ਭੀਖੀ (ਮਾਨਸਾ), 1 ਸਤੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਕਿਸਾਨ ਵੀਰਾਂ ਨੂੰ ਪਰਾਲੀ ਦੀ ਸਿਖਲਾਈ ਦੇ ਨਾਲ-ਨਾਲ ਸਕੂਲੀ ਬਚਿਆਂ ਨੂੰ ਵੀ ਵਾਤਾਵਰਣ ਸੰਭਾਲ ਸਬੰਧੀ ਸੰਵੇਦਨਸ਼ੀਲ ਹੋਣਾ ਚਾਹੀਦਾ ਹੈ।ਇਸ ਸੰਦਰਭ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਮਾਨਸਾ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਖਾ ਵਿਖੇ ਪਰਾਲੀ ਦੀ ਸਾਂਭ-ਸੰਭਾਲ ਸੰਬੰਧੀ ਬੱਚਿਆ ਦੇ ਲੇਖ, ਪੇਂਟਿੰਗ ਅਤੇ ਕੁਵਿਜ਼ ਮੁਕਾਬਲੇ ਕਰਵਾਏ ਗਏ।
ਇਸ ਮੌਕੇ ਸਹਾਇਕ ਪ੍ਰੋਫੈਸਰ ਭੂਮੀ ਵਿਗਿਆਨ ਡਾ. ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਵਾਤਾਵਰਣ ਪ੍ਰਦੂਸ਼ਿਤ ਹੋਣ ਕਾਰਨ ਗਰੀਨ ਹਾਊਸ ਗੈਸਾਂ ਦਾ ਪੱਧਰ ਵਾਤਾਵਰਣ ਵਿੱਚ ਵਧ ਰਿਹਾ ਹੈ ਜਿਸ ਕਾਰਨ ਧਰਤੀ ਦਾ ਤਾਪਮਾਨ ਵਧ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਦਯੌਗਿਕ ਕ੍ਰਾਂਤੀ ਤੋਂ ਬਾਅਦ ਕਾਰਬਨ ਡਾਈਆਕਸਾਈਡ ਦਾ ਹਵਾ ਵਿੱਚ ਪੱਧਰ 400 ਪੀ.ਪੀ. ਐਮ ਤੋਂ ਵੀ ਜ਼ਿਆਦਾ ਵਧ ਚੁੱਕਾ ਹੈ, ਜਿਸ ਕਾਰਨ ਧਰਤੀ ਦਾ ਤਾਪਮਾਨ ਵਧ ਰਿਹਾ ਹੈ।ਇਸ ਵਰਤਾਰੇ ਦਾ ਫ਼ਸਲਾਂ ਦੇ ਝਾੜ ਉੱਪਰ ਵੀ ਮਾਰੂ ਪ੍ਰਭਾਵ ਪੈਣ ਦਾ ਖਦਸ਼ਾ ਹੈ।ਉਨ੍ਹਾਂ ਦੱਸਿਆ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਅਨੁਮਾਨਿਤ 400 ਕਰੋੜ ਦੇ ਖੁਰਾਕੀ ਤੱਤ ਸੜ ਕੇ ਸੁਆਹ ਹੋ ਜਾਂਦੇ ਹਨ।ਪਰਾਲੀ ਨੂੰ ਖੇਤ ਵਿੱਚ ਹੀ ਵਾਹੁਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੱਧਦੀ ਹੈ।
ਸਹਾਇਕ ਪ੍ਰੋਫੈਸਰ ਪਸਾਰ ਸਿੱਖਿਆ ਡਾ. ਗੁਰਦੀਪ ਸਿੰਘ ਨੇ ਪਰਾਲੀ ਨੂੰ ਖੇਤਾਂ ਵਿੱਚ ਵਾਹੁਣ ਲਈ ਵਿਕਸਤ ਮਸ਼ੀਨਾਂ ਹੈਪੀ ਸੀਡਰ, ਜ਼ੀਰੋ ਡਰਿੱਲ ਆਦਿ ਬਾਰੇ ਜਾਣਕਾਰੀ ਦਿੱਤੀ।ਸਹਾਇਕ ਪ੍ਰੋਫੈਸਰ ਗ੍ਰਹਿ ਵਿਗਿਆਨ ਮੈਡਮ ਰਾਜਿੰਦਰ ਕੌਰ ਸਿੱਧੂ ਨੇ ਦੱਸਿਆ ਕਿ ਹਵਾ ਦੇ ਪ੍ਰਦੂਸ਼ਣ ਕਾਰਨ ਸਭ ਤੋਂ ਮਾੜਾ ਪ੍ਰਭਾਵ ਬੱਚਿਆਂ ਅਤੇ ਬਜ਼ੁਰਗਾਂ ਦੀ ਸਿਹਤ ਉੱਪਰ ਪੈਂਦਾ ਹੈ।ਇਸ ਦੌਰਾਨ ਬੱਚਿਆਂ ਨੂੰ ਸੰਤੁਲਿਤ ਅਤੇ ਪੋਸ਼ਟਿਕ ਭੋਜਨ ਦੀ ਮਹੱਤਤਾ ਬਾਰੇ ਵੀ ਜਾਣੂ ਕਰਵਾਇਆ ਗਿਆ।ਸੀਨੀਅਰ ਸੈਕੰਡਰੀ ਸਕੂਲ ਮਾਖਾ ਦੇ ਪ੍ਰਿੰਸੀਪਲ ਬਲਜਿੰਦਰ ਸਿੰਘ ਨੇ ਬੱਚਿਆਂ ਨੂੰ ਕਿਹਾ ਕਿ ਉਹ ਆਪਣੇ ਮਾਤਾ-ਪਿਤਾ ਨੂੰ ਪਰਾਲੀ ਨੂੰ ਅੱਗ ਨਾ ਲਾਉਣ ਲਈ ਪ੍ਰੇਰਣ।ਇਸ ਮੌਕੇ ਲੇਖ, ਪੇਂਟਿੰਗ ਅਤੇ ਕਵਿਜ਼ ਮੁਕਾਬਲਿਆਂ ਦੇ ਜੇਤੂ ਬੱਚਿਆਂ ਨੂੰ ਟਰਾਫ਼ੀ ਅਤੇ ਸਕੂਲ ਬੈਗਾਂ ਦੇ ਨਾਲ ਸਨਮਾਨਿਤ ਕੀਤਾ ਗਿਆ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …