਦੀ ਹੈ ਜੋ ਕਿ ਨਿੰਦਣਯੋਗ ਹੈ ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਵਤਾਰ ਸਿੰਘ ਨੇ ਕਿਹਾ ਕਿ ਖੰਡੇ-ਬਾਟੇ ਦੀ ਪਾਹੁਲ ਦੇ ਧਾਰਣੀ ਸਿੰਘ ਲਈ ਅਹਿਮ ਤੇ ਜਰੂਰੀ ਪੰਜ ਕਕਾਰਾਂ ਕਛਿਹਰਾ, ਕੜਾ, ਕੰਘਾ ਤੇ ਕੇਸਾਂ ਦੇ ਨਾਲ ਕ੍ਰਿਪਾਨ ਵੀ ਸ਼ਾਮਿਲ ਹੈ ਤੇ ਇਨ੍ਹਾਂ ਕਕਾਰਾਂ ਨੂੰ ਇੱਕ ਸਿੱਖ ਲਈ ਆਪਣੇ ਸਰੀਰ ਤੋਂ ਵੱਖ ਕਰਨਾ ਮੁਨਾਸਿਬ ਨਹੀਂ। ਉਨ੍ਹਾਂ ਕਿਹਾ ਕਿ ਇਟਲੀ ਦੀ ਪੁਲੀਸ ਤੇ ਅਦਾਲਤ ਵੱਲੋਂ ਅਜਿਹੀ ਕਾਰਵਾਈ ਕਰਨ ਨਾਲ ਦੇਸ਼-ਵਿਦੇਸ਼ ਵਿੱਚ ਬੈਠੇ ਸਿੱਖ ਮਨ੍ਹਾਂ ਨੂੰ ਭਾਰੀ ਠੇਸ ਪਹੁੰਚੀ ਹੈ।ਉਨ੍ਹਾਂ ਇਟਲੀ ਵਿੱਚ ਬੈਠੀਆਂ ਜਥੇਬੰਦੀਆਂ ਨੂੰ ਉਥੋਂ ਦੀ ਸਰਕਾਰ ਨੂੰ ਕਕਾਰਾਂ ਦੀ ਮਹਾਨਤਾ ਤੋਂ ਜਾਣੂ ਕਰਵਾਉਣ ਅਤੇ ਭਾਰਤ ਦੀ ਸਰਕਾਰ ਨੂੰ ਇਟਲੀ ਦੀ ਸਰਕਾਰ ਨਾਲ ਫੌਰੀ ਤੌਰ ਤੇ ਗੱਲਬਾਤ ਕਰਕੇ ਸਿੱਖ ਨੌਜਵਾਨ ਨੂੰ ਇਸ ਝੂਠੇ ਕੇਸ ‘ਚੋਂ ਬਰੀ ਕਰਵਾਉਣ ਦੀ ਅਪੀਲ ਕੀਤੀ ਹੈ। ਜਿਕਰਯੋਗ ਹੈ ਕਿ ਸ. ਮਨਪ੍ਰੀਤ ਸਿੰਘ ਇਟਲੀ ਦੇ ਇੱਕ ਹਸਪਤਾਲ ਵਿੱਚ 2013 ਵਿੱਚ ਇੱਕ ਐਕਸੀਡੈਂਟ ਦੌਰਾਨ ਜ਼ੇਰੇ ਇਲਾਜ ਸੀ। ਜਿਥੇ ਆਪਰੇਸ਼ਨ ਦੌਰਾਨ ਹਸਪਤਾਲ ਦੇ ਡਾਕਟਰਾਂ ਦੀ ਟੀਮ ਵੱਲੋਂ ਉਸ ਨੂੰ 18 ਇੰਚ ਦੀ ਪਾਈ ਸਿਰੀ ਸਾਹਿਬ ਉਤਾਰਨ ਲਈ ਕਿਹਾ ਗਿਆ ਸੀ। ਸ. ਮਨਪ੍ਰੀਤ ਸਿੰਘ ਦੇ ਸਿਰੀ ਸਾਹਿਬ ਦੀ ਮਹੱਤਤਾ ਦੱਸਦੇ ਹੋਏ ਸ੍ਰੀ ਸਾਹਿਬ ਨਾ ਉਤਾਰਨ ਤੋਂ ਇਨਕਾਰ ਕਰਨ ਤੇ ਡਾਕਟਰਾਂ ਵੱਲੋਂ ਪੁਲੀਸ ਨੂੰ ਫੋਨ ਕਰ ਦਿੱਤਾ ਗਿਆ ਤੇ ਪੁਲੀਸ ਨੇ ਇਸ ਨੂੰ ਹਥਿਆਰ ਰੱਖਣ ਦਾ ਅਪਰਾਧਿਕ ਮਾਮਲਾ ਮੰਨਦੇ ਹੋਏ ਕੇਸ ਦਰਜ਼ ਕਰ ਦਿੱਤਾ।ਜਿਸ ਤੇ ਅਦਾਲਤ ਵੱਲੋਂ ਸ. ਮਨਪ੍ਰੀਤ ਸਿੰਘ ਨੂੰ 23  ਹਜ਼ਾਰ ਯੂਰੋ (ਸਾਢੇ 19 ਲੱਖ ਰੁਪਏ) ਭਾਰੀ ਜੁਰਮਾਨਾ ਕਰ ਦਿੱਤਾ ਗਿਆ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply