Wednesday, December 31, 2025

ਭਗਤ ਪੂਰਨ ਸਿੰਘ ਜੀ ਦੀ 22ਵੀਂ ਬਰਸੀ ਮੌਕੇ ਖ਼ੂਨ ਦਾਨ ਕੈਂਪ ਦਾ ਆਯੋਜਨ

ਸੰਸਥਾ ਦੇ ਮਰੀਜ਼ਾਂ ਤੇ ਸਕੂਲੀ ਬੱਚਿਆਂ ਵਲੋਂ ਹੱਥੀਂ ਬਣਾਈਆਂ ਕਿਰਤਾਂ ਦੀ ਪ੍ਰਦਰਸ਼ਨੀ ਲਗਾਈ

PPN050812

ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਭਗਤ ਪੂਰਨ ਸਿੰਘ ਜੀ ਦੀ 22ਵੀਂ ਬਰਸੀ ਦੇ ਮੌਕੇ ਤੇ ਰੱਖੇ ਪ੍ਰੋਗਰਾਮਾਂ ਵਿਚ ਅੱਜ ਇਥੇ ਮੁੱਖ ਦਫ਼ਤਰ ਵਿਖੇ ਖ਼ੂਨ ਦਾਨ ਕੈਂਪ ਦਾ ਆਯੋਜਨ ਕੀਤਾ ਗਿਆ।ਇਸ ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜੀ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਡਾ. ਤਰੂਨਦੀਪ ਕੌਰ ਆਈ. ਆਰ. ਐਸ ਡਿਪਟੀ ਕਮਿਸ਼ਨਰ ਇਨਕਮ ਟੈਕਸ ਅੰਮ੍ਰਿਤਸਰ ਅਤੇ ਚੇਅਰਮੈਨ ਹਸਪਤਾਲ ਕਮੇਟੀ ਰੈਡ ਕਰਾਸ ਅੰਮ੍ਰਿਤਸਰ ਨੇ ਆਪਣੇ ਕਰ ਕਮਲਾਂ ਰਾਹੀਂ ਪਿੰਗਲਵਾੜਾ ਮੁੱਖ ਦਫ਼ਤਰ, ਜੀ.ਟੀ ਰੋਡ ਵਿਖੇ ਕੀਤਾ ।

ਇਸ ਵਿਚ ਭਗਤ ਜੀ ਨਾਲ ਸਨੇਹ ਰੱਖਣ ਵਾਲੇ ਦੂਰ-ਦੁਰਾਡੇ ਦੀਆਂ ਸੰਗਤਾਂ ਵਲੋਂ ਭਾਰੀ ਉਤਸ਼ਾਹ ਵਿਖਾਇਆ ਗਿਆ, ਰਾਣਾ ਪਲਵਿੰਦਰ ਸਿੰਘ ਦਬੁਰਜੀ ਪ੍ਰਧਾਨ ਭਗਤ ਪੂਰਨ ਸਿੰਘ ਬਲੱਡ ਡੋਨੇਸ਼ਨ ਸੋਸਾਇਟੀ, ਸ੍ਰ. ਜਸਕੀਰਤ ਸਿੰਘ ਪ੍ਰਧਾਨ ਪੰਜਾਬ ਯੂਥ ਫੌਰਮ, ਅੰਮ੍ਰਿਤਸਰ ਇੰਜੀਨੀਅਰਿੰਗ ਕਾਲਜ ਮਾਨਾਂਵਾਲਾ ਦੇ ਐਨ.ਐਸ.ਐਸ ਵਿੰਗ, ਸਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਚੌਂਤਾ, ਰੋਪੜ ਦੇ ਵਿਦਿਆਰਥੀਆਂ ਦੇ ਸਾਂਝੇ ਸਹਿਯੋਗ ਸਦਕਾ ਇਸ ਕੈਂਪ ਵਿਚ ਗੁਰੂ ਨਾਨਕ ਦੇਵ ਹਸਪਤਾਲ, ਸ੍ਰੀ ਗੁਰੂ ਰਾਮਦਾਸ ਹਸਪਤਾਲ ਦੀਆਂ ਟੀਮਾਂ ਵਲੋਂ ਪਿੰਗਲਵਾੜੇ ਦੇ ਮਰੀਜ਼ਾਂ ਵਾਸਤੇ 215 ਯੂਨਿਟ ਖ਼ੂਨ ਇੱਕਠਾ ਕੀਤਾ ਗਿਆ।

ਇਹ ਖ਼ੂਨ ਹਸਪਤਾਲਾਂ ਵਲੋਂ ਬਾਅਦ ਵਿਚ ਪਿੰਗਲਵਾੜੇ ਦੇ ਮਰੀਜ਼ਾਂ ਤੇ ਹੋਰ ਲੋੜਵੰਦਾਂ ਦੀ ਤੰਦਰੁਸਤੀ ਹਿਤ ਇਸਤੇਮਾਲ ਕੀਤਾ ਜਾਂਦਾ ਹੈ।ਕੈਂਪ ਦੇ ਉਦਘਾਟਨ ਦੇ ਮੌਕੇ ਤੇ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜੀ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਨੇ ਭਗਤ ਪੂਰਨ ਸਿੰਘ ਜੀ ਨੂੰ ਆਪਣੀ ਸ਼ਰਧਾ ਦੇ ਫੁੱਲ ਅਰਪਣ ਕੀਤੇ ਅਤੇ ਉਨ੍ਹਾਂ ਨੇ ਕਿਹਾ ਕਿ ਉਹ ਕੁਰਬਾਨੀ, ਨਿਸ਼ਕਾਮ ਸਮਾਜ ਸੇਵਾ ਅਤੇ ਦੂਜਿਆਂ ਲਈ ਆਪਣਾ ਸਭ ਕੁੱਝ ਵਾਰਨ ਵਾਲੇ ਮਨੁੱਖਤਾ ਦੀ ਅਦੁੱਤੀ ਮਿਸਾਲ ਸਨ। ਡਾ. ਤਰੂਨਦੀਪ ਕੌਰ ਨੇ ਭਾਵੁਕ ਹੁੰਦੇ ਹੋਏ ਕਿਹਾ ਕਿ ਇਹ ਮੇਰੇ ਲਈ ਇਕ ਇਸ ਤਰ੍ਹਾਂ ਦਾ ਮੌਕਾ ਹੈ ਜਿਸ ਨਾਲ ਮੈਨੂੰ ਭਗਤ ਜੀ ਦੇ ਕੀਤੇ ਮਹਾਨ ਕਾਰਜਾਂ ਬਾਰੇ ਜਾਣਕਾਰੀ ਮਿਲੀ ਹੈ। ਭਗਤ ਜੀ ਦੇ ਮਨੁਖਤਾ ਦੇ ਕੀਤੀ ਕਾਰਜਾਂ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਉਨੀ ਹੀ ਘੱਟ ਹੈ ਉਹ ਉਸ ਮੌਕੇ ਤੇ ਇਕਲੇ ਸੀ ਅਤੇ ਹੌਲੀ ਹੌਲੀ ਪਿੰਗਲਵਾੜੇ ਦੇ ਨਾਲ ਪੂਰੀ ਮਨੁੱਖਤਾ ਜੁੜ ਚੁੱਕੀ ਹੈ। ਇਸ ਸਮੇਂ ਪਿੰਗਲਵਾੜੇ ਦੇ ਸੰਚਾਲਕ ਡਾ. ਇੰਦਰਜੀਤ ਕੌਰ ਵਲੋਂ ਭਗਤ ਜੀ ਦੇ ਅਰੰਭੇ ਕਾਰਜਾਂ ਨੂੰ ਪੂਰੇ ਦਿਲ ਨਾਲ ਹੋਰ ਵੀ ਅਗਾਂਹ ਵਧਾਣ ਸਬੰਧੀ ਚਾਨਣਾਂ ਪਾਇਆ ।
ਸੰਸਥਾ ਦੇ ਮਰੀਜ਼ਾਂ ਤੇ ਸਕੂਲੀ ਬੱਚਿਆਂ ਭਗਤ ਪੂਰਨ ਸਿੰਘ ਆਦਰਸ਼ ਸਕੂਲ਼, ਗੂੰਗੇ-ਬੋਲੇ ਬਚਿਆਂ ਦਾ ਸਕੂਲ਼, ਸਕੂਲ਼ ਫਾਰ ਸਪੈਸ਼ਲ ਐਜੂਕੇਸ਼ਨ ਵਲੋਂ ਆਪਣੇ ਹੱਥੀਂ ਬਣਾਈਆਂ ਕਿਰਤਾਂ ਦੀ ਪ੍ਰਦਰਸ਼ਨੀ ਲਗਾਈ ਗਈ ਜਿਸਦਾ ਉਦਘਾਟਨ ਵੀ ਤਰੂਨਦੀਪ ਕੌਰ ਜੀ ਨੇ ਹੀ ਕੀਤਾ।ਇਸ ਸਮਾਗਮ ਵਿੱਚ ਸ੍ਰ. ਹਰਜਾਪ ਸਿੰਘ ਮੈਂਬਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਰਾਜੇਸ਼ ਹਨੀ ਕੌਂਸਲਰ ਨਗਰ ਨਿਗਮ, ਰਾਜਬੀਰ ਸਿੰਘ ਮੈਂਬਰ ਪਿੰਗਲਵਾੜਾ ਸੋਸਾਇਟੀ, ਡਾ. ਜਗਦੀਪਕ ਸਿੰਘ ਅਤੇ  ਕਰਨਲ ਦਰਸ਼ਨ ਸਿੰਘ ਬਾਵਾ (ਪ੍ਰਸ਼ਾਸਕ), ਅਜਮੇਰ ਸਿੰਘ ਸੰਧੂ, ਸ਼ਮਸ਼ੇਰ ਸਿੰਘ ਤੇ ਹੋਰ ਪਤਵੰਤੇ ਸ਼ਾਮਲ ਸਨ ।

Check Also

ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼

ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …

Leave a Reply