ਨਵੀਂ ਦਿੱਲੀ, 18 ਜੁਲਾਈ (ਅੰਮ੍ਰਿਤ ਲਾਲ ਮੰਨਣ) – ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਦੇਸ਼ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਅਗਵਾਈ ਹੇਠ ਅੱਜ ਸੈਂਕੜੇ ਕਾਰਕੁੰਨਾ ਨੇ ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਦੇ ਘਰ ਵਲ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵੱਲੋਂ ਹਰਿਆਣਾ ਵਿਖੇ ਵੱਖਰੀ ਗੁਰਦੁਆਰਾ ਕਮੇਟੀ ਬਨਾਉਣ ਦੇ ਖਿਲਾਫ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨ ਵਿਚ ਨਿਹੰਗ ਸਿੰਘ ਜਥੇਬੰਦੀਆਂ ਅਤੇ ਸਿੰਘ ਸਭਾਵਾਂ ਨੇ ਵੀ ਹਿੱਸਾ ਲਿਆ। ਕਪੁਰਥਲਾ ਹਾਉਸ ਤੋਂ ਸੋਨੀਆ ਗਾਂਧੀ ਦੀ ਰਿਹਾਇਸ਼ ਵੱਲ ਵਧ ਰਹੇ ਪ੍ਰਦਸ਼ਨਕਾਰੀਆਂ ਤੇ ਪੁਲਿਸ ਵੱਲੋਂ ਲਾਇਆ ਗਿਆ ਪਹਿਲਾ ਅੜਿਕਾ ਪਾਰ ਕਰਨ ਤੋਂ ਬਾਅਦ ਅਗਲਾ ਅੜਿਕਾ ਪਾਰ ਕਰਨ ਦੀ ਜੱਦੋ ਜਹਿਦ ਕਰ ਰਹੇ ਪ੍ਰਦਰਸ਼ਨਕਾਰੀਆ ਤੇ ਪੁਲਿਸ ਵੱਲੋਂ ਪਾਣੀ ਦੀਆਂ ਬੋਛਾਰਾਂ ਦਾ ਵੀ ਇਸਤੇਮਾਲ ਕੀਤਾ ਗਿਆ। ਹਰਿਆਣਾ ਸਰਕਾਰ ਦੇ ਖਿਲਾਫ ਜੋਸ਼ ਵਿਚ ਭਿੱਜੇ ਪ੍ਰਦਰਸ਼ਨਕਾਰੀਆਂ ਨੂੰ ਆਪਣੀ ਹਿਰਾਸਤ ‘ਚ ਲੈ ਲਿਆ। ਇਸ ਪ੍ਰਦਰਸ਼ਨ ‘ਚ ਵੱਡੀ ਤਦਾਤ ‘ਚ ਬੀਬੀਆਂ ਨੇ ਵੀ ਹਿੱਸਾ ਲਿਆ। ਪ੍ਰਦਰਸ਼ਨਕਾਰੀਆਂ ਨੇ ਹਰਿਆਣਾ ਦੇ ਮੁੱਖ ਮੰੰਤਰੀ ਦੇ ਖਿਲਾਫ ਜ਼ੋਰਦਾਰ ਨਾਰੇਬਾਜ਼ੀ ਕਰਦੇ ਹੋਏ ਕਾਂਗਰਸ ਪਾਰਟੀ ਤੇ ਸਿੱਖਾਂ ਨੂੰ ਤੋੜਨ ਅਤੇ ਉਨ੍ਹਾਂ ਦੇ ਧਾਰਮਿਕ ਮਸਲਿਆਂ ਵਿਚ ਦਖਲਅੰਦਾਜ਼ੀ ਕਰਨ ਦਾ ਦੋਸ਼ ਲਗਾaਣ ਵਾਲੀ ਤਖਤੀਆਂ ਹੱਥ ‘ਚ ਫੜਕੇ ਸਿੱਖਾਂ ਨਾਲ ਨਾ ਟਕਰਾਉਣ ਦੀ ਕਾਂਗਰਸ ਮੁੱਖੀ ਨੂੰ ਚੇਤਾਵਨੀ ਦਿੱਤੀ।
ਪ੍ਰਦਰਸ਼ਨਕਾਰੀਆਂ ਨੂੰ ਸੰਬੋਧਿਤ ਕਰਦੇ ਹੋਏ ਜੀ.ਕੇ. ਨੇ ਹਰਿਆਣਾ ਸਰਕਾਰ ਵੱਲੋਂ ਮਾਲੀ ਬਿਲ ਰਾਹੀਂ ਵੱਖਰੀ ਕਮੇਟੀ ਬਨਾਉਣ ਨੂੰ ਗਲਤ ਠਹਿਰਾਉਂਦੇ ਹੋਏ ਦੱਸਿਆ ਕਿ ਸਰਕਾਰ ਦੀ ਇਸ ਘਟਿਆ ਚਾਲ ਨਾਲ ਗੁਰੂ ਦੀ ਗੋਲਕ ਸਰਕਾਰ ਦੀ ਜਾਇਦਾਦ ਬਨਣ ਦੀ ਕਗਾਰ ਤੇ ਹੈ।ਹਰਿਆਣਾ ਸਰਕਾਰ ਵੱਲੋਂ ਕੇਂਦਰ ਸਰਕਾਰ ਦੀ ਮੰਜ਼ੂਰੀ ਲਏ ਬਿਨਾ ਗੈਰ ਸਵਿਧਾਨਿਕ ਤਰੀਕੇ ਨਾਲ ਇਸ ਬਿਲ ਨੂੰ ਪਾਸ ਕਰਵਾਉਣ ਕਰਕੇ 2 ਸੂਬਾ ਸਰਕਾਰਾਂ ਅਤੇ ੧ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ ਤਾਕਤਾਂ ਨੂੰੰ ਘੱਟ ਕਰਨ ਦੇ ਹੱਥਕੰਡੇ ਵਰਤਣ ਤੇ ਵੀ ਜੀ.ਕੇ. ਨੇ ਸਵਾਲ ਖੜੇ ਕੀਤੇ। 1984 ਚ ਹਜ਼ਾਰਾਂ ਸਿੱਖਾਂ ਦੇ ਕਤਲ ਕਰਨ ਤੋਂ ਬਾਅਦ ਹੁਣ ਸਿੱਖਾਂ ਦੇ ਗੁਰਦੁਆਰਾ ਪ੍ਰਬੰਧ ਦੇ ਅਧਿਕਾਰ ਦਾ ਵੀ ਕਤਲ ਕਰਨ ਦਾ ਕਾਂਗਰਸ ਸਰਕਾਰ ਤੇ ਜੀ.ਕੇ. ਨੇ ਦੋਸ਼ ਲਗਾਇਆ। ਉਨ੍ਹਾਂ ਨੇ ਇਸ ਮਸਲੇ ਤੇ ਅਕਾਲੀ ਦਲ ਵੱਲੋਂ ਲੰਬੀ ਲੜਾਈ ਲੜਨ ਦੇ ਸੰਕੇਤ ਦਿੰਦੇ ਹੋਏ ਕਿਸੇ ਵੀ ਤਰ੍ਹਾਂ ਨਾਲ ਹਰਿਆਣਾ ਦੀ ਵੱਖਰੀ ਗੁਰਦੁਆਰਾ ਕਮੇਟੀ ਨੂੰ ਕੋਈ ਮਾਨਤਾ ਦੇਣ ਤੋਂ ਸਾਫ ਇੰਨਕਾਰ ਕਰ ਦਿੱਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੋਂਦ ‘ਚ ਆਉਣ ਵਾਸਤੇ 1920 ਤੋਂ 1925 ਤਕ ਹਜ਼ਾਰਾਂ ਸਿੱਖਾਂ ਵੱਲੋਂ ਜੇਲਾਂ ਕੱਟਣ ਅਤੇ ਸੈਂਕੜੇ ਸਿੱਖਾਂ ਦੇ ਸ਼ਹੀਦ ਹੋਣ ਦਾ ਹਵਾਲਾ ਦਿੰਦੇ ਹੋਏ ਜੀ.ਕੇ. ਨੇ ਅੰਗ੍ਰੇਜ਼ ਸਰਕਾਰ ਦੀ ਇਸ ਮੋਰਚੇ ਰਾਹੀਂ ਨੀਂਦਰ ਉਡੱਣ ਦਾ ਵੀ ਦਾਅਵਾ ਕੀਤਾ। ਗਵਰਨਰ ਜਰਨਲ ਵੱਲੋਂ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਨੂੰ ਹਰੀ ਝੰਡੀ ਦੇਣ ਤੋਂ ਬਾਅਦ ਮਹਾਤਮਾ ਗਾਂਧੀ ਵੱਲੋਂ ਗੁਰਦੁਆਰਾ ਪ੍ਰਬੰਧ ਮੋਰਚੇ ਨੂੰ ਅਜ਼ਾਦੀ ਦੀ ਲੜਾਈ ਦੀ ਪਹਿਲੀ ਜਿੱਤ ਦਾ ਵੀ ਜੀ.ਕੇ. ਨੇ ਹਵਾਲਾ ਦਿੱਤਾ।
ਦਿੱਲੀ ਕਮੇਟੀ ਦੇ ਜਨਰਲ ਸਕੱਤਰ ਅਤੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਹੁੱਡਾ ਸਰਕਾਰ ਦੇ ਇਸ ਕਦਮ ਨੂੰ ਸਿੱਖ ਵਿਰੋਧੀ ਕਰਾਰ ਦਿੰਦੇ ਹੋਏ ਉਨ੍ਹਾਂ ਦੀ ਸਿਆਸੀ ਤਾਕਤ ਵੀ ਇਸ ਕਾਰਜ ਤੋਂ ਬਾਅਦ ਖਤਮ ਹੋਣ ਦਾ ਵੀ ਖਦਸਾ ਪ੍ਰਗਟਾਇਆ। ਵਿਧਾਨ ਸਭਾ ਚੋਣਾਂ ਤੋਂ ਪਹਿਲੇ ਸਿੱਖਾਂ ਦੇ ਵੋਟ ਪ੍ਰਾਪਤ ਕਰਨ ਲਈ ਤਰਲੋਮੱਛੀ ਹੋ ਰਹੀ ਕਾਂਗਰਸ ਵੱਲੋਂ ਸਿੱਖਾਂ ਵੱਲੋਂ ਠੁਕਰਾਏ ਜਾ ਚੁੱਕੇ ਆਗੂਆਂ ਦਾ ਸਹਾਰਾ ਲੈਣ ਤੇ ਵੀ ਹੁੱਡਾ ਨੂੰ ਕਰੜੇ ਹੱਥੀ ਲਿਆ। ਇਸ ਮੌਕੇ ਦਿੱਲੀ ਕਮੇਟੀ ਦੇ ਸੀਨੀਅਰ ਅਕਾਲੀ ਆਗੂ ਅਵਤਾਰ ਸਿੰਘ ਹਿੱਤ, ਉਂਕਾਰ ਸਿੰਘ ਥਾਪਰ, ਕੁਲਦੀਪ ਸਿੰਘ ਭੋਗਲ ਅਤੇ ਦਿੱਲੀ ਕਮੇਟੀ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ, ਮੀਤ ਪ੍ਰਧਾਨ ਤਨਵੰਤ ਸਿੰਘ, ਜੁਆਇੰਟ ਸਕੱਤਰ ਹਰਮੀਤ ਸਿੰਘ ਕਾਲਕਾ ਤੇ ਮੈਂਬਰ ਕੈਪਟਨ ਇੰਦਰਪ੍ਰੀਤ ਸਿੰਘ, ਸਮਰਦੀਪ ਸਿੰਘ ਸੰਨੀ, ਕੁਲਵੰਤ ਸਿੰਘ ਬਾਠ, ਰਵੈਲ ਸਿੰਘ, ਹਰਵਿੰਦਰ ਸਿੰਘ ਕੇ.ਪੀ., ਜਸਬੀਰ ਸਿੰਘ ਜੱਸੀ, ਚਮਨ ਸਿੰਘ, ਸਤਪਾਲ ਸਿੰਘ, ਹਰਦੇਵ ਸਿੰਘ ਧਨੋਆ, ਕੁਲਮੋਹਨ ਸਿੰਘ, ਗੁਰਦੇਵ ਸਿੰਘ ਭੋਲਾ, ਵਿਧਾਇਕ ਜਤਿੰਦਰ ਸਿੰਘ ਸ਼ੰਟੀ, ਇਸਤ੍ਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਮਨਦੀਪ ਕੌਰ ਬਖਸ਼ੀ, ਬੀਬੀ ਅਮਰਜੀਤ ਕੌਰ, ਸ਼੍ਰੋਮਣੀ ਕਮੇਟੀ ਮੈਂਬਰ ਗੁਰਮਿੰਦਰ ਸਿੰਘ ਮਠਾਰੂ, ਨਿਗਮ ਪਾਰਸ਼ਦ ਸ਼ਾਮ ਸਰਮਾ ਤੇ ਅਕਾਲੀ ਆਗੂ ਜਸਪ੍ਰੀਤ ਸਿੰਘ ਵਿੱਕੀ ਮਾਨ, ਸੁਰਿੰਦਰਪਾਲ ਸਿੰਘ ਓਬਰਾਏ ਤੇ ਵਿਕ੍ਰਮ ਸਿੰਘ ਮੌਜੂਦ ਸਨ।
Check Also
ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ
ਅੰਮ੍ਰਿਤਸਰ, 14 ਨਵੰਬਰ (ਜਗਦੀਪ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ …