Sunday, December 22, 2024

ਜੇਕਰ ਸਟਾਕ ‘ਤੇ ਵੈਟ ਵਾਪਸ ਨਾ ਲਿਆ ਤਾਂ ਮੈਂ ਵਪਾਰੀਆਂ ਦੇ ਸੰਘਰਸ਼ ਦੀ ਅਗਵਾਈ ਕਰਾਂਗਾ – ਕੈਬਨਿਟ ਮੰਤਰੀ ਜੋਸ਼ੀ

ਸਰਕਾਰ ਨੂੰ ਸੋਮਵਾਰ ਤੱਕ ਦਾ ਦਿੱਤਾ ਅਲਟੀਮੇਟਮ

PPN240709

ਅੰਮ੍ਰਿਤਸਰ, 24  ਜੁਲਾਈ (ਸੁਖਬੀਰ ਸਿੰਘ)- ਸਥਾਨਕ ਸਰਕਾਰਾਂ ਅਤੇ ਮੈਡੀਕਲ ਸਿੱਖਿਆ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਵਪਾਰੀਆਂ ਦੀ ਮੰਗ ਅਨੁਸਾਰ ਸਟਾਕ ‘ਤੇ ਲਿਆ ਜਾ ਰਿਹਾ ਐਡਵਾਂਸ ਟੈਕਸ ਸੋਮਵਾਰ ਤੱਕ ਵਾਪਸ ਨਾ ਲਿਆ ਤਾਂ ਉਹ ਮੰਗਲਵਾਰ ਤੋਂ ਵਪਾਰੀਆਂ ਵੱਲੋਂ ਕੀਤੇ ਜਾਣ ਵਾਲੇ ਸੰਘਰਸ਼ ਦੀ ਅਗਵਾਈ ਕਰਨਗੇ। ਅੱਜ ਆਪਣੇ ਦਫਤਰ ਵਿਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਸ੍ਰੀ ਜੋਸ਼ੀ ਨੇ ਕਿਹਾ ਕਿ ਅਫਸਰਸ਼ਾਹੀ ਸਰਕਾਰ ਨੂੰ ਗੁੰਮਰਾਹ ਕਰ ਰਹੀ ਹੈ, ਜਿਸ ਨਾਲ ਜਿੱਥੇ ਸਰਕਾਰ ਦੇ ਮਾਲੀਏ ਦਾ ਨੁਕਸਾਨ ਹੋ ਰਿਹਾ ਹੈ, ਉਥੇ ਵਪਾਰ ਵੀ ਤਬਾਹ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀ ਜੋ ਪ੍ਰਸਤਾਵ ਸਰਕਾਰ ਨੂੰ ਦੇ ਰਹੇ ਹਨ, ਉਹ ਕਿਸੇ ਵੀ ਤਰਾਂ ਪੰਜਾਬ ਦੇ ਲੋਕਾਂ ਅਤੇ ਸਰਕਾਰ ਦੇ ਹੱਕ ਵਿਚ ਨਹੀਂ।  ਮਾਝੇ ਦੇ ਵਪਾਰੀਆਂ ਦੀ ਭਰਵੀਂ ਹਾਜ਼ਰੀ ਵਿਚ ਸ੍ਰੀ ਜੋਸ਼ੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਇਹ ਵਪਾਰੀ ਲੋਕਾਂ ਸਦਕਾ ਹੀ ਸਰਕਾਰ ਦਾ ਮਾਲੀਆ ਇਕੱਠਾ ਹੋ ਰਿਹਾ ਹੈ, ਪਰ ਅਫਸਰਸ਼ਾਹੀ ਇੰਨਾ ਨੂੰ ਹੀ ਤੰਗ ਕਰਨ ‘ਤੇ ਤੁਲੀ ਹੋਈ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਹਲਾਤ ਵਿਚ ਵਪਾਰੀ ਨੂੰ ਵਪਾਰ ਕਰਨਾ ਬਹੁਤ ਮੁਸ਼ਿਕਲ ਹੋ ਰਿਹਾ ਹੈ। ਸ੍ਰੀ ਜੋਸ਼ੀ ਨੇ ਕਿਹਾ ਕਿ ਮੈਨੂੰ ਸੱਤਾ ਨਾਲੋਂ ਵਪਾਰੀਆਂ ਤੇ ਆਪਣੇ ਲੋਕਾਂ ਦੇ ਹਿਤ ਵੱਧ ਪਿਆਰੇ ਹਨ। ਉਨ੍ਹਾਂ ਕਿਹਾ ਕਿ ਮੈਂ ਇਨਾਂ ਲੋਕਾਂ ਦੀ ਬਦੌਲਤ ਸਰਕਾਰ ਵਿਚ ਆਇਆ ਹਾਂ ਅਤੇ ਕਿਸੇ ਵੀ ਹਾਲਤ ਵਿਚ ਇੰਨਾ ਤੋਂ ਦੂਰ ਨਹੀਂ ਜਾ ਸਕਦਾ, ਬਲਕਿ ਇੰਨਾਂ ਦੀਆਂ ਮੁਸ਼ਿਕਲਾਂ ਦੂਰ ਕਰਨੀਆਂ ਮੇਰਾ ਪਹਿਲਾ ਫਰਜ਼ ਹਨ। ਸ੍ਰੀ ਜੋਸ਼ੀ ਨੇ ਦੱਸਿਆ ਕਿ ਜੋ ਮਾਲ ਵਪਾਰੀ ਦਾ ਵਿਕਿਆ ਹੀ ਨਹੀਂ, ਉਸਦੀ ਦੁਕਾਨ ਵਿਚ ਪਿਆ ਹੋਇਆ ਹੈ, ਉਸ ‘ਤੇ ਟੈਕਸ ਦੀ ਐਡਵਾਂਸ ਉਗਰਾਹੀ ਕਰਨੀ ਕਿਸੇ ਵੀ ਤਰਾਂ ਜਾਇਜ਼ ਨਹੀਂ।

        ਉਨ੍ਹਾਂ ਵਪਾਰੀਆਂ ਨੂੰ ਸੱਦਾ ਦਿੱਤਾ ਕਿ ਉਹ ਸਟਾਕ ‘ਤੇ ਐਡਵਾਂਸ ਟੈਕਸ ਨਾ ਭਰਨ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਇਸ ਨੂੰ ਵਾਪਸ ਲੈਣਾ ਵੀ ਮੰਨ ਲਿਆ ਸੀ, ਪਰ ਫਿਰ ਵੀ ਮਸਲਾ ਹੱਲ ਨਹੀਂ ਹੋਇਆ ਅਤੇ ਵਪਾਰੀਆਂ ਨੂੰ ਸਰਕਾਰੀ ਅਧਿਕਾਰੀ ਪਰੇਸ਼ਾਨ ਕਰ ਰਹੇ ਹਨ ਅਤੇ ਆਪਣੇ ਮਿੱਥੇ ਹੋਏ ਨਿਸ਼ਾਨੇ ਦੀ ਪੂਰਤੀ ਲਈ ਵਪਾਰੀਆਂ ਨੂੰ ਖੱਜ਼ਲ ਕੀਤਾ ਜਾ ਰਿਹਾ ਹੈ। ਸ੍ਰੀ ਜੋਸੀ ਨੇ ਕਿਹਾ ਕਿ ਵਪਾਰੀ ਇਸ ਸੰਘਰਸ਼ ਦੌਰਾਨ ਭ੍ਰਿਸ਼ਟ ਅਧਿਕਾਰੀਆਂ ਦੇ ਨਾਂਅ ਵੀ ਜਨਤਕ ਕਰਨਗੇ। ਉਨ੍ਹਾਂ ਕਿਹਾ ਕਿ ਇਸ ਵੇਲੇ ਹਾਲਤ ਇਹ ਬਣੇ ਹੋਏ ਹਨ ਕਿ ਸਾਫ-ਸੁਥਰਾ ਕੰਮ ਕਰਨ ਵਾਲੇ ਵਪਾਰੀ ਪਰੇਸ਼ਾਨ ਹੋ ਰਹੇ ਹਨ ਅਤੇ ਉਹ ਵਪਾਰ ਵੱਲ ਧਿਆਨ ਦੇਣ ਨਾਲੋਂ ਸਰਕਾਰੀ ਅਧਿਕਾਰੀਆਂ ਦੀਆਂ ਪਰੇਸ਼ਾਨੀ ਨਿਪਟਾਉਣ ਵੱਲ ਵੱਧ ਧਿਆਨ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਵਪਾਰੀਆਂ ਦੇ ਕਰੋੜਾਂ ਰੁਪਏ ਦੇ ਰਿਫੰਡ ਵਿਭਾਗ ਵੱਲ ਬਕਾਇਆ ਪਏ ਹੋਏ ਹਨ, ਪਰ ਸਰਕਾਰ ਹਜ਼ਾਰਾਂ ਰੁਪਏ ਦੇ ਟੈਕਸ ਲੈਣ ਲਈ ਵਪਾਰੀਆਂ ‘ਤੇ ਦਬਾਅ ਬਣਾ ਰਹੀ ਹੈ। 

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply