‘ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ’ ਬੁਲਾਉਣ ‘ਤੇ ਪ੍ਰਿੰਸੀਪਲ ਨੇ ਬੱਚਿਆਂ ਨੂੰ ਸੋਟੀਆਂ ਨਾਲ ਕੁੱਟਿਆ

ਜੰਡਿਆਲਾ ਗੁਰੂ, 28 ਜੁਲਾਈ (ਹਰਿੰਦਰਪਾਲ ਸਿੰਘ)- ਹੁਣ ਪੰਜਾਬ ਵਿਚ ਗੁਰੂਆਂ ਦੇ ਨਾਮ ਤੇ ਖੋਲੇ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਕੁੱਟਮਾਰ ਦਾ ਸ਼ਿਕਾਰ ਹੋਣਾ ਪਵੇਗਾ।ਅਜਿਹੀ ਹੀ ਇਕ ਘਟਨਾ ਜੀ ਟੀ ਰੋਡ ਮੱਲ੍ਹੀਆ ਤੇ ਸਥਿਤ ਸ੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਵਿਚ ਦੇਖਣ ਨੂੰ ਮਿਲੀ।ਮੋਕੇ ਤੋਂ ਇਕੱਤਰ ਕੀਤੀ ਜਾਣਕਾਰੀ ਵਿਚ ਦਸਵੀਂ ਕਲਾਸ ਦੇ ਸਾਰੇ ਲੜਕਿਆ ਨੇ ਪੱਤਰਕਾਰਾਂ ਸਾਹਮਣੇ ਹੱਥ ਖੜੇ ਕਰਕੇ ਦੱਸਿਆ ਕਿ ਕਿਸ ਕਿਸ ਵਿਦਿਆਰਥੀ ਨੂੰ ਸਕੂਲ ਦੇ ਅਧਿਆਪਕ ਰਵਰੂਪ ਸਿੰਘ ਨੂੰ ‘ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ’ ਬੁਲਾਉਣ ‘ਤੇ ਸਕੂਲ ਦੇ ਪ੍ਰਿੰਸੀਪਲ ਪਲਵਿੰਦਰਪਾਲ ਸਿੰਘ ਨੇ ਕਲਾਸ ਦੇ ਬਾਹਰ ਸੋਟੀਆਂ ਨਾਲ ਕੁੱਟਿਆ।ਪ੍ਰਿੰਸੀਪਲ ਦੀ ਕੁੱਟਮਾਰ ਦਾ ਸ਼ਿਕਾਰ ਹੋ ਕੇ ਹੱਥ ਦੀ ਉਂਗਲੀ ਤੇ ਸੱਟ ਲਗਾਈ ਬੈਠੇ ਵਿਦਿਆਰਥੀ ਰਾਜਬੀਰ ਸਿੰਘ ਪੁੱਤਰ ਚਰਨ ਸਿੰਘ ਪਿੰਡ ਮੱਲੀਆਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਜੋ ਪ੍ਰਿੰਸੀਪਲ ਸਨ, ਉਹਨਾ ਨੇ ਕਲਾਸ ਵਿਚ ਫਤਿਹ ਬੁਲਾਉਣ ਤੋਂ ਕਦੀ ਮਨਾ ਨਹੀ ਕੀਤਾ ਸੀ ਅਤੇ ਸਾਰੇ ਵਿਦਿਆਰਥੀ ਫਤਿਹ ਬੁਲਾਉਂਦੇ ਸਨ। ਪਰ ਜਦੋਂ ਤੋਂ ਇਹ ਪ੍ਰਿੰਸੀਪਲ ਆਏ ਹਨ ਇਹਨਾ ਨੇ ਇਥੇ ਇੰਗਲਿਸ਼ ਵਿਚ ‘ਗੁਡ ਮਾਰਨਿੰਗ’ ਕਹਿਣ ਬਾਰੇ ਕਿਹਾ।ਸਕੂਲ ਵਿਚ ਵੀ ਸਭ ਕੰਧਾਂ ਉਪਰ ਅਤੇ ਪ੍ਰਿੰਸੀਪਲ ਦੇ ਕਮਰੇ ਦੇ ਬਾਹਰ ਇੰਗਲਿਸ਼ ਵਿਚ ਸਭ ਕੁੱਝ ਲਿਖਿਆ ਹੋਇਆ ਸੀ, ਜਦੋਂ ਕਿ ਪੰਜਾਬ ਦੇ ਸਕੂਲਾਂ ਵਿਚ ਪੰਜਾਬੀ ਭਾਸ਼ਾ ਨੂੰ ਪਹਿਲ ਦਿੱਤੀ ਗਈ ਹੈ। ਫੱਟੜ ਵਿਦਿਆਰਥੀ ਦੀ ਮਾਂ ਨੇ ਸਕੂਲ ਪਹੰਚ ਕੇ ਜਦ ਇਸ ਬਾਬਤ ਪ੍ਰਿੰਸੀਪਲ ਨੂੰ ਪੁਛਿਆ ਤਾਂ ਪ੍ਰਿੰਸੀਪਲ ਨੇ ਕਿਹਾ ਕਿ ਇਥੇ ਉਹੀ ਕੁੱਝ ਹੋਵੇਗਾ ਜੋ ਪੀ.ਐਸ.ਈ.ਬੀ, ਸੀ.ਬੀ.ਐਸ.ਈ ਸਕੂਲਾਂ ਦੇ ਨਿਯਮ ਹਨ।ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਵੀ ਪ੍ਰਿੰਸੀਪਲ ਨੇ ਅੜੀਅਲ ਵਤੀਰੇ ਨਾਲ ਕਿਹਾ ਕਿ ਹਾਂ ਮੈਂ ਵਿਦਿਆਰਥੀਆਂ ਨੂੰ ਫਤਿਹ ਬੁਲਾਉਣ ਤੋਂ ਰੋਕਿਆ ਹੈ ਅਤੇ ਜਿਸ ਜਿਸ ਨੇ ਫਤਿਹ ਬੁਲਾਈ ਉਸਨੂੰ ਸੋਟੀਆਂ ਨਾਲ ਕੁਟਿਆ ਵੀ ਹੈ। ਜਦੋਂ ਪ੍ਰਿੰਸੀਪਲ ਨੂੰ ਪੁੱਛਿਆ ਗਿਆ ਕਿ ਕੀ ਸਕੂਲ ਵਿਚ ਬੱਚੇ ਨੂੰ ਕੁੱਟਣਾ ਨਿਯਮਾਂ ਵਿਚ ਆਉਂਦਾ ਹੈ ਤਾਂ ਉਹਨਾ ਨੇ ਕਿਹਾ ਕਿ ਵਿਦਿਆਰਥੀਆਂ ਦੇ ਮਾਪਿਆ ਦੇ ਕਹਿਣ ਤੇ ਅਸੀਂ ਕੁਟਦੇ ਹਾਂ।ਵਿਦਿਆਰਥੀਆਂ ਨੂੰ ਪੂਰੀ ਯੂਨੀਫਾਰਮ ਅਤੇ ਬੂਟਾਂ ਵਿਚ ਸਕੂਲ ਵਿਚ ਆਉਣ ਦਾ ਕਹਿਣ ਵਾਲੇ ਪ੍ਰਿੰਸੀਪਲ ਦੇ ਖੁੱਦ ਦੇ ਅਧਿਆਪਕ ਰਵਰੂਪ ਸਿੰਘ ਨੇ ਬਾਥਰੂਮ ਵਾਲੀਆਂ ਚੱਪਲਾਂ ਪਾਈਆ ਹੋਈਆ ਸਨ। ਵਿਦਿਆਰਥੀਆਂ ਨੂੰ ਕੁੱਟਮਾਰ ਸਬੰਧੀ ਜਦ ਬੀ. ਈ. ਓ ਲਖਵਿੰਦਰ ਸਿੰਘ ਨੂੰ ਪੁੱਛਿਆ ਗਿਆ ਤਾਂ ਉਹਨਾ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਸੁਪਰੀਮ ਕੋਰਟ ਦੇ ਹੁਕਮ ਹਨ ਕਿ ਵਿਦਿਆਰਥੀਆਂ ਨੂੰ ਅਧਿਆਪਕ ਚਪੇੜ ਵੀ ਨਹੀ ਮਾਰ ਸਕਦੇ।ਪ੍ਰਾਈਵੇਟ ਸਕੂਲਾਂ ਬਾਰੇ ਪੂਰੀ ਜਾਣਕਾਰੀ ਨਹੀਂ।ਗਰਮੀ ਵਿਚ ਪੰਜ ਕਿਲੋਮੀਟਰ ਦੂਰ ਸਕੂਲ ਵਿਚ ਪਹੁੰਚੀ ਪੱਤਰਕਾਰਾਂ ਦੀ ਟੀਮ ਨੇ ਪ੍ਰਿੰਸੀਪਲ ਕੋਲੋਂ ਪਾਣੀ ਦੀ ਮੰਗ ਕੀਤੀ ਤਾਂ ਉਹਨਾ ਕਿਹਾ ਕਿ ਇਥੇ ਪੀਣ ਵਾਲੇ ਪਾਣੀ ਦਾ ਯੋਗ ਪ੍ਰਬੰਧ ਨਹੀ ਹੈ ਅਤੇ ਸਟਾਫ ਘੱਟ ਹੋਣ ਕਰਕੇ ਮੈਂ ਬਾਹਰੋਂ ਵੀ ਪਾਣੀ ਨਹੀ ਮੰਗਵਾ ਸਕਦਾ।ਤਰਨਾ ਦਲ ਨਾਲ ਸਬੰਧਤ ਇਕ ਬਾਬਾ ਜੀ ਦੇ ਨਾਲ ਦੀ ਸਰਪ੍ਰਸਤੀ ਹੇਠ ਚੱਲ ਰਹੇ ਇਸ ਸਕੂਲ ਵਿਚ ਵਿਦਿਆਰਥੀਆਂ ਨੇ ਮੰਗ ਕੀਤੀ ਕਿ ਸਾਨੂੰ ਫਤਿਹ ਬੁਲਾਉਣ ਤੋਂ ਨਾ ਰੋਕਿਆ ਜਾਵੇ। ਇਸ ਸਬੰਧੀ ਜਦ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਬਾਬਾ ਗੱਜਣ ਸਿੰਘ ਤਰਨਾ ਦਲ ਨਾਲ ਗੱਲ ਕੀਤੀ ਗਈ ਤਾਂ ਉਹਨਾ ਕਿਹਾ ਕਿ ਸਿਹਤ ਖਰਾਬ ਹੋਣ ਕਰਕੇ ਅੱਜ ਮੈਂ ਸਕੂਲ ਨਹੀ ਆ ਸਕਦਾ ਇਸ ਬਾਰੇ ਕੱਲ੍ਹ ਪ੍ਰਿੰਸੀਪਲ ਅਤੇ ਬੱਚਿਆਂ ਦੀ ਗੱਲ ਸੁਣੀ ਜਾਵੇਗੀ।
Punjab Post Daily Online Newspaper & Print Media