
ਅੰਮ੍ਰਿਤਸਰ, 13 ਅਗਸਤ (ਪ੍ਰੀਤਮ ਸਿੰਘ)-ਸਥਾਨਕ ਖਾਲਸਾ ਕਾਲਜ ਪਬਲਿਕ ਸਕੂਲ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਏ ਜਾ ਰਹੇ ਜ਼ਿਲ੍ਹਾ ਪੱਧਰੀ ਟੇਬਲ ਟੈਨਿਸ ਟੂਰਨਾਂਮੈਂਟ ‘ਚ ਲਗਾਤਾਰ ਚਾਰ ਵਾਰੀ ਪਹਿਲਾ ਸਥਾਨ ਹਾਸਲ ਕਰਨ ਵਾਲੀ ਡੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ ਨੂੰ ਹਰਾਕੇ ਚੈਂਪੀਅਨਸ਼ਿਪ ਆਪਣੇ ਨਾਂ ਕੀਤੀ। ਇਹ ਮੁਕਾਬਲਾ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਿਖੇ ਕਰਵਾਇਆ ਗਿਆ, ਜਿਸ ‘ਚ ਸ਼ਹਿਰ ਦੇ ਵੱਖ-ਵੱਖ ਸਕੂਲਾਂ ਨੇ ਭਾਗ ਲਿਆ। ਸਕੂਲ ਦੇ ਹੋਣਹਾਰ ਖਿਡਾਰੀਆਂ ਨੇ ਸੈਮੀਫ਼ਾਈਨਲ ਮੁਕਾਬਲੇ ‘ਚ ਡੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ ਨੂੰ ਅਤੇ ਫ਼ਾਈਨਲ ‘ਚ ਐੱਸ. ਐੱਲ. ਭਵਨ ਸਕੂਲ ਨੂੰ ਹਰਾ ਕੇ ਇਹ ਚੈਂਪੀਅਨਸ਼ਿਪ ਜਿੱਤੀ।
ਸਕੂਲ ਪ੍ਰਿੰਸੀਪਲ ਡਾ. ਸਰਵਜੀਤ ਬਰਾੜ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆ ਕਿਹਾ ਕਿ ਉਨ੍ਹਾਂ ਦੀ ਮਿਹਨਤ ਤੇ ਲਗਨ ਸਦਕਾ ਲਗਾਤਾਰ ਰਹੀ ਜੇਤੂ ਟੀਮ ਨੂੰ ਮੁਕਾਬਲੇ ‘ਚ ਹਰਾ ਸਕੀ ਹੈ। ਉਨ੍ਹਾਂ ਕਿਹਾ ਕਿ ਸਕੂਲ ਦੇ ਵਿਦਿਆਰਥੀ ਅੰਕੁਸ਼ ਦੁੱਗਲ ਅਤੇ ਕਰਨਦੀਪ ਸਿੰਘ ਨੂੰ ਮੁਕਾਬਲੇ ‘ਚ ਸਰਵਉੱਚ ਖਿਡਾਰੀ ਦੇ ਖਿਤਾਬ ਨਾਲ ਨਿਵਾਜਿਆ ਗਿਆ, ਜੋ ਕਿ ਸਕੂਲ ਦੇ ਲਈ ਇਕ ਮਾਣ ਦੀ ਗੱਲ ਹੈ।
Punjab Post Daily Online Newspaper & Print Media