ਅੰਮ੍ਰਿਤਸਰ, 24 ਫਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) – ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਭਾਰਤ ਫੇਰੀ ’ਤੇ ਆਏ ਕੈਨੇਡਾ ਦੇ ਮੈਂਬਰ ਪਾਰਲੀਮੈਂਟ ਰਣਦੀਪ ਸਿੰਘ ਸਰਾਏ ਅਤੇ ਕੇਵਿਨ ਲੈਮਰੌਇਕਸ ਨਾਲ ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਮੁਲਾਕਾਤ ਕੀਤੀ।ਉਹਨਾਂ ਪੰਜਾਬ ਅਤੇ ਕੈਨੇਡਾ ਦਰਮਿਆਨ ਨਾਗਰਿਕ ਪੱਧਰੀ ਸੰਬੰਧਾਂ ਦੀ ਮਜ਼ਬੂਤੀ ਦੇ ਢੰਗ ਅਤੇ ਉਦੇਸ਼ਾਂ ਬਾਰੇ ਵਿਚਾਰ-ਵਟਾਂਦਰਾ ਕੀਤਾ।ਕੈਨੇਡੀਅਨ ਸਾਸਦ ਮੈਂਬਰਾਂ ਨੇ ਕਿਹਾ ਕਿ ਕੈਨੇਡਾ ਇੱਕ ਬਹੁਤ ਵਿਸ਼ਾਲ ਅਤੇ ਮਜ਼ਬੂਤ ਆਰਥਿਕਤਾ ਵਾਲਾ ਦੇਸ਼ ਹੈ।ਦੋਵੇਂ ਦੇਸ਼ਾਂ ’ਚ ਇਕ ਦੂਸਰੇ ਦੇਸ਼ ਦੇ ਨਾਗਰਿਕਾਂ ਲਈ ਵਪਾਰ ਸਮੇਤ ਪੂੰਜੀ ਨਿਵੇਸ਼ ਦੀਆਂ ਕਈ ਸੰਭਾਵਨਾਵਾਂ ਹਨ ਜਿਸ ਦਾ ਲਾਭ ਲਿਆ ਜਾਣਾ ਚਾਹੀਦਾ ਹੈ।ਮਜੀਠੀਆ ਨੇ ਇਸ ਮੌਕੇ ਕੈਨੇਡਾ ਵਿੱਚ ਪੰਜਾਬੀਆਂ ਨੂੰ ਮਿਲ ਰਹੇ ਸਨਮਾਨ ’ਤੇ ਖੁਸ਼ੀ ਦਾ ਇਜ਼ਹਾਰ ਕੀਤਾ।ਉਹਨਾਂ ਭਾਰਤ ਅਤੇ ਕੈਨੇਡਾ ਦਰਮਿਆਨ ਵਪਾਰ, ਪੂੰਜੀ ਨਿਵੇਸ਼ ਅਤੇ ਸਮਾਜਿਕ ਸਭਿਆਚਾਰਕ ਸਬੰਧ ਹੋਰ ਮਜ਼ਬੂਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ।ਮਜੀਠੀਆ ਨੇ ਕਿਹਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਭਾਰਤ ਯਾਤਰਾ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾ ਤੇ ਸਤਿਕਾਰ ਭੇਟ ਕਰਨ ਨਾਲ ਉਹਨਾਂ ਕੈਨੇਡਾ ਅਤੇ ਦੁਨੀਆਂ ਭਰ ‘ਚ ਵੱਸਦੇ ਸਿੱਖ ਅਤੇ ਪੰਜਾਬੀ ਭਾਈਚਾਰਾ ਦਾ ਦਿਲ ਜਿੱਤ ਲਿਆ ਹੈ, ਇਸ ਨਾਲ ਆਪਸੀ ਸੰਬੰਧਾਂ ‘ਚ ਇੱਕ ਨਵਾਂ ਅਧਿਆਇ ਸ਼ੁਰੂ ਹੋਵੇਗਾ। ਉਹਨਾਂ ਦੀ ਸ੍ਰੀ ਹਰਿਮੰਦਰ ਸਾਹਿਬ ਆਮਦ ਨਾਲ ਵਿਸ਼ਵ ਭਰ ਦੇ ਮੁਲਕਾਂ ‘ਚ ਵੱਸਦੇ ਸਿੱਖਾਂ ਨੂੰ ਦਰਪੇਸ਼ ‘ਪਛਾਣ‘ ਅਤੇ ‘ਕਿਰਪਾਨ‘ ਦੇ ਮਾਮਲਿਆਂ ‘ਚ ਵੀ ਕਾਫ਼ੀ ਰਾਹਤ ਮਿਲੇਗੀ।ਸਿੱਖਾਂ ਦੀ ਦਸਤਾਰ ਦੀ ਮਹੱਤਤਾ ਹੋਰ ਵੀ ਉਜਾਗਰ ਹੋਵੇਗੀ।ਇਸ ਮੌਕੇ ਅਲਵਿੰਦਰਪਾਲ ਸਿੰਘ ਪਖੋਕੇ ਵੀ ਮੌਜੂਦ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …