ਲੰਮੀ ਉਮਰ ਭੋਗਣ ਲਈ ਮੁੱਢ ਤੋਂ ਹੀ ਯੋਗ ਅਪਨਾਉਣ ਦੀ ਲੋੜ – ਡਾ. ਮਦਾਨ
ਧੂਰੀ, 23 ਅਪ੍ਰੈਲ (ਪੰਜਾਬ ਪੋਸਟ- ਪ੍ਰਵੀਨ ਗਰਗ) – ਜ਼ਿਲਾ ਆਯੂਰਵੈਦਿਕ ਤੇ ਯੂਨਾਨੀ ਅਫਸਰ ਸੰਗਰੂਰ ਡਾ. ਰੇਣੂਕਾ ਕਪੂਰ ਦੇ ਦਿਸ਼ਾ-ਨਿਰੇਦਸ਼ਾਂ ਹੇਠ 21 ਜੂਨ ਨੂੰ ਮਨਾਏ ਜਾ ਰਹੇ ਅੰਤਰਰਾਸ਼ਟਰੀ ਯੋਗਾ ਦਿਵਸ ਨੂੰ ਮੁੱਖ ਰੱਖਦਿਆਂ ਅੱਜ ਡਾ. ਬਖਸ਼ੀ ਤੀਰਥ ਸਿੰਘ ਮੈਮੋਰੀਅਲ ਗੁਰੂਕੁਲ ਕਾਨਵੈਂਟ ਸਕੂਲ ਧੂਰੀ ਵਿਖੇ ਪ੍ਰਿੰਸੀਪਲ ਸ਼੍ਰੀਮਤੀ ਕਮਲੇਸ਼ ਬਖਸ਼ੀ ਦੀ ਅਗੁਵਾਈ ਵਿੱਚ ਯੋਗਾ ਕੈਂਪ ਦਾ ਆਯੋਜਨ ਕੀਤਾ ਗਿਆ।ਸੰਗਰੂਰ ਤੋਂ ਆਰਟ ਆਫ ਲਿਵਿੰਗ ਟੀਚਰ ਯੋਗਾ ਮਾਹਿਰ ਯੋਗੇਸ਼ ਖੁਰਾਨਾ ਨੇ ਵੱਡੀ ਕਲਾਸ ਦੇ ਲੜਕੇ ਤੇ ਲੜਕੀਆਂ ਨੂੰ ਵੱਖ-ਵੱਖ ਯੋਗ ਆਸਨ ਕਰਨ ਦੇ ਤਰੀਕੇ ਸਿਖਾਏ।ਖੁਰਾਨਾ ਨੇ ਕਿਹਾ ਕਿ ਲੰਮੀ ਉਮਰ ਭੋਗਣ ਲਈ ਮੁੱਢ ਤੋਂ ਹੀ ਯੋਗਾ ਕਰਨਾ ਚਾਹੀਦਾ ਹੈ।ਸਰਕਾਰੀ ਆਯੂਰਵੈਦਿਕ ਡਿਸਪੈਂਸਰੀ ਧੂਰੀ ਦੇ ਮੁੱਖੀ ਡਾ. ਰਵੀ ਕਾਂਤ ਮਦਾਨ ਨੇ ਬੋਲਦਿਆਂ ਕਿਹਾ ਕਿ ਯੋਗ ਨਾਲ ਜਿਥੇ ਸਾਡਾ ਸ਼ਰੀਰ ਤੰਦਰੁਸਤ ਰਹਿੰਦਾ ਹੈ, ਉਥੇ ਹੀ ਸਾਡੇ ਮਨ ਵਿੱਚੋਂ ਬੁਰੇ ਵਿਚਾਰ ਵੀ ਖਤਮ ਹੁੰਦੇ ਹਨ।ਉਹਨਾਂ ਕਿਹਾ ਕਿ ਸਾਨੂੰ ਫਾਸਟ ਫੁਡ ਤੇ ਜੰਕ ਫੂਡਜ਼ ਦਾ ਇਸਤੇਮਾਲ ਕਰਨ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ ਅਤੇ ਸ਼ੁੱਧ ਤੇ ਸਾਧਾਰਨ ਭੋਜਨ ਹੀ ਖਾਣਾ ਚਾਹੀਦਾ ਹੈ।ਕੈਂਪ ਦੌਰਾਨ ਮਨਜੀਤ ਸਿੰਘ ਬਖਸ਼ੀ ਸੇਵਾ ਮੁਕਤ ਡੀ.ਪੀ.ਆਰ.ਓ ਨੇ ਯੋਗ ਨੂੰ ਰੋਜ਼ਾਨਾ ਜ਼ਿੰਦਗੀ ਵਿੱਚ ਅਪਨਾਉਣ ਦੀ ਲੋੜ `ਤੇ ਜ਼ੋਰ ਦਿੱਤਾ।ਸਕੂਲ ਪ੍ਰਿੰਸੀਪਲ ਕਮਲੇਸ਼ ਬਖਸ਼ੀ ਵੱਲੋਂ ਡਾ. ਰਵੀ ਕਾਂਤ ਮਦਾਨ ਤੇ ਯੋਗੇਸ਼ ਖੁਰਾਨਾ ਨੂੰ ਸਨਮਾਨ ਚਿੰਨ ਭੇਂਟ ਕੀਤੇ ਗਏ।
ਕੈਂਪ ਵਿੱਚ ਸੋਸ਼ਲ ਵੈਲਫੇਅਰ ਯੂਨਿਟ ਦੇ ਪ੍ਰਧਾਨ ਮਾ. ਤਰਸੇਮ ਮਿੱਤਲ, ਕੈਸ਼ੀਅਰ ਸਤੀਸ਼ ਚੰਦ ਅਰੋੜਾ, ਧੂਰੀ ਡਿਸਪੈਂਸਰੀ ਦੀ ਸੁਖਪਾਲ ਕੌਰ, ਸਰਕਾਰੀ ਡਿਸਪੈਂਸਰੀ ਬਰੜਵਾਲ ਤੋਂ ਡਾ. ਰਜਨੀ ਬਾਲਾ, ਸੁਸ਼ਮਾ ਕੌਸ਼ਲ ਅਤੇ ਕਰਮਜੀਤ ਸਿੰਘ ਵੀ ਸ਼ਾਮਿਲ ਸਨ।