Friday, September 20, 2024

ਮਾਂ ਬੋਲੀ ਦਿਵਸ ਤੇ ਵਿਦਵਾਨ ਲੇਖਕਾਂ ਵੱਲੋਂ ਮਾਤ ਭਾਸ਼ਾ ਦੇ ਹੱਕ ਵਿੱਚ ਲਹਿਰ ਵਿੱਢਣ ਦਾ ਅਹਿਦ

PPN220210

ਅੰਮ੍ਰਿਤਸਰ, 21 ਫਰਵਰੀ (ਪੰਜਾਬ ਪੋਸਟ ਬਿਊਰੋ)- ਯੂਨੈਕਸੋ ਵੱਲੋਂ ਤਹਿ ਕੀਤੇ ਕੌਮਾਂਤਰੀ ਮਾਂ ਬੋਲੀ ਦਿਵਸ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਜਨਵਾਦੀ ਲੇਖਕ ਸੰਘ ਵੱਲੋਂ ਖਾਲਸਾ ਕਾਲਜ ਫਾਰ ਵੂਮੈਨ ਵਿਖੇ ਹੋਏ ਭਾਸ਼ਾ ਸੈਮੀਨਾਰ ‘ਚ ਵਿਦਵਾਨ ਲੇਖਕਾਂ ਨੇ ਸਾਂਝੀ ਰਾਏ ਉਸਾਰਦਿਆਂ ਕਿਹਾ ਕਿ ਮਾਂ ਬੋਲੀ ਕਿਸੇ ਧਰਮ, ਕੌਮ ਜਾਂ ਕਿਸੇ ਵਿਸ਼ੇਸ਼ ਭਾਈਚਾਰੇ ਦੀ ਵਲਗਣ ‘ਚ ਰਹਿਣ ਵਾਲੀ ਭਾਸ਼ਾ ਨਹੀਂ ਹੁੰਦੀ। ਉਸ ਖਿੱਤੇ ਵਿੱਚ ਵੱਸਣ ਵਾਲਿਆਂ ਦਾ ਇਹ ਪਹਿਲਾ ਫਰਜ਼ ਬਣਦਾ ਹੈ ਕਿ ਉਹ ਆਪਣੀ ਜੁਬਾਨ ਦੀ ਬਿਹਤਰੀ ਲਈ ਨਿਰੰਤਰ ਕਾਰਜਸ਼ੀਲ ਰਹਿਣ। ਮਾਂ ਬੋਲੀ ਚੇਤਨਾ ਹਫਤੇ ਦੇ ਅਖੀਰਲੇ ਦਿਨ ਹੋਏ ਇਸ ਸਮਾਗਮ ‘ਚ ਵਿਸ਼ੇਸ਼ ਤੌਰ ਤੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਚੇਅਰਮੈਨ ਰਜਿੰਦਰ ਮੋਹਨ ਸਿੰਘ ਛੀਨਾ ਅਤੇ ਦੁਆਬਾ ਗਰੁੱਪ ਆਫ ਕਾਲਜਿਸ ਦੇ ਚੇਅਰਮੈਨ ਸ੍ਰ: ਮਨਜੀਤ ਸਿੰਘ ਸ਼ਾਮਿਲ ਹੋਏ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਡਾ. ਕਰਮਜੀਤ ਸਿੰਘ ਕੁਰਕਸ਼ੇਤਰ, ਡਾ. ਊਧਮ ਸਿੰਘ ਸ਼ਾਹੀ, ਡਾ. ਸੁਖਬੀਰ ਕੌਰ ਮਾਹਲ, ਡਾ. ਅਰੀਦਮਨ ਸਿੰਘ ਮਾਹਲ, ਸੁਲੱਖਣ ਸਰਹੱਦੀ, ਦੇਵ ਦਰਦ, ਦੀਪ ਦਵਿੰਦਰ ਸਿੰਘ, ਭੁਪਿੰਦਰ ਸਿੰਘ ਸੰਧੂ, ਹਜ਼ਾਰਾ ਸਿੰਘ ਚੀਮਾ ਆਦਿ ਵਿਦਵਾਨਾਂ ਨੇ ਬੋਲਦਿਆਂ ਸਰਕਾਰ ਤੋਂ ਇਹ ਮੰਗ ਕੀਤੀ ਕਿ ਰਾਜ ਭਾਸ਼ਾ ਐਕਟ 2008 ਵਿੱਚ ਸੋਧ ਕਰਕੇ ਪੰਜਾਬੀ ‘ਚ ਕੰਮ ਨਾ ਕਰਨ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਲਈ ਸਜਾ ਦੀ ਧਾਰਾ ਸ਼ਾਮਿਲ ਕੀਤੀ ਜਾਵੇ ਅਤੇ ਪੰਜਾਬੀ ‘ਚ ਕੰਮ ਨਾ ਕਰਨ ਵਾਲੇ ਅਧਿਕਾਰੀਆਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਵਿਸ਼ੇਸ਼ ਟ੍ਰਿਬਿਊਨਲ ਗਠਨ ਕੀਤਾ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਸਰਕਾਰੀ, ਅਰਧ ਸਰਕਾਰੀ ਅਤੇ ਨਿੱਜੀ ਵਿੱਦਿਅਕ ਅਦਾਰਿਆਂ ‘ਚ ਬਾਰਵੀਂ ਦੀ ਪੜ੍ਹਾਈ ਦਾ ਮਾਧਿਅਮ ਪੰਜਾਬੀ ‘ਚ ਹੋਵੇ ਅਤੇ ਤਕਨੀਕੀ ਇੰਜੀਨੀਅਰਿੰਗ ਅਤੇ ਡਾਕਟਰੀ ਦੀ ਪੜ੍ਹਾਈ ਮਾਂ ਬੋਲੀ ‘ਚ ਲੈਣ ਦੀ ਵਿਵਸਥਾ ਕੀਤੀ ਜਾਵੇ। ਪੰਜਾਬੀ ਬੋਲਣ ਤੇ ਪਾਬੰਦੀ ਲਾਉਣ ਵਾਲੇ ਪਬਲਿਕ ਸਕੂਲਾਂ ‘ਚ ਪੰਜਾਬੀ ਦੀ ਵਿਆਪਕਤਾ ਲਾਗੂ ਕਰਨ ਦੀਆਂ ਕਰੜੀਆਂ ਹਦਾਇਤਾਂ ਕੀਤੀਆਂ ਜਾਣ। ਉਨ੍ਹਾਂ ਇਹ ਵੀ ਕਿਹਾ ਕਿ ਜਿੱਥੇ ਅਦਾਲਤੀ ਕੰਮ-ਕਾਜ ਪੰਜਾਬੀ ‘ਚ ਹੋਵੇ, ਉਥੇ ਮਾਲ ਵਿਭਾਗ ਦੀ ਫਾਰਸੀ ਅਤੇ ਉਲਝਾਊ ਸ਼ਬਦਾਵਲੀ ਨੂੰ ਸਰਲ ਪੰਜਾਬੀ ਵਿੱਚ ਤਬਦੀਲ ਕੀਤਾ ਜਾਵੇ। ਉਨ੍ਹਾਂ ਪਿੰਡਾਂ ਵਿੱਚ ਲਾਇਬਰੇਰੀਆਂ ਖੋਲਣ ਅਤੇ ਸਕੂਲਾਂ ਵਿੱਚ ਵੱਧ ਪੜ੍ਹੇ ਲਿਖੇ ਅਧਿਆਪਕਾਂ ਦੀਆਂ ਅਸਾਮੀਆਂ ਪੁਰ ਕਰਕੇ ਸਿੱਖਿਆ ਅਤੇ ਭਾਸ਼ਾ ਦੇ ਸਹੀ ਵਿਕਾਸ ਨੂੰ ਲੀਹੇ ਪਾਉਣ ਤੇ ਵੀ ਜੋਰ ਦਿੱਤਾ। ਇਸ ਸਮੇਂ ਹਰਮਨਪ੍ਰੀਤ ਕੌਰ ਅਤੇ ਸ਼ਰਨਜੀਤ ਕੌਰ ਕਾਲਜ ਵਿਦਿਆਰਥਣਾਂ ਨੇ ਮਾਤ ਭਾਸ਼ਾ ਪ੍ਰਤੀ ਆਪੋ-ਆਪਣੀਆਂ ਵੰਨਗੀਆਂ ਪੇਸ਼ ਕਰਕੇ ਵਾਹ-ਵਾਹ ਖੱਟੀ। ਹੋਰਨਾਂ ਤੋਂ ਇਲਾਵਾ ਅੱਜ ਦੇ ਇਸ ਸਮਾਗਮ ‘ਚ ਡਾ. ਜਗਦੀਸ਼ ਸੱਚਦੇਵਾ, ਪ੍ਰੋ: ਭੁਪਿੰਦਰ ਸਿੰਘ ਜੌਲੀ, ਪ੍ਰੋ: ਪਰਮਿੰਦਰ ਸਿੰਘ, ਡਾ. ਕਸ਼ਮੀਰ ਸਿੰਘ, ਸੁਮੀਤ ਸਿੰਘ, ਗੁਰਦੇਵ ਸਿੰਘ ਮਹਿਲਾਂਵਾਲੇ, ਗੁਰਬਾਜ ਸਿੰਘ ਤੋਲਾ ਨੰਗਲ, ਹਰਬੰਸ ਸਿੰਘ ਨਾਗੀ, ਰਾਜ ਕੁਮਾਰ ਰਾਜ, ਹਰਜੀਤ ਰਾਜਾਸਾਂਸੀ, ਹਰਭਜਨ ਸਿੰਘ ਖੇਮਕਰਨੀ, ਦਿਲਬਾਗ ਸਿੰਘ ਗਿੱਲ, ਪ੍ਰਭਦਿਆਲ ਸਿੰਘ, ਮੈਡਮ ਪਰਦੀਪ ਕੌਰ, ਨਿਰਮਲਜੀਤ ਕੌਰ, ਸਤਨਾਮ ਕੌਰ, ਇੰਦਰ ਸਿੰਘ ਮਾਨ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਲਜ ਦੀਆਂ ਵਿਦਿਆਰਥਣਾਂ ਨੇ ਸਮਾਗਮ ਨੂੰ ਭਰਪੂਰਤਾ ਬਖਸ਼ੀ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply