– ਕੰਵਲਜੀਤ ਕੌਰ ਢਿੱਲੋਂ
Email :-kanwaldhillon16@gmail.com
ਸਾਡੇ ਦੇਸ਼ ਨੂੰ ਅਜ਼ਾਦ ਹੋਇਆ ਭਾਵੇ 67 ਸਾਲ ਬੀਤ ਗਏ ਹਨ, ਪਰ ਇਸ ਅਜ਼ਾਦ ਦੇਸ਼ ਵਿੱਚ ਔਰਤ ਨੂੰ ਆਪਣੇ ਹਿੱਸੇ ਦੀ ਅਜ਼ਾਦੀ ਪ੍ਰਾਪਤ ਕਰਨ ਲਈ ਕਰੜ੍ਹੇਸਘਰੰਸ਼ ਦੀ ਲੋੜ ਹੈ। ਅੱਜ ਵੀ ਬਹੁਤ ਸਾਰੇ ਘਰਾਂ ਵਿੱਚ ਔਰਤਾਂ ਗੁਲਾਮੀ ਦੀ ਜ਼ਿੰਦਗੀ ਜੀ ਰਹੀਆ ਹਨ। ਘਰ-ਪਰਿਵਾਰ ਨਾਲ ਸਬੰਧਤ ਫੈਸਲਿਆਂ ਵਿੱਚ ਔਰਤਾਂ ਦੀ ਸਲਾਹ ਲੈਣੀ ਜਰੂਰੀ ਨਹੀ ਸਮਝੀ ਜਾਂਦੀ ਅਤੇ ਬਹੁਤ ਸਾਰੇ ਫੈਸਲੇ ਉਹਨਾਂ ਦੀ ਮਰਜ਼ੀ ਦੇ ਖਿਲਾਫ ਉਹਨਾਂ ਤੇ ਠੋਸ ਦਿੱਤੇ ਜਾਂਦੇ ਹਨ। ਆਖਿਰ ਕਦੋਂ ਤੱਕ ਚੱਲਦਾ ਰਹੇਗਾ ਔਰਤ ਤੇ ਮਰਦ ਦੀ ਜਾਤ ਵਿੱਚਲਾ ਵਿਤਕਰਾ ‘ਤੇ ਕਦੋਂ ਮਿਲੇਗੀ ਔਰਤ ਨੂੰ ਆਪਣੇ ਹਿੱਸੇ ਦੀ ਅਜ਼ਾਦੀ? ਸਾਡੇ ਇਸ ਅਜ਼ਾਦ ਦੇਸ਼ ਵਿੱਚ ਔਰਤਾ ਦੀ ਸਥਿਤੀ ਦਿਨ-ਬ- ਦਿਨ ਮਾੜੀ ਹੁੰਦੀ ਜਾ ਰਹੀ ਹੈ। ਆਏ ਦਿਨ ਹੋ ਰਹੀਆ ਬਲਾਤਕਾਰ ਦੀਆਂ ਘਟਨਾਵਾਂ ਅਤੇ ਦਾਜ ਦੀ ਬਲੀ ਚੜ੍ਹਦੀਆਂਨਵ-ਵਿਆਹੁਤਾ ਹੀ ਭਰੂਣ ਹੱਤਿਆ ਦਾ ਕਾਰਨ ਬਣ ਰਹੀਆ ਹਨ। ਕੋਈ ਵੀ ਮਾਂ ਬਾਪ ਨਹੀ ਚਾਹੁੰਦਾ ਕਿ ਉਸਦੀ ਬੱਚੀ ਕਿਸੇ ਵਹਿੰਸ਼ੀ ਦਰਿੰਦੇ ਦੀ ਹਵਸ਼ ਦਾ ਸ਼ਿਕਾਰ ਬਣੇ ਜਾਂ ਉਸ ਦੇ ਹੱਥਾਂ ਦੀ ਮਹਿੰਦੀ ਦਾ ਰੰਗ ਫਿਕਾ ਪੈਣ ਤੋਂ ਪਹਿਲਾ ਹੀ ਉਸ ਦੀ ਚਿਤਾ ਬਲੇ । ਅੱਜ ਦੀ ਔਰਤ ਘਰ ਤੋਂ ਬਾਹਰ ਪੈਰ ਪੁੱਟਣ ਲੱਗਿਆ ਸੌ ਵਾਰ ਸੋਚਦੀ ਹੈ ਕਿ ਕਿਤੇ ਘਰ ਤੋਂ ਬਾਹਰ ਉਸ ਨਾਲ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਜਾਵੇ ਅਤੇ ਉਹ ਕਿਸੇ ਭੇੜੀਏ ਦੀ ਹਵਸ਼ ਦਾ ਸ਼ਿਕਾਰ ਨਾ ਬਣ ਜਾਵੇ। ਅਖ਼ਬਾਰਾਂ ਦੇ ਪੰਨੇ ਬਲਾਤਕਾਰ ਅਤੇ ਦਹੇਜ਼ ਦੀ ਬਲੀ ਚੜ੍ਹਦੀਆਂਮੁਟਿਆਰਾਂ ਦੀ ਮੌਤ ਨਾਲ ਭਰੇ ਮਿਲਦੇ ਹਨ। ਪਰ ਬਹੁਤ ਸਾਰੇ ਹਾਦਸੇ ਅਜਿਹੇ ਵੀ ਹੁੰਦੇ ਹਨ ਜਿਨਾਂ ਦੀ ਖਬਰ ਕਿਸੇ ਵੀ ਅਖਬਾਰ ਵਿੱਚ ਨਹੀ ਛਪਦੀ ਅਤੇ ਨਾ ਹੀ ਉਹਨਾਂ ਦੀ ਰਿਪੋਰਟ ਕਿਸੇ ਪੁਲਿਸ ਸਟੇਸ਼ਨ ਵਿੱਚ ਲਿਖਾਈ ਜਾਦੀ ਹੈ। ਬਹੁਤ ਸਾਰੇ ਮਾਪੇ ਬਦਨਾਮੀ ਦੇ ਡਰ ਤੋ ਰਿਪੋਰਟ ਦਰਜ ਹੀ ਨਹੀਂ ਕਰਾਉਦੇ। ਵੇਖਿਆ ਜਾਵੇ ਤਾਂ ਔਰਤ ਲਈ ਤਾਂ ਅੰਗਰੇਜ਼ਾ ਦੀ ਗੁਲਾਮੀ ਅਧੀਨ ਉਹ ਭਾਰਤ ਕਿਤੇ ਚੰਗਾ ਸੀ ਜਿਸ ਵਿਚ ਅੰਗਰੇਜ਼ ਸ਼ਾਸ਼ਕ ਦੁਆਰਾ ਕੁੜੀ ਮਾਰ ਅਤੇ ਸਤੀ ਪ੍ਰਥਾ ਵਰਗੇ ਘਨੋਣੇ ਜੁਰਮਾਂ ਦੇ ਖਿਲਾਫ ਕਾਨੂੰਨ ਕੇਵਲ ਬਣਾਏ ਹੀ ਨਹੀ ਸਨ ਜਾਂਦੇ ਸਗੋਂ ਉਹਨਾਂ ਨੂੰ ਸਖਤੀ ਨਾਲ ਲਾਗੂ ਵੀ ਕੀਤਾ ਜਾਦਾ ਸੀ । ਪਰ ਸਾਡੇ ਇਸ ਅਜ਼ਾਦ ਹਿੰਦੁਸਤਾਨ ਵਿਚ ਤਾ ਕਨੂੰਨ ਅਮੀਰਾਂ ਅਤੇ ਸਿਆਸਤਦਾਨਾਂ ਦੇ ਹੱਥਾਂ ਦੀ ਕੱਠਪੁੱਤਲੀ ਬਣ ਕੇ ਰਹਿ ਗਿਆ ਹੈ ਜਿਸ ਨੂੰ ਉਹ ਆਪਣੀ ਮਨਮਰਜ਼ੀ ਨਾਲ ਨਚਾਉਦੇ ਹਨ।
ਅੱਜ ਦਾ ਯੁੱਗ ਵਿਗਿਆਨ ਦਾ ਯੁੱਗ ਮੰਨਿਆ ਗਿਆ ਹੈ ਪਰ ਕੀ ਪਤਾ ਸੀ ਕਿ ਇਹ ਵੱੱਧ ਰਹੀ ਟੈਕਨੌਲਜੀ ਹੀ ਔਰਤ ਜਾਤ ਦੇ ਪਤਨ ਦਾ ਕਾਰਨ ਬਣੇਗੀ। ਪੁਰਾਣੇ ਸਮੇਂ ਵਿਚ ਤਾਂ ਬੱਚੇ ਦੇ ਜਨਮ ਲੈਣ ਤੋਂ ਬਾਅਦ ਉਸਦੇ ਕੁੜੀ ਜਾਂ ਮੁੰਡੇ ਹੋਣ ਦਾ ਪਤਾ ਚੱਲਦਾ ਸੀ। ਪਰੰਤੂ ਅੱਜ ਦੀ ਇਸ ਅਗਾਹ ਵੱਧੂ ਟੈਕਨੌਲਜੀ ਨੇ ਤਾਂ ਇਹ ਕੰਮ ਹੋਰ ਵੀ ਅਸਾਨ ਕਰ ਦਿੱਤਾ ਹੈ । ਜਗਾਂ – ਜਗਾਂ ਖੁੱਲੇ ਹੋਏ ਸਕੈਨ ਸੈਟਰ ਭਰੂਣ ਹੱਤਿਆ ਦਾ ਜਰੀਆ ਬਣ ਰਹੇ ਹਨ । ਪੈਸੇ ਕਮਾਉਣ ਦੀ ਹੋੜ ਵਿਚ ਇਹ ਲੋਕ ਇਹ ਵੀ ਨਹੀਂ ਸੋਚਦੇ ਕਿ ਉਹ ਆਪ ਵੀ ਤਾ ਕਿਸੇ ਇਸਤਰੀ ਦੀ ਕੁੱਖ ਵਿੱਚੋਂ ਪੈਦਾ ਹੋਏ ਹਨ।
ਗੁਰਬਾਣੀ ਵਿਚ ਵੀ ਇਸਤਰੀ ਨੂੰ ਸਭ ਤੋਂ ਉਤਮ ਦਰਜਾ ਦਿੱਤਾ ਗਿਆ ਹੇ। ਸ੍ਰੀ ਗੁਰੂ ਨਾਨਕ ਦੇਵ ਜੀ ਇਸਤਰੀ ਦੀ ਵਡਿਆਈ ਆਸਾ ਜੀ ਦੀ ਵਾਰ ਵਿੱਚ ਕਰਦਿਆ ਲਿਖਦੇ ਹਨ:-
ਭੰਡ ਜੰਮੀਐ। ਭੰਡਿ ਨਿੰਮੀਐ, ਭੰਡਿ ਮੰਗਣੁ ਵੀਅਹੁ।।
ਭੰਡਹੁ ਹੋਵੈ ਦੋਸਤੀ, ਭੰਡਹੁ ਚਲੈ ਰਾਹੁ ।।
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੈਵੇ ਬੰਧਾਨੁ ।।
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ।।
ਪਰ ਸਾਡਾ ਅੱਜ ਦਾ ਇਹ ਅਗਾਹ ਵਧੂ ਸਮਾਜ ਉਸੇ ਇਸਤਰੀ ਦੀ ਬਰਬਾਦੀ ਦਾ ਕਾਰਨ ਬਣ ਰਿਹਾ ਹੈ। ਇਸ ਵਿਚ ਔਰਤ ਅਤੇ ਮਰਦ ਦੋਵੇ ਹੀ ਬਰਾਬਰ ਦੇ ਭਾਗੀਦਾਰ ਹਨ। ਅੱਜ ਹਰ ਔਰਤ ਮੁੰਡੇ ਦੀ ਮਾਂ ਬਣਨ ਤੇ ਗੌਰਵ ਮਹਿਸੂਸ ਕਰਦੀ ਹੈ, ਬੇਸ਼ਕ ਉਹ ਮੁੰਡਾ ਵੱਡਾ ਹੋ ਕੇ ਚੋਰ , ਸਮੈਕਰ , ਸਮਗਲਰ ਜਾਂ ਦੇਸ਼ਧਰੋਹੀ ਹੀ ਕਿਉਂ ਨਾ ਨਿਕਲੇ। ਕਿਉ ਅੱਜ ਵੀ ਘਰ ਵਿੱਚ ਕੁੜੀ ਜੰਮਣ ਤੇ ਮਾਤਮ ਵਰਗਾ ਮਹੌਲ ਬਣ ਜਾਂਦਾ ਹੈ ? ਕੁੜੀ ਦੇ ਜਨਮ ਨੂੰ ਲੈ ਕੇ ਕਿਉ ਕੁੜੀ ਦੀ ਮਾਂ ਕਿੰਨੇ ਦਿਨ ਅੱਥਰੂ ਵਹਾਉਦੀ ਰਹਿੰਦੀ ਹੈ ? ਕਿਉਂ ਕੁੜੀ ਨੂੰ ਅੱਜ ਵੀ ਬੋਝ ਸਮਝਿਆ ਜਾਦਾ ਹੈ ਅਤੇ ਪੱਥਰ ਕਹਿ ਕੇ ਪੁਕਾਰਿਆ ਜਾਦਾ ਹੈ ? ਕਿਉ ਇਹ ਨਹੀਂ ਸੋਚਿਆ ਜਾਦਾ ਕਿ ਜੇਕਰ ਕੁੜੀ ਨੂੰ ਉਚ ਸਿੱਖਿਆ ਦਿੱਤੀ ਜਾਵੇ ਤਾਂ ਇਹੀ ਕੁੜੀ ਕੱਲ ਨੂੰ ਕਲਪਨਾ ਚਾਵਲਾ, ਕਿਰਨ ਬੇਦੀ ਜਾਂ ਮੈਰੀ ਕਿਉਰੀ ਵੀ ਬਣ ਸਕਦੀ ਹੈ।
ਜਰੂਰਤ ਹੈ ਆਪਣੀ ਸੋਚ ਨੂੰ ਬਦਲਣ ਦੀ ਸਮਾਜ ਨੂੰ ਬਦਲਣ ਦੀ, ਜੇ ਅੱਜ ਹਰ ਔਰਤ ਭਰੂਣ ਹੱਤਿਆ ਦੇ ਖਿਲਾਫ ਹੋ ਜਾਵੇ ਤਾਂ ਅਸੀ ਇਸ ਕੋੜ ਵਰਗੀ ਬਿਮਾਰੀ ਤੋ ਮੁੱਕਤੀ ਪਾ ਸਕਦੇ ਹਾਂ। ਭਰੂਣ ਹੱਤਿਆ ਕਰਨ ਲਈ ਮਜ਼ਬੂਰ ਕਰਨ ਵਾਲੀ ਔਰਤ ਸੱਸ ਦੇ ਰੂਪ ਵਿੱਚ ਅਤੇ ਭਰੂਣ ਹੱਤਿਆ ਕਰਾਉਣ ਵਾਲੀ ਔਰਤ ਮਾਂ ਦੇ ਰੂਪ ਵਿੱਚ ਇਹ ਪ੍ਰਣ ਲੈਣ ਕੇ ਉਹ ਅਜਿਹਾ ਘੋਰ ਅਪਰਾਧ ਨਹੀਂ ਕਰਨਗੀਆਂ ਤਾਂ ਇਹ ਮਰਦ ਪ੍ਰਧਾਨ ਸਮਾਜ ਔਰਤ ਨੂੰ ਇਸ ਦੁਨੀਆਂ ਵਿੱਚ ਆਉਣ ਤੋਂ ਨਹੀਂ ਰੋਕ ਸਕਦਾ। ਇਸ ਦੇ ਨਾਲ ਹੀ ਮਰਦ ਜਾਤ ਨੂੰ ਵੀ ਇਹ ਸੋਚਣਾ ਚਾਹੀਦਾ ਹੈ ਕਿ ਬਲਾਤਕਾਰ ਵਰਗਾ ਕੁਕਰਮ ਜੋ ਅੱਜ ਉਹ ਕਿਸੇ ਦੀ ਧੀ ਜਾਂ ਭੈਣ ਨਾਲ ਕਰ ਹਹੇ ਹਨ ,ਉਹ ਕੱਲ ਨੂੰ ਉਹਨਾਂ ਦੀ ਆਪਣੀ ਭੈਣ, ਬੇਟੀ ਜਾਂ ਪਤਨੀ ਨਾਲ ਵੀ ਹੋ ਸਕਦਾ ਹੈ ।
ਲੋੜ ਹੈ ਔਰਤ ਨੂੰ ਉਸ ਦੀ ਬਣਦੀ ਅਜ਼ਾਦੀ ਅਤੇ ਅਧਿਕਾਰ ਦੇਣ ਦੀ, ਉਹ ਅਧਿਕਾਰ ਚਾਹੇ ਬਚਪਨ ਵਿੱਚ ਮਾਂ ਵੱਲੋ ਦਿੱਤੀਆਂ ਜਾਦੀਆਂ ਲੋਰੀਆਂ ਦਾ ਹੋਵੇ ਜਾਂ ਫਿਰ ਉਚ ਸਿੱਖਿਆ ਪ੍ਰਾਪਤ ਕਰ ਕੇ ਆਪਣੇ ਪੈਰਾ ਤੇ ਖੜ੍ਹਾ ਹੋਣ ਦਾ ਅਤੇ ਇਸ ਸਮਾਜ ਵਿੱਚ ਸਿਰ ਉਠਾ ਕੇ ਬਿਨਾਂ ਕਿਸੇ ਭੈਅ ਦੇ ਜਿੰਦਗੀ ਬਤੀਤ ਕਰਨ ਦਾ।