ਜੰਡਿਆਲਾ ਗੁਰੂ, 24 ਜੁਲਾਈ (ਹਰਿੰਦਰਪਾਲ ਸਿੰਘ)- ਜੀ. ਟੀ. ਰੋਡ ਜੰਡਿਆਲਾ ਗੁਰੂ ਅੰਮਿਤ੍ਰਸਰ ਰੋਡ ਉਪੱਰ ਸਥਿਤ ਸਰਕਾਰੀ ਹਸਪਤਾਲ ਵਿਚ ਸਭ ਕੁੱਝ ਠੀਕ ਨਹੀ ਚੱਲ ਰਿਹਾ।ਹਸਪਤਾਲ ਵਿੱਚ ਪੂਰੀਆਂ ਡਾਕਟਰੀ ਸਹੁਲਤਾਂ ਅਤੇ ਡਾਕਟਰਾਂ ਦੀ ਕਮੀ ਕਾਰਨ ਇਥੇ ਰੋਜ਼ਾਨਾ ਲਗਭਗ ਸਿਰਫ 150-200 ਮਰੀਜ ਅਪਣਾ ਇਲਾਜ਼ ਕਰਵਾਉਣ ਲਈ ਆਉਂਦੇ ਹਨ। ਕਮਿਊਨਿਟੀ ਹੈਲੱਥ ਸੈਂਟਰ ਮਾਨਾਂਵਾਲਾ ਵਿਚ ਪੱਤਰਕਾਰਾਂ ਵਲੋਂ ਦੋਰਾ ਕਰਨ ਤੇ ਪਤਾ ਲੱਗਾ ਕਿ ਮਰੀਜ਼ਾਂ ਨੂੰ ਹਸਪਤਾਲ ਵਿਚੋਂ ਦਵਾਈ ਬਹੁਤ ਹੀ ਘੱਟ ਮਿਲਦੀ ਹੈ।ਡਾਕਟਰ ਵੀ ਸਿਰਫ ਉਹੀ ਦਵਾਈ ਲਿਖਦੇ ਹਨ ਜੋ ਕਿ ਬਾਹਰ ਕੈਮਿਸਟ ਵਾਲਿਆਂ ਕੋਲ ਉਪਲੱਬਧ ਹੁੰਦੀ ਹੈ।ਜੰਡਿਆਲਾ ਗੁਰੂ ਇਲਾਕੇ ਦੇ ਆਸ ਪਾਸ ਦੇ ਕਰੀਬ 79 ਪਿੰਡਾਂ ਨੂੰ ਸਰਕਾਰੀ ਸਹੂਲਤਾਂ ਦੇਣ ਵਾਲੇ ਇਕੋ ਇੱਕ ਸਰਕਾਰੀ ਹਸਪਤਾਲ ਵਿਚ ਮੋਜੂਦਾ ਸਿਰਫ 30 ਹੀ ਬੈੱਡ ਹਨ ।ਕੋਈ ਵੀ ਦੁਰਘਟਨਾ ਜਾਂ ਲੜਾਈ ਝਗੜੇ ਦੋਰਾਨ ਸਰਕਾਰੀ ਰਿਪੋਰਟ ਬਨਾਉਣ ਲਈ ਇਸ ਹਸਪਤਾਲ ਵਿਚ ਆਉਣਾ ਪੈਂਦਾ ਹੈ ਪਰ ਇਥੇ ਨਾ ਹੀ ਹੱਡੀਆਂ ਦਾ, ਨਾ ਚਮੜੀ ਦਾ ਅਤੇ ਨਾ ਹੀ ਅੱਖਾਂ ਦਾ ਕੋਈ ਡਾਕਟਰ ਮੋਜੂਦ ਹੈ।ਆਮ ਤੋਰ ਤੇ ਜੀ ਟੀ ਰੋਡ ਉਪੱਰ ਹੁੰਦੇ ਹਾਦਸਿਆਂ ਦੇ ਮਰੀਜ਼ਾਂ ਨੂੰ ਹੱਡੀਆਂ ਦੇ ਨੁਕਸਾਨ ਹੋਣ ਕਾਰਨ ਅੰਮ੍ਰਿਤਸਰ ਹਸਪਤਾਲ ਜਾਣਾ ਪੈਂਦਾ ਹੈ। ਇਸ ਕਰਕੇ ਕਈ ਮਰੀਜ਼ ਰਸਤੇ ਵਿਚ ਹੀ ਦਮ ਤੋੜ ਜਾਂਦੇ ਹਨ। ਕੁੱਝ ਇਕ ਮਰੀਜ਼ਾਂ ਨੇ ਤਾਂ ਹਸਪਤਾਲ ਵਿਚ ਮਰੀਜ਼ਾਂ ਲਈ ਤਿਆਰ ਹੁੰਦੇ ਖਾਣੇ ਉਪੱਰ ਵੀ ਉਂਗਲੀਆਂ ਉਠਾ ਦਿੱਤੀਆ ਕਿ ਸਰਕਾਰੀ ਖਾਣੇ ਵਿਚ ਵੀ ਗੋਲਮਾਲ ਹੋ ਰਿਹਾ ਹੈ। ਮਰੀਜ਼ਾਂ ਲਈ ਦਰਜਾ ਚਾਰ ਕਰਮਚਾਰੀਆਂ ਦੀ ਘਾਟ ਵੀ ਦੇਖਣ ਨੂੰ ਮਿਲ ਰਹੀ ਸੀ। ਅਤਿ ਭਰੋਸੇਯੋਗ ਸਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੱਤਾਧਾਰੀ ਧਿਰ ਵਲੋਂ ਕਈ ਝਗੜਿਆਂ ਵਿਚ ਝੂਠੇ ਹੀ ਪਰਚੇ ਡਾਕਟਰਾਂ ਦੀ ਮਿਲੀ ਭੁਗਤ ਨਾਲ ਕੀਤੇ ਜਾ ਰਹੇ ਹਨ।ਜਿਸ ਵਿਚ aੁੱਚ ਪੱਧਰ ਤੋਂ ਲੈ ਕੇ ਥੱਲੇ ਤੱਕ ਸਾਰਿਆਂ ਦਾ ਲੈਣ ਦੇਣ ਚਲਦਾ ਹੈ।ਅਗਰ ਕੋਈ ਇਮਾਨਦਾਰ ਡਾਕਟਰ ਅਜਿਹਾ ਕਰਨ ਤੋਂ ਮਨਾ੍ਹ ਕਰਦਾ ਹੈ ਤਾਂ ਸੱਤਾਧਾਰੀ ਧਿਰ ਦੇ ਆਗੂਆਂ ਵਲੋਂ ਉਹਨਾਂ ਨੂੰ ਬਦਲੀ ਕਰ ਦੇਣ ਦੀਆ ਧਮਕੀਆਂ ਦਿੱਤੀਆਂ ਜਾਂਦੀਆਂ ਹਨ।
ਸੀਨੀਅਰ ਮੈਡੀਕਲ ਅਫ਼ਸਰ ਕੀ ਕਹਿੰਦੇ ਹਨ
ਹਸਪਤਾਲ ਵਿਚ ਮੋਜੂਦ ਸੀਨੀਅਰ ਮੈਡੀਕਲ ਅਫ਼ਸਰ ਮੈਡਮ ਨਰਿੰਦਰ ਕੋਰ ਨੇ ਕਿਸੇ ਵੀ ਗਲਤ ਕੰਮਾਂ ਨੂੰ ਨਕਾਰਦੇ ਹੋਏ ਕਿਹਾ ਕਿ ਕਿ ਹਸਪਤਾਲ ਵਿਚ ਸਭ ਕੁੱਝ ਠੀਕ ਠਾਕ ਹੈ ਤੇ ਡਾਕਟਰਾਂ ਦੀ ਘਾਟ ਨੂੰ ਵੀ ਛੇਤੀ ਪੂਰਾ ਕੀਤਾ ਜਾਵੇਗਾ।
ਕੀ ਕਹਿੰਦੇ ਹਨ ਸਿਹਤ ਮੰਤਰੀ
ਮਾਨਾਂਵਾਲਾ ਕਮਿਊਨਿਟੀ ਹੈਲਥ ਸੈਂਟਰ ਵਿਚ ਚੱਲ ਰਹੀਆ ਉਪਰੋਕਤ ਘਟਨਾਵਾਂ ਸਬੰਧੀ ਜਦ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਨਾਲ ਗੱਲ ਕੀਤੀ ਗਈ ਤਾਂ ਉਹਨਾ ਕਿਹਾ ਕਿ ਡਾਕਟਰਾਂ ਦੀ ਘਾਟ ਨੂੰ ਪੂਰਾ ਕੀਤਾ ਜਾਵੇਗਾ ਅਤੇ ਡੈਪੂਟੇਸ਼ਨ ਤੇ ਗਏ ਦਰਜਾ ਚਾਰ ਕਰਮਚਾਰੀਆਂ ਨੂੰ ਵਾਪਿਸ ਬੁਲਾਇਆ ਜਾਵੇਗਾ।ਉਹਨਾ ਕਿਹਾ ਕਿ ਹਸਪਤਾਲ ਵਿਚ ਚੱਲ ਰਹੇ ਕਿਸੇ ਵੀ ਨਜ਼ਾਇਜ਼ ਕੰਮ ਲਈ ਉਹ ਗੁਪਤ ਜਾਂਚ ਪੜਤਾਲ ਕਰਵਾ ਕੇ ਅਫ਼ਸਰਾਂ ਖਿਲਾਫ ਕਾਰਵਾਈ ਕਰਨਗੇ।