ਦੀਵਾਲੀ ਵਾਲੇ ਪਟਾਕੇ ਲੋਕਾਂ ਨੂੰ ਆਨੰਦ ਦਿੰਦੇ ਹਨ, ਪਰ ਇਨਾਂ ਦਾ ਸ਼ੋਰ ਪਸ਼ੂਆਂ ਅਤੇ ਪੰਛੀਆਂ ‘ਤੇ ਬਹੁਤ ਮਾੜਾ ਅਸਰ ਪੈਂਦਾ ਹੈ।ਪਟਾਕਿਆਂ ਦਾ ਸ਼ੋਰ ਪਾਲਤੂ ਜਾਨਵਰਾਂ ਅਤੇ ਪੰਛੀਆਂ ਨੂੰ ਏਨਾ ਡਰਾ ਦਿੰਦਾ ਹੈ ਕਿ ਉਹ ਤਨਾਅ ਵਿਚ ਆ ਜਾਂਦੇ ਹਨ ਤੇ ਡਰ ਕੇ ਇਧਰ ਉਧਰ ਭੱਜਣ ਲਗ ਪੈਂਦੇ ਹਨ।ਇਸ ਅਵਸਥਾ ਵਿਚ ਉਹ ਕੰਬਣਾ, ਉਚੀ-ਉਚੀ ਭੌਂਕਣਾ, ਗੁਰਾਉਣਾ, ਮੂੰਹ ਵਿਚੋਂ ਲਾਰ ਕੱਢੀ ਜਾਣਾ, ਘਰ ਦੇ ਬਾਹਰ ਜਾਂ ਅੰਦਰ ਲੁੱਕਣ ਦੀ ਕੋਸ਼ਿਸ਼ ਕਰਨਾ ਅਤੇ ਰੋਟੀ ਖਾਣਾ ਛੱਡ ਦੇਣਾ ਵਰਗੇ ਲੱਛਣ ਵਿਖਾਉਂਦੇ ਹਨ।ਕਈ ਜਾਨਵਰਾਂ ਦਾ ਪਿਸ਼ਾਬ ਅਤੇ ਮਲ ਦੁਆਰ ਦਾ ਨਿਯੰਤਰਣ ਮੁੱਕ ਜਾਂਦਾ ਹੈ ਤੇ ਮੋਕ ਲਗ ਜਾਂਦੀ ਹੈ।ਦੀਵਾਲੀ ਦੌਰਾਨ ਪਟਾਕਿਆਂ ਦੇ ਸਮੇਂ ਜਾਨਵਰ ਨੂੰ ਘਰ ਦੇ ਅੰਦਰ ਰੱਖੋ ਅਤੇ ਉਸ ਨੂੰ ਪਟਾਕਿਆਂ ਦੇ ਧੂਏਂ ਤੋਂ ਬਚਾਓ ਜਿਹੜਾ ਕਿ ਸਾਹ ਲੈਣ ਵਿਚ ਤਕਲੀਫ ਪੈਦਾ ਕਰ ਸਕਦਾ ਹੈ।ਪਾਲਤੂ ਜਾਨਵਰ ਨੂੰ ਸੁਰੱਖਿਅਤ ਮਹਿਸੂਸ ਕਰਾਉਣ ਲਈ ਕਮਰੇ ਦੇ ਪਰਦੇ ਬੰਦ ਕਰਕੇ ਰੇਡੀਓ ਜਾਂ ਟੀ ਵੀ ਚਲਾ ਦਿਓ ਤਾਂ ਕਿ ਬਾਹਰ ਦੇ ਪਟਾਕਿਆਂ ਦੀ ਆਵਾਜ਼ ਦੱਬ ਜਾਵੇ।ਆਪਣੀ ਸਰੀਰਕ ਵਾਸ ਵਾਲੇ ਕੁੱਝ ਪੁਰਾਣੇ ਕਪੜੇ ਜਾਨਵਰ ਦੇ ਨੇੜੇ ਰੱਖੇ ਜਾ ਸਕਦੇ ਹਨ।ਪਟਾਕੇ ਸ਼ੁਰੂ ਹੋਣ ਤੋਂ ਲਗਭਗ ਇੱਕ ਘੰਟਾ ਪਹਿਲਾਂ ਕੁੱਤੇ ਨੂੰ ਸੈਰ ਲਈ ਬਾਹਰ ਲੈ ਕੇ ਜਾਓ ਅਤੇ ਘਰ ਜਾ ਕੇ ਵਧੀਆ ਭੋਜਨ ਦਿਓ। ਜੇਕਰ ਕੁੱਤਾ ਅਲਮਾਰੀਆਂ ਜਾਂ ਮੰਜਿਆਂ ਦੇ ਥੱਲੇ ਜਾਂਦਾ ਹੈ ਤਾਂ ਉਸ ਨੂੰ ਉਥੇ ਹੀ ਰਹਿਣ ਦਿਓ। ਜੇਕਰ ਕੁੱਤਾ ਡਰਦਾ ਹੈ, ਬੁੱਢਾ ਹੋ ਚੁੱਕਿਆ ਹੈ ਜਾਂ ਉਸ ਨੂੰ ਦਿਲ ਦੀ ਬਿਮਾਰੀ ਹੈ ਤਾਂ ਦੀਵਾਲੀ ਤੋਂ ਪਹਿਲਾਂ ਹੀ ਵੈਟਨਰੀ ਡਾਕਟਰ ਦੀ ਸਲਾਹ ਲਓ। ਕੁੱਤੇ ਦੇ ਨੇੜੇ ਕੋਈ ਵੀ ਪਟਾਕੇ ਨਾ ਰੱਖੋ ਕਿਉਂਕਿ ਉਹ ਪਟਾਕਿਆਂ ਨੂੰ ਸੁੰਘ ਜਾਂ ਚੱਟ ਸਕਦਾ ਹੈ। ਜਿਸ ਦੇ ਕਾਰਣ ਜ਼ਹਿਰਬਾਦ ਹੋ ਸਕਦਾ ਹੈ। ਮਿਠਾਈਆਂ, ਪੂਜਾ ਦਾ ਸਾਮਾਨ, ਦੀਵੇ, ਮੋਮਬੱਤੀਆਂ ਆਦਿ ਕੁੱਤੇ ਦੀ ਪਹੁੰਚ ਤੋਂ ਦਰੂ ਰੱਖੋ।
ਪਟਾਕਿਆਂ ਦਾ ਸ਼ੋਰ ਮੁੱਕਣ ਤੋਂ ਬਾਅਦ ਕੁੱਤੇ ਨੂੰ ਘਰ ਵਿਚ ਖੁੱਲਾ ਛੱਡ ਦਿਓ ਤਾਂ ਕਿ ਉਹ ਆਪਣੇ ਕੁਦਰਤੀ ਵਿਹਾਰ ਵਿਚ ਮੁੜ ਸਕੇ।ਕੁੱਤੇ ਨੂੰ ਬਾਹਰ ਛੱਡਣ ਤੋਂ ਪਹਿਲਾਂ ਆਪਣੇ ਵਿਹੜੇ ਦੀ ਸਫਾਈ ਕਰੋ।ਗਲੀਆਂ ਵਿਚ ਪਟਾਕਿਆਂ ਦੀ ਆਵਾਜ਼ ਤੋਂ ਬਚਣ ਲਈ ਭੱਜਦੇ ਹੋਏ ਕੁੱਝ ਅਵਾਰਾ ਕੁੱਤੇ, ਕਾਰਾਂ ਜਾਂ ਮੋਟਰ ਸਾਈਕਲਾਂ ਦੇ ਥੱਲੇ ਆ ਜਾਂਦੇ ਹਨ। ਕਈ ਵਾਰ ਕੁੱਝ ਸ਼ਰਾਰਤੀ ਬੱਚੇ ਅਵਾਰਾ ਕੁੱਤਿਆਂ ਦੀਆਂ ਪੂਛਾਂ ਨਾਲ ਪਟਾਕੇ ਬੰਨ ਕੇ ਜਾਂ ਹੋਰ ਤਰੀਕੇ ਨਾਲ ਉਨਾਂ ਨੂੰ ਜ਼ਖ਼ਮੀ ਕਰ ਦਿੰਦੇ ਹਨ।ਇਨਾਂ ਕੁੱਤਿਆਂ ਲਈ ਬਹੁਤ ਵਧੀਆ ਹੋਵੇਗਾ ਜੇਕਰ ਉਨਾਂ ਲਈ ਪਾਣੀ ਜਾਂ ਭੋਜਨ ਦਾ ਕੋਈ ਕਟੋਰਾ ਕਿਸੇ ਚੰਗੀ ਥਾਂ ‘ਤੇ ਰੱਖ ਦਿਓ।ਪਟਾਕਿਆਂ ਦਾ ਸ਼ੋਰ ਹੋਣ ਕਰਕੇ ਪੰਛੀ ਆਪਣੇ ਆਲਣੇ ਤੋਂ ਨਿਕਲ ਜਾਂਦੇ ਹਨ ਤੇ ਆਕਾਸ਼ ਵਿਚ ਇਧਰ ਉਧਰ ਉਡਦੇ ਰਹਿੰਦੇ ਹਨ।ਰਾਤ ਨੂੰ ਘੱਟ ਦਿਸਣ ਕਰਕੇ ਪੰਛੀ ਘਰਾਂ, ਰੁੱਖਾਂ ਜਾਂ ਦੂਜੀਆਂ ਵਸਤਾਂ ਨਾਲ ਟਕਰਾ ਜਾਂਦੇ ਹਨ ਅਤੇ ਜ਼ਖ਼ਮੀ ਹੋ ਜਾਂਦੇ ਹਨ। ਕੁੱਝ ਪੰਛੀ ਬਹੁਤ ਦੂਰ ਉਡ ਜਾਂਦੇ ਹਨ ਤੇ ਮੁੜ ਆਪਣੇ ਆਲਣੇ ਤੱਕ ਨਹੀਂ ਪਹੁੰਚ ਪਾਉਂਦੇ। ਇਹੋ ਜਿਹੇ ਹਾਲਾਤ ਵਿਚ ਉਨਾਂ ਦੇ ਆਂਡੇ ਤੇ ਬੱਚੇ ਅਸੁਰੱਖਿਅਤ ਹੋ ਜਾਂਦੇ ਹਨ। ਸੋ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸ਼ੋਰ ਅਤੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਈਏ ਅਤੇ ਕੁਦਰਤ ਦਾ ਸਤਿਕਾਰ ਕਰੀਏ।
ਹਰਮਿੰਦਰ ਸਿੰਘ ਭੱਟ
ਬਿਸਨਗੜ (ਬਈਏਵਾਲ)
ਸੰਗਰੂਰ ਮੋ- 9914062205