ਮਸ਼ੀਨੀ ਯੁੱਗ ਵਿੱਚ ਚਾਰੇ ਪਾਸੇ ਭੱਜ ਦੌੜ ਅਤੇ ਸ਼ੋਰ-ਸ਼ਰਾਬਾ ਪਿਆ ਹੋਇਆ ਹੈ।ਦਿਵਾਲੀ ਤਿਉਹਾਰ ਕਰਕੇ ਇਹ ਸ਼ੋਰ ਸ਼ਰਾਬਾ ਹੋਰ ਵੀ ਵਧ ਜਾਂਦਾ ਹੈ, ਜਿਸ ਕਰਕੇ ਦਿਲ ਦੇ ਮਰੀਜ਼, ਪਸ਼ੂ-ਪੰਛੀ ਅਤੇ ਛੋਟੇ ਬੱਚੇ ਇਸ ਸ਼ੋਰ ਵਿੱਚ ਸਭ ਤੋਂ ਜਿਆਦਾ ਪ੍ਰੇਸ਼ਾਨੀ ਮਹਿਸੂਸ ਕਰਦੇ ਹਨ।ਦਿਵਾਲੀ ਇਕ ਪਵਿੱਤਰ ਤਿਉਹਾਰ ਹੈ ਅਤੇ ਹਰੇਕ ਇਨਸਾਨ ਦਾ ਫ਼ਰਜ ਬਣਦਾ ਹੈ ਕਿ ਇਸ ਦੀ ਪਵਿੱਤਰਤਾ ਨੂੰ ਸਦਾ ਕਾਇਮ ਰੱਖਿਆ ਜਾਵੇ।ਦਿਵਾਲੀ ਦੇ ਤਿਉਹਾਰ ਨੂੰ ਸੋਹਣੇ ਕੱਪੜੇ ਪਾ ਕੇ, ਪਟਾਕੇ ਚਲਾ ਕੇ ਅਤੇ ਮਠਿਆਈਆਂ ਖਾ ਕੇ ਹੀ ਨਾ ਮਨਾਈਏ ਬਲਕਿ ਇਸ ਦਿਨ ਮਾਨਵਤਾ ਲਈ ਕੋਈ ਅਜਿਹਾ ਕੰਮ ਕਰੀਏ ਤਾਂ ਜੋ ਸਾਡੇ ਜਾਣ ਤੋਂ ਬਾਅਦ ਵੀ ਸਾਡੀ ਹੋਂਦ ਬਣੀ ਰਹੇ।ਜੇ ਇਸ ਦਿਨ `ਤੇ ਰੁੱਖ ਲਗਾਏ ਜਾਣ ਤਾਂ ਮਾਨਵਤਾ ਦੀ ਭਲਾਈ ਲਈ ਇਸ ਤੋਂ ਵੱਡਾ ਕੋਈ ਹੋਰ ਕੰਮ ਨਹੀਂ।ਇਹ ਇਕ ਪਵਿੱਤਰ ਸੰਦੇਸ਼ ਹੈ ਕੁਦਰਤ ਦੇ ਚਰਨਾਂ ਵਿੱਚ ‘ਤੇ ਆਉਣ ਵਾਲੀਆਂ ਪੀੜੀਆਂ ਲਈ।ਦਿਵਾਲੀ ਤਿਉਹਾਰ ਨੂੰ ਹਰੀ ਦਿਵਾਲੀ ਦੇ ਤੌਰ `ਤੇ ਮਨਾਇਆ ਜਾਵੇ ਕਿਉਂਕਿ ਰੁੱਖਾਂ ਦੇ ਘਟਣ ਕਾਰਨ ਵਾਤਾਵਰਨ ਵਿੱਚ ਗੜਬੜੀ ਕਰਕੇ ਓਜ਼ੋਨ ਪਰਤ ਕਮਜ਼ੋਰ ਹੋ ਗਈ ਹੈ ਜੋ ਕਿ ਮਨੁੱਖੀ ਜੀਵਨ ਲਈ ਇਕ ਵੱਡੇ ਖ਼ਤਰੇ ਦਾ ਸੰਕੇਤ ਹੈ।
ਆਓ ਦੋਸਤੋ ! ਰੁੱਖ ਲਗਾ ਕੇ ਇਸ ਦਿਵਾਲੀ ਨੂੰ ਪ੍ਰਦੂਸ਼ਣ ਤੇ ਸ਼ੋਰ ਰਹਿਤ ਬਣਾ ਕੇ ਇਕ ਨਵੀਂ ਪਿਰਤ ਪਾਈਏ। ਅਸੀਂ ਸਭ ਵੱਧ ਤੋਂ ਵੱਧ ਰੁੱਖ ਲਗਾ ਕੇ ਇਸ ਲੋਕ ਕਹਾਵਤ ਨੂੰ ਵੀ ਬਦਲੀਏ :-
‘ਸ਼ਹਿਰੀ ਵੱਸਣ ਦੇਵਤੇ, ਵੱਡੇ ਪਿੰਡੀਂ ਮਨੁੱਖ,
ਛੋਟੇ ਪਿੰਡੀਂ ਭੂਤਣੇ, ਪੁੱਟ-ਪੁੱਟ ਸੁੱਟਣ ਰੁੱਖ਼।`
ਜੇ ਅਸੀ ਸਭ ਰਲਮਿਲ ਕੇ ਕੁਦਰਤ ਪ੍ਰਤੀ ਚੇਤਨ ਹੋਈਏ ਤਾਂ ਇਸ ਦਿਵਾਲੀ ਤੋਂ ਬਾਅਦ ਆਉਣ ਵਾਲੀ ਨਵੀਂ ਪੀੜੀ ਇਸ ਲੋਕ ਕਹਾਵਤ ਨੂੰ ਨਵੇਂ ਰੂਪ ‘ਚ ਦੇਖੇਗੀ।
‘ਸ਼ਹਿਰੀ ਵੱਸਣ ਦੇਵਤੇ, ਵੱਡੇ ਪਿੰਡੀਂ ਮਨੁੱਖ,
ਛੋਟੇ ਪਿੰਡੀਂ ਕੁਦਰਤ, ਰੱਜ-ਰੱਜ ਲਾਵੇ ਰੁੱਖ਼।
ਗੁਰਪ੍ਰੀਤ ਮਾਨ ਮੌੜ
ਪਿੰਡ ਤੇ ਡਾਕ ਮੌੜ (ਫ਼ਰੀਦਕੋਟ)
ਮੋਬਾ : 98761-98000