Sunday, December 22, 2024

ਡਾਕਟਰ ਹਸਪਤਾਲ ‘ਚੋਂ ਹੀ ਮਰੀਜਾਂ ਨੂੰ ਦਵਾਈਆਂ ਦੇਣ – ਸਿਹਤ ਮੰਤਰੀ ਜਿਆਣੀ

22011417

ਅੰਮ੍ਰਿਤਸਰ, 22 ਜਨਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਸੁਰਜੀਤ ਕੁਮਾਰ ਜਿਆਣੀ ਨੇ ਡਾਕਟਰਾਂ ਨੂੰ ਨਸੀਹਤ ਦਿੰਦਿਆਂ ਕਿਹਾ ਹੈ ਕਿ ਉਹ ਆਪਣੀ ਡਿਊਟੀ ਨੂੰ ਪੂਰੀ ਜਿੰਮੇਵਾਰੀ ਤੇ ਇਮਾਨਦਾਰੀ ਨਾਲ ਕਰਨ ਤਾਂ ਜੋ ਲੋਕਾਂ ਦਾ ਵਿਸ਼ਵਾਸ਼ ਡਾਕਟਰਾਂ ‘ਤੇ ਰੱਬ ਵਾਂਗ ਬਣਿਆ ਰਹੇ। ਅੱਜ ਅੰਮ੍ਰਿਤਸਰ ਵਿਖੇ ਜ਼ਿਲ੍ਹਾ ਅੰਮ੍ਰਿਤਸਰ ਤੇ ਤਰਨਤਾਰਨ ਦੇ ਸਮੂਹ ਡਾਕਟਰਾਂ ਨਾਲ ਮੀਟਿੰਗ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਵਾਸੀਆਂ ਨੂੰ ਉੱਤਮ ਸਿਹਤ ਸੇਵਾਵਾਂ ਦੇਣਾ ਪੰਜਾਬ ਸਰਕਾਰ ਦੀ ਪਹਿਲੀ ਤਰਜੀਹ ਹੈ ਅਤੇ ਸਰਕਾਰ ਵੱਲੋਂ ਸੂਬਾ ਵਾਸੀਆਂ ਉੱਚ ਦਰਜੇ ਦੀਆਂ ਸਿਹਤ ਸੇਵਾਵਾਂ ਦੇਣ ਲਈ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੀਟਿੰਗ ਦੌਰਾਨ ਸਿਹਤ ਵਿਭਾਗ ਦੀ ਮੁੱਖ ਸੰਸਦੀ ਸਕੱਤਰ ਡਾ. ਨਵਜੋਤ ਕੌਰ ਸਿੱਧੂ, ਡਾਇਰੈਕਟਰ ਸਿਹਤ ਵਿਭਾਗ ਪੰਜਾਬ ਡਾ. ਕਰਨਜੀਤ ਸਿੰਘ, ਡਾਇਰੈਕਟਰ ਈ.ਐੱਸ.ਆਈ. ਡਾ. ਭਾਗਮਲ, ਸਟੇਟ ਡਰੱਗ ਕੰਟਰੋਲਰ ਸ੍ਰੀ ਅਜੇ ਸਿੰਗਲਾ, ਸਿਵਲ ਸਰਜਨ ਅੰਮ੍ਰਿਤਸਰ ਡਾ. ਊਸ਼ਾ ਬਾਂਸਲ, ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰਣਜੀਤ ਸਿੰਘ ਬੁੱਟਰ, ਜ਼ਿਲ੍ਹਾ ਸਿਹਤ ਅਫਸਰ ਡਾ. ਸ਼ਿਵਚਰਨ ਸਿੰਘ ਕਾਹਲੋਂ ਸਮੇਤ ਦੋਹਾਂ ਜ਼ਿਲ੍ਹਿਆਂ ਦੇ ਡਾਕਟਰ ਸਾਹਿਬਾਨ ਹਾਜ਼ਰ ਸਨ। ਸਿਹਤ ਮੰਤਰੀ ਸ੍ਰੀ ਜਿਆਣੀ ਨੇ ਡਾਕਟਰਾਂ ਨੂੰ ਕਿਹਾ ਕਿ ਸਰਕਾਰੀ ਹਸਪਤਾਲਾਂ ‘ਚ ਇਲਾਜ ਕਰਾਉਣ ਆਏ ਮਰੀਜਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਜਾਣ ਅਤੇ ਜੇਕਰ ਕੋਈ ਦਵਾਈ ਸਟਾਕ ਵਿੱਚ ਨਹੀਂ ਹੈ ਤਾਂ ਮਰੀਜ ਨੂੰ ਸਿਰਫ ਸਸਤੀਆਂ ਤੇ ਜੈਨਟਿਕ ਦਵਾਈਆਂ ਹੀ ਲਿਖ ਕੇ ਦਿੱਤੀਆਂ ਜਾਣ। ਉਨ੍ਹਾਂ ਕਿਹਾ ਕਿ ਡਾਕਟਰਾਂ ਨੂੰ ਦਵਾਈ ਦੀ ਕੰਪਨੀ ਦਾ ਲਿਖਣ ਨਾਲੋਂ ਦਵਾਈ ਦੇ ਸਾਲਟਾਂ ਦਾ ਨਾਮ ਲਿਖ ਕੇ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਇਲਾਜ ਲਈ ਆਧੁਨਿਕ ਮਸ਼ੀਨਾਂ ਅਤੇ ਮਾਹਿਰ ਤੋਂ ਮਾਹਿਰ ਡਾਕਟਰ ਮੌਜੂਦ ਹਨ ਜਿਸਦਾ ਫਾਇਦਾ ਲੋਕਾਂ ਨੂੰ ਪਹੁੰਚਣਾ ਚਾਹੀਦਾ ਹੈ। ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਸੁਰਜੀਤ ਕੁਮਾਰ ਜਿਆਣੀ ਨੇ ਅੱਗੇ ਕਿਹਾ ਕਿ ਹਸਪਤਾਲਾਂ ‘ਚ ਸਫਾਈ ਦਾ ਖਾਸ ਖਿਆਲ ਰੱਖਿਆ ਜਾਵੇ ਤਾਂ ਜੋ ਇਲਾਜ ਕਰਾਉਣ ਆਏ ਮਰੀਜ ਛੇਤੀ ਤੰਦਰੁਸਤ ਹੋ ਕੇ ਆਪਣੇ ਘਰ ਜਾ ਸਕਣ। ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਦੇ ਵਾਰਡਾਂ ‘ਚ ਧਾਰਮਿਕ ਗੁਰੂਆਂ ਦੀਆਂ ਫੋਟੋਆਂ ਵੀ ਲਗਾਈਆਂ ਜਾਣ ਅਤੇ ਡਾਕਟਰਾਂ ਸਮੇਤ ਸਾਰਾ ਸਟਾਫ ਜਿੰਮੇਵਾਰੀ ਨਾਲ ਮਰੀਜਾਂ ਦੀ ਸੇਵਾ ਕਰੇ। ਡਰੱਗ ਇੰਸਪੈਕਟਰਾਂ ਨੂੰ ਹਦਾਇਤ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਡਰੱਗ ਇੰਸਪੈਕਟਰ ਮੈਡੀਕਲ ਸਟੋਰਾਂ ਦੀ ਵਿਸ਼ੇਸ਼ ਛਾਪੇਮਾਰੀ ਕਰਨ ਅਤੇ ਜੇਕਰ ਕੋਈ ਮੈਡੀਕਲ ਸਟੋਰ ਪਾਬੰਦੀਸ਼ੁਦਾ ਦਵਾਈਆਂ ਵੇਚਦਾ ਹੈ ਜਾਂ ਹੋਰ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਹ ਮੈਡੀਕ ਸਟੋਰ ਸੀਲ ਕਰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਇਸੇ ਤਰਾਂ ਖਾਦ ਪਦਾਰਥਾਂ ਦੀ ਮਿਲਾਵਟ ਨੂੰ ਰੋਕਣ ਲਈ ਵੀ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਜਾਵੇ ਤਾਂ ਜੋ ਮਿਲਾਵਟੀ ਖਾਣ ਵਾਲੀਆਂ ਚੀਜਾਂ ਵੇਚਣ ਵਾਲਿਆਂ ‘ਤੇ ਵੀ ਸਿਕੰਜਾ ਕੱਸਿਆ ਜਾ ਸਕੇ। ਇਸ ਮੌਕੇ ਸ੍ਰੀ ਜਿਆਣੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਨੂੰ 8 ਜੋਨਾਂ ‘ਚ ਵੰਡ ਕੇ ਮੀਟਿੰਗਾਂ ਦਾ ਸਿਲਸਲਾ ਆਰੰਭ ਕੀਤਾ ਗਿਆ ਹੈ ਤਾਂ ਜੋ ਡਾਕਟਰਾਂ ਨੂੰ ਦਰਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਜਾਣ ਕੇ ਉਨ੍ਹਾਂ ਦਾ ਹੱਲ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬਾ ਵਾਸੀਆਂ ਨੂੰ ਉੱਚ ਦਰਜੇ ਦੀਆਂ ਸਿਹਤ ਸੇਵਾਵਾਂ ਦੇਣ ਲਈ ਵੱਚਨਬੱਧ ਹੈ ਅਤੇ ਇਸ ਮਕਸਦ ਲਈ ਸਿਹਤ ਵਿਭਾਗ ‘ਚ ਜਿਥੇ ਨਵੇਂ ਡਾਕਟਰ ਭਰਤੀ ਕੀਤੇ ਗਏ ਹਨ ਉਥੇ ਇਲਾਜ ਲਈ ਨਵੀਆਂ ਅਤਿ-ਆਧੁਨਿਕ ਮਸ਼ੀਨਾਂ ਵੀ ਖਰੀਦੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵਿੱਚ ਜਲਦੀ ਹੀ ਪੈਰਾ ਮੈਡੀਕਲ ਸਟਾਫ ਭਰਤੀ ਕੀਤਾ ਜਾ ਰਿਹਾ ਹੈ। ਸ੍ਰੀ ਜਿਆਣੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰੀ ਹਸਪਤਾਲਾਂ ‘ਚ ਹਰ ਬਿਮਾਰੀ ਦਾ ਇਲਾਜ ਮਾਹਿਰਾਂ ਡਾਕਟਰਾਂ ਵੱਲੋਂ ਕੀਤਾ ਜਾਂਦਾ ਹੈ ਸੋ ਲੋਕਾਂ ਨੂੰ ਨਿੱਜੀ ਹਸਪਤਾਲਾਂ ‘ਚ ਇਲਾਜ ਕਰਾਉਣ ਨਾਲੋਂ ਸਰਕਾਰੀ ਹਸਪਤਾਲਾਂ ‘ਚ ਇਲਾਜ ਕਰਾਉਣ ਨੂੰ ਤਰਜੀਹ ਦੇਣੀ ਚਾਹੀਦੀ ਹੈ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply