ਬਠਿੰਡਾ, 20 ਜੁਲਾਈ (ਜਸਵਿੰਦਰ ਸਿੰਘ ਜੱਸੀ)- ਦੂਸਰੇ ਜ਼ਿਲ੍ਹਿਆਂ ਵਿੱਚ ਸਵੈ-ਇੱਛੁਕ ਖ਼ੂਨਦਾਨ ਮੁਹਿੰਮ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਯੂਨਾਈਟਿਡ ਵੈੱਲਫੇਅਰ ਸੁਸਾਇਟੀ ਵੱਲੋਂ ਏਅਰ ਫੋਰਸ ਸਟੇਸ਼ਨ ਬਰਨਾਲਾ ਦੇ ਸਹਿਯੋਗ ਨਾਲ ਸਟੇਸ਼ਨ ਦੇ ਕਮਿਊਨਿਟੀ ਹਾਲ ਵਿਖੇ ਇੱਕ ਸਵੈ-ਇੱਛੁਕ ਖ਼ੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿੱਚ 65 ਖ਼ੂਨਦਾਨੀਆਂ ਨੇ ਸਵੈ-ਇੱਛਾ ਨਾਲ ਆਪਣਾ ਖ਼ੂਨ ਲੋੜਵੰਦਾਂ ਲਈ ਦਾਨ ਕੀਤਾ। ਕਰਨਲ ਰਿਟਾ.ਮੁਖ਼ਤਿਆਰ ਸਿੰਘ ਕੁਲਾਰ ਦੀ ਅਗੁਵਾਈ ਵਿੱਚ ਲਗਾਏ ਗਏ ਇਸ ਖ਼ੂਨਦਾਨ ਕੈਂਪ ਦਾ ਉਦਘਾਟਨ ਏਅਰ ਫੋਰਸ ਸਟੇਸ਼ਨ ਦੇ ਸਟੇਸ਼ਨ ਕਮਾਂਡਰ ਗਰੁੱਪ ਕੈਪਟਨ ਐੱਮ.ਕੇ ਗੁਪਤਾ ਨੇ ਆਪਣਾ ਖ਼ੂਨਦਾਨ ਕਰਕੇ ਕੀਤਾ। ਉਹਨਾਂ ਆਪਣੇ ਸੰਬੋਧਨ ‘ਚ ਕਿਹਾ ਕਿ ਯੂਨਾਈਟਿਡ ਵੈੱਲਫੇਅਰ ਸੁਸਾਇਟੀ ਦੀ ਪ੍ਰੇਰਣਾ ਸਦਕਾ ਖ਼ੂਨਦਾਨ ਦਾ ਇਹ ਨੇਕ ਕਾਰਜ ਸੰਭਵ ਹੋ ਸਕਿਆ ਹੈ। ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਸ ਮੁਹਿੰਮ ਨੂੰ ਜਾਰੀ ਰੱਖਿਆ ਜਾਵੇਗਾ। ਕਰਨਲ ਰਿਟਾ.ਮੁਖ਼ਤਿਆਰ ਸਿੰਘ ਕੁਲਾਰ ਨੇ ਸਾਰੇ ਖ਼ੂਨਦਾਨੀਆਂ, ਜਵਾਨਾਂ, ਸਾਬਕਾ ਫੌਜੀਆਂ ਅਤੇ ਕੈਂਪ ਵਿੱਚ ਸਹਿਯੋਗ ਕਰਨ ਵਾਲੀਆਂ ਸੰਸਥਾਵਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਯੂਨਾਈਟਿਡ ਵੈੱਲਫੇਅਰ ਸੁਸਾਇਟੀ ਤੋਂ ਪਹੁੰਚੇ ਵਿਜੇ ਭੱਟ ਅਤੇ ਨਰੇਸ਼ ਪਠਾਣੀਆ ਨੇ ਕਿਹਾ ਕਿ ਹਵਾਈ ਸੈਨਾ ਦੇ ਜਵਾਨ ਦੇਸ਼ ਸੇਵਾ ਦੇ ਨਾਲ ਨਾਲ ਮਾਨਵਤਾ ਦੇ ਭਲੇ ਲਈ ਖ਼ੂਨਦਾਨ ਸੇਵਾ ਵੀ ਬਾਖ਼ੂਬੀ ਨਿਭਾ ਰਹੇ ਹਨ। ਇਹਨਾਂ ਤੋਂ ਪ੍ਰੇਰਣਾ ਲੈ ਕੇ ਸਾਨੂੰ ਵੀ ਦੇਸ਼ ਸੇਵਾ ਅਤੇ ਮਾਨਵ ਸੇਵਾ ਲਈ ਅੱਗੇ ਆਉਣਾ ਚਾਹੀਦਾ ਹੈ। ਸਕਾਡਨ ਲੀਡਰ ਜੀਤੂਮਨੀ ਕਾਲੀਤਾ ਅਤੇ ਵਿੰਗ ਕਮਾਂਡਰ ਜਤਿਨ ਚਾਓਰੇ ਨੇ ਵੀ ਖ਼ੂਨਦਾਨ ਲਈ ਆਪਣੀਆਂ ਬਾਂਹਾਂ ਅੱਗੇ ਕੀਤੀਆਂ। ਏਅਰ ਫੋਰਸ ਦੇ ਜਵਾਨਾਂ ਅਤੇ ਯੂਨਾਈਟਿਡ ਵੈੱਲਫੇਅਰ ਸੁਸਾਇਟੀ ਦੇ ਵਲੰਟੀਅਰਾਂ ਨੇ ਵੱਧ ਚੜ੍ਹ ਕੇ ਖ਼ੂਨਦਾਨ ਕੀਤਾ। ਉਪਕਾਰ ਕੋਆਰਡੀਨੇਸ਼ਨ ਸੁਸਾਇਟੀ ਤੋਂ ਮੰਟੂ ਬਾਂਸਲ, ਆਸਰਾ ਸੋਸ਼ਲ ਵੈੱਲਫੇਅਰ ਕਲੱਬ ਤੋਂ ਰਜੇਸ਼ ਭੁਟਾਨੀ, ਵਜੀਦਕੇ ਕਲਾਂ ਤੋਂ ਸਮਾਜ ਸੇਵੀ ਦਲਬੀਰ ਸਿੰਘ ਅਤੇ ਐਂਕਸ ਸਰਵਿਸਮੈਨ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਨੇ ਵੀ ਖ਼ੂਨਦਾਨ ਕੈਂਪ ਨੂੰ ਸਫਲ ਬਨਾਉਣ ਵਿੱਚ ਭਰਪੂਰ ਯੋਗਦਾਨ ਪਾਇਆ। ਖ਼ੂਨਦਾਨ ਕੈਂਪ ਵਿੱਚ ਜਿੱਥੇ 65 ਸਾਲਾ ਬਜੁਰਗ ਜਗਦੀਪ ਸਿੰਘ ਕਪੂਰ ਨੇ ਪੂਰੇ ਹੌਂਸਲੇ ਨਾਲ ਖ਼ੂਨਦਾਨ ਕੀਤਾ ਉੱਥੇ ਖ਼ੂਨਦਾਨੀ ਮੌਹਮਦ ਅਕਬਰ ਨੇ ਆਪਣੇ ਰੋਜ਼ੇ ਛੱਡ ਇਨਸਾਨੀ ਜ਼ਿੰਦਗੀਆਂ ਬਚਾਉਣ ਖ਼ਾਤਰ ਖ਼ੂਨਦਾਨ ਨੂੰ ਪਹਿਲ ਦਿੱਤੀ। ਮੇਜਰ ਦਰਸ਼ਨ ਸਿੰਘ ਨੇ ਵੀ ਖ਼ੂਨਦਾਨੀਆਂ ਨੂੰ ਆਸ਼ੀਰਵਾਦ ਦਿੱਤਾ। ਯੂਨਾਈਟਿਡ ਦੇ ਵਲੰਟੀਅਰਾਂ ਵਿੱਚੋਂ ਮਾਨ ਸਿੰਘ, ਕ੍ਰਿਸ਼ਨ ਕੋਟਸ਼ਮੀਰ ਅਤੇ ਮਨਜਗਮੀਤ ਵਲੰਟੀਅਰਾਂ ਨੇ ਖ਼ੂਨਦਾਨੀਆਂ ਦੀ ਸੇਵਾ ਸੰਭਾਲ ਕੀਤੀ।
Check Also
ਕੋਪਲ ਕੰਪਨੀ ਲਈ ਕਿਸਾਨੀ ਹਿੱਤ ਸਭ ਤੋਂ ਅਹਿਮ ਹੈ – ਸੰਜੀਵ ਬਾਂਸਲ
ਕੋਪਲ ਦੀ 14ਵੀਂ ਸਲਾਨਾ ਕਾਨਫਰੰਸ ਮੌਕੇ ਡਿਸਟ੍ਰੀਬਿਊਟਰਾਂ ਨੂੰ ਕੀਤਾ ਸਨਮਾਨਿਤ ਸੰਗਰੂਰ, 12 ਜਨਵਰੀ (ਜਗਸੀਰ ਲੌਂਗੋਵਾਲ …