Friday, September 20, 2024

ਰਾਹੁਲ ਤੇ ਸੋਨੀਆ ਦੀ ਅਗਵਾਈ ਨੇ ਦੇਸ਼ ਅਤੇ ਸੰਸਦ ਦਾ ਤਮਾਸ਼ਾ ਬਣਾਇਆ- ਮਜੀਠੀਆ

ਪੰਚਾਇਤ ਨੂੰ 8 ਲੱਖ ਦਿੱਤੇ ਅਤੇ 1.85 ਕਰੋੜ ਨਾਲ ਨਵਾਂ ਥਾਣਾ ਬਣਾਉਣ ਦਾ ਐਲਾਨ

PPN190206

ਅੰਮ੍ਰਿਤਸਰ, 19 ਫਰਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਮਾਲ ਅਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਪਾਰਟੀ ਦੀਆਂ ਰਾਜਨੀਤਕ ਕੁਚਾਲਾਂ ਅਤੇ ਗ਼ੈਰਜਿੰਮੇਵਾਰ ਨੀਤੀਆਂ ਨੂੰ ਸੰਸਦ ਤੋਂ ਲੈ ਕੇ ਸੜਕ ਤੱਕ ਆਏ ਨਿਘਾਰ ਲਈ ਦੋਸ਼ੀ ਕਰਾਰ ਦਿੰਦਿਆਂ ਕਿਹਾ ਹੈ ਕਿ ਦੇਸ਼ ਦਾ ਜਲੂਸ ਕੱਢਣ ਵਾਲੀ ਕਾਂਗਰਸ ਹੁਣ ਆਪਣੇ ਹਸ਼ਰ ਤੋਂ ਘਬਰਾ ਗਈ ਹੈ। ਅੱਜ ਮਜੀਠਾ ਹਲਕੇ ਦੇ ਪਿੰਡ ਮੱਤੇਵਾਲ ਵਿਖੇ ਤਿੰਨ ਕਰੋੜ ਦੀ ਲਾਗਤ ਨਾਲ ਬਣਨ ਵਾਲੇ 66 ਕੇ ਵੀ ਪਾਵਰ ਗਰਿੱਡ ਦਾ ਨੀਂਹ ਪੱਥਰ ਰੱਖਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਜੀਠੀਆ ਨੇ ਕਿਹਾ ਕਿ ਦੇਸ਼ ਨੂੰ ਚਿੰਬੜੀਆਂ ਭੈੜੀਆਂ ਅਲਾਮਤਾਂ ਲਈ 50 ਸਾਲ ਤੋਂ ਵੱਧ ਰਾਜ ਕਰਨ ਵਾਲੀ ਕਾਂਗਰਸ ਪਾਰਟੀ ਮੁੱਖ ਤੌਰ ‘ਤੇ ਜਿੰਮੇਵਾਰ ਹੈ। ਅੱਜ ਭ੍ਰਿਸ਼ਟਾਚਾਰ, ਮਹਿੰਗਾਈ, ਕਾਲਾ ਧਨ, ਘੌਟਾਲੇ ਅਤੇ ਦੰਗਿਆਂ ਦੇ ਜੋ ਖਤਰਨਾਕ ਸਮੇਂ ਲੋਕਾਂ ਨੂੰ ਦੇਖਣੇ ਪੈ ਰਹੇ ਹਨ ਉਨ੍ਹਾਂ ਦੀ ਸਿੱਧੀ ਜਿੰਮੇਵਾਰੀ ਹੁਣ ਤੱਕ ਦੀ ਕਾਂਗਰਸ ਲੀਡਰਸ਼ਿੱਪ ਦੀ ਬਣਦੀ ਹੈ। ਉਨ੍ਹਾਂ ਕਿਹਾ ਕਿ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੀ ਅਗਵਾਈ ਹੇਠ ਬਣਦੀਆਂ ਨੀਤੀਆਂ ਨੇ ਸੰਸਦ ਨੂੰ ਰੌਲੇ-ਰੱਪੇ ਅਤੇ ਹੰਗਾਮਿਆਂ ਦਾ ਮੈਦਾਨ ਬਣਾ ਦਿੱਤਾ ਹੈ। ਆਂਧਰਾ ਪ੍ਰਦੇਸ਼ ਵਿੱਚ ਕਾਂਗਰਸ ਦਾ ਮੁੱਖ ਮੰਤਰੀ ਆਪਣੀ ਕੁਰਸੀ ਅਤੇ ਪਾਰਟੀ ਛੱਡ ਕੇ ਦੌੜ ਗਿਆ ਹੈ। ਵਿਕਾਸ ਦੀ ਦਰ 8.5 ਪ੍ਰਤੀਸ਼ਤ ਤੋਂ ਘੱਟ ਕੇ 5 ਪ੍ਰਤੀਸ਼ਤ ਤੱਕ ਆ ਪਹੁੰਚੀ ਹੈ, ਜਿਸ ਕਰਕੇ ਕੋਈ ਵੀ ਨਿਵੇਸ਼ਕ ਇੱਥੇ ਬਾਹਰੋਂ ਪੈਸਾ ਲਗਾ ਕੇ ਰਾਜੀ ਨਹੀਂ। ਮਜੀਠੀਆ ਨੇ ਚੌਣਾਂ ਤੋਂ ਪਹਿਲਾਂ ਕੇਂਦਰ ਸਰਕਾਰ ਵੱਲੋਂ ਕੀਤੇ ਜਾ ਰਹੇ ਲੋਕ-ਲੁਭਾਊ ਐਲਾਨਾਂ ਨੂੰ ਧੋਖਾ ਕਰਾਰ ਦਿੰਦਿਆਂ ਕਿਹਾ ਕਿ 10 ਸਾਲ ਦੇਸ਼ ਦੀ ਜਨਤਾ ਨੂੰ ਰਗੜਾ ਲਾ ਕੇ ਲੁੱਟ ਕਰਨ ਵਾਲੀ ਕੇਂਦਰ ਸਰਕਾਰ ਹੁਣ ਰਾਹਤਾਂ ਦੇ ਗੱਫ਼ੇ ਦੇ ਕੇ ਵੋਟਾਂ ਬਟੋਰਨ ਦੇ ਚੱਕਰ ਵਿੱਚ ਹੈ ਪਰ ਸੂਝਵਾਨ ਲੋਕ ਇਸ ਨੂੰ ਕਦੇ ਕਾਮਯਾਬ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਖ਼ਜ਼ਾਨੇ ਅਤੇ ਸਕੀਮਾਂ ਵਿੱਚ ਪੰਜਾਬੀਆਂ ਨੂੰ ਭਾਈਵਾਲ ਬਣਾਉਣ ਲਈ ਸ੍ਰੀ ਨਰਿੰਦਰ ਮੋਦੀ ਅਤੇ ਐਨ ਡੀ ਏ ਦੇ ਹੱਥ ਮਜ਼ਬੂਤ ਕਰਨੇ ਜ਼ਰੂਰੀ ਹਨ। ਲੋਕ ਸਭਾ ਚੋਣਾਂ ਵਿੱਚ ਯੂਥ ਅਕਾਲੀ ਦਲ ਦੇ ਆਗੂਆਂ ਨੂੰ ਨੁਮਾਇੰਦਗੀ ਦੇਣ ਬਾਰੇ ਪੁੱਛੇ ਜਾਣ ‘ਤੇ ਮਜੀਠੀਆ ਨੇ ਕਿਹਾ ਕਿ ਭਾਵੇਂ ਟਿਕਟ ਦਾ ਫੈਸਲਾ ਅਕਾਲੀ ਹਾਈ ਕਮਾਨ ਨੇ ਸੰਭਾਵੀ ਜੇਤੂ ਨੂੰ ਵੇਖ ਕੇ ਹੀ ਕਰਨਾ ਹੈ ਪਰ ਪਵਨ ਕੁਮਾਰ ਟੀਨੂੰ ਵਰਗੇ ਨੌਜਵਾਨ ਊਮੀਦਵਾਰ ਉਤਾਰਨੇ ਵੀ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਮਜੀਠਾ ਹਲਕੇ ਵਿੱਚ ਪਿੱਛਲੇ 7 ਸਾਲਾਂ ਵਿੱਚ ਇੰਨੇ ਪਾਵਰ ਗਰਿੱਡ ਬਣਾਏ ਗਏ ਹਨ, ਜਿੰਨੇ ਆਜ਼ਾਦੀ ਤੋਂ ਬਾਅਦ ਹੁਣ ਤੱਕ ਨਹੀਂ ਬਣੇ। ਉਨ੍ਹਾਂ ਕਿਹਾ ਕਿ ਨਵੀਂ ਆਟਾ-ਦਾਲ ਸਕੀਮ ਵੀ ਲਾਗੂ ਹੋ ਚੁੱਕੀ ਹੈ ਅਤੇ ਜਿੰਨਾਂ ਪਰਿਵਾਰਾਂ ਦੇ ਫਾਰਮ ਪਰਵਾਨ ਹੋ ਚੁੱਕੇ ਹਨ ਉਨ੍ਹਾਂ ਨੂੰ ਸਸਤਾ ਆਟਾ-ਦਾਲ ਹਰ ਹਾਲਤ ਵਿੱਚ ਮਿਲੇਗਾ। ਇਸ ਤੋਂ ਪਹਿਲਾਂ ਮਜੀਠੀਆ ਨੇ ਪਿੰਡ ਮੱਤੇਵਾਲ ਦੀ ਪੰਚਾਇਤ ਨੂੰ 8 ਲੱਖ ਰੁਪਏ ਦਾ ਚੈੱਕ ਭੇਂਟ ਕੀਤਾ ਅਤੇ ਐਲਾਨ ਕੀਤਾ ਕਿ 1.85 ਕਰੋੜ ਦੀ ਲਾਗਤ ਨਾਲ ਨਵਾਂ ਥਾਣਾ ਮੱਤੇਵਾਲ ਵਿੱਖੇ ਉਸਾਰਿਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਜਿਹੜੀ ਵੀ ਪੰਚਾਇਤ ਸੜਕ ਨਾਲ ਲੱਗਦੀ ਪੰਚਾਇਤੀ ਜ਼ਮੀਨ ਦੇਵੇਗੀ, ਉੱਥੇ ਖੇਡ ਸਟੇਡੀਅਮ ਬਣਾਉਣ ਦਾ ਕੰਮ ਫੌਰਨ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਮੌਕੇ ‘ਤੇ ਮਜੀਠੀਆ ਦੇ ਨਾਲ ਵਿਧਾਇਕ ਬਲਜੀਤ ਸਿੰਘ ਜਲਾਲ ਉਸਮਾ, ਸਰਪੰਚ ਕੁਲਬੀਰ ਸਿੰਘ ਮੱਤੇਵਾਲ, ਤਲਬੀਰ ਸਿੰਘ ਗਿੱਲ, ਤਰਲੋਚਨ ਸਿੰਘ ਮੱਤੇਵਾਲ, ਸੁਖਵਿੰਦਰ ਸਿੰਘ ਗੋਲਡੀ, ਭਗਵੰਤ ਸਿੰਘ ਸਿਆਲਕਾ, ਯੋਧ ਸਿੰਘ ਸਮਰਾ, ਗੁਰਜਿੰਦਰ ਸਿੰਘ ਢੱਪਈਆਂ, ਸਰਵਣ ਸਿੰਘ ਰਾਮਦਿਵਾਲੀ, ਬਲਵਿੰਦਰ ਸਿੰਘ ਬਲੋਵਾਲੀ, ਰੇਸ਼ਮ ਸਿੰਘ ਭੁੱਲਰ, ਇੰਦਰ ਸਿੰਘ, ਸੰਦੀਪ ਸਿੰਘ ਉਦੋਕੇ, ਗੁਰਪਿੰਦਰ ਸਿੰਘ ਜੰਮੂ, ਸਤਿੰਦਰਪਾਲ ਸਿੰਘ ਰਾਜੂ, ਅਜਿੰਦਰ ਸਿੰਘ, ਰਜਿੰਦਰ ਕੁਮਾਰ ਬਿੱਟੁ, ਤਰਸੇਮ ਸਿੰਘ ਮੱਤੇਵਾਲ, ਪਿਆਰਾ ਸਿੰਘ, ਅਮਰਪਾਲ ਸਿੰਘ ਪਾਲੀ, ਗੁਰਿੰਦਰ ਸਿੰਘ ਉਦੋਕੇ, ਮੇਜਰ ਸ਼ਿਵੀ, ਗੁਰਮੀਤ ਸਿੰਘ ਰਾਜੂ ਭੀਲੋਵਾਲ ਅਤੇ ਦਾਰਾ ਸਿੰਘ ਭੀਲੋਵਾਲ ਆਦਿ ਆਗੂ ਵੀ ਮੌਜੂਦ ਸਨ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply