ਅੰਮ੍ਰਿਤਸਰ, 8 ਸਤੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਸਮਾਜ ਦੇ ਸਮੂਹ ਵਰਗਾਂ ਅਤੇ ਖਾਸ ਕਰਕੇ ਵਿਦਿਆਰਥੀਆਂ, ਨੌਜਵਾਨਾਂ, ਔਰਤਾਂ, ਅਧਿਆਕਾਂ ਵਿਚ ਵਿਗਿਆਨਕ ਚੇਤਨਾ ਪ੍ਰਫੁਲਿਤ ਕਰਨ ਦੇ ਮੰਤਵ ਵਜੋਂ ਸਮੁੱਚੇ ਪੰਜਾਬ ਵਿਚ ਚਲਾਈ ਜਾ ਰਹੀ ਤਰਕਸ਼ੀਲ ਸਾਹਿਤ ਵੈਨ ਅੰਮ੍ਰਿਤਸਰ ਇਕਾਈ ਦੇ ਯਤਨਾਂ ਸਦਕਾ ਖਾਲਸਾ ਕਾਲਜ ਵਿਖੇ ਪ੍ਰਦਰਸ਼ਿਤ ਕੀਤੀ ਗਈ, ਜਿਥੇ ਵੱਡੀ ਤਾਦਾਦ ਵਿਚ ਵਿਦਿਆਰਥੀਆਂ ਨੇ ਤਰਕਸ਼ੀਲ ਸਾਹਿਤ ਵਿਚ ਦਿਲਚਸਪੀ ਵਿਖਾਈ।
ਇਸ ਮੌਕੇ ਸੰਬੋਧਨ ਕਰਦਿਆਂ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਤਰਕਸ਼ੀਲ ਦ੍ਰਿਸ਼ਟੀਕੋਣ ਹਮੇਸ਼ਾਂ ਮਨੁੱਖੀ ਵਿਕਾਸ ਦਾ ਆਧਾਰ ਰਿਹਾ ਹੈ, ਇਸ ਲਈ ਵਿਦਿਆਰਥੀਆਂ ਨੂੰ ਅਕਾਦਮਿਕ ਸਿਲੇਬਸ ਤੋਂ ਇਲਾਵਾ ਅਗਾਂਹਵਧੂ ਤਰਕਸ਼ੀਲ ਸਾਹਿਤ ਦਾ ਵੀ ਗੰਭੀਰਤਾ ਨਾਲ ਅਧਿਐਨ ਕਰਨ ਦੀ ਲੋੜ ਹੈ ਤਾਂ ਕਿ ਉਹ ਵਿਗਿਆਨਕ ਦਿ੍ਰਸ਼ਟੀਕੋਣ ਰਾਹੀਂ ਜ਼ਿੰਦਗੀ ਨੂੰ ਦਰਪੇਸ਼ ਸਮੱਸਿਆਵਾਂ ਅਤੇ ਚੁਣੌਤੀਆਂ ਦਾ ਡਟ ਕੇ ਸਾਹਮਣਾ ਕਰ ਸਕਣ।
ਇਸ ਮੌਕੇ ਸੁਸਾਇਟੀ ਦੇ ਜਥੇਬੰਦਕ ਮੁਖੀ ਸੁਮੀਤ ਸਿੰਘ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਆਪਣੀ ਛੋਟੀ ਜਿਹੀ ਜ਼ਿੰਦਗੀ ਵਿਚ ਕੌਮੀ ਤੇ ਕੌਮਾਂਤਰੀ ਪੱਧਰ ਦੇ ਇਨਕਲਾਬੀ ਅਤੇ ਤਰਕਸ਼ੀਲ ਸਾਹਿਤ ਦਾ ਅਧਿਐਨ ਕਰਨ ਕਰਕੇ ਹੀ ਅੰਗਰੇਜ਼ ਹਕੂਮਤ ਦੇ ਜਬਰ ਜੁਲਮ ਅਤੇ ਗੁਲਾਮੀ ਦਾ ਵਿਗਿਆਨਕ ਸੋਚ ਅਤੇ ਸਵੈ ਵਿਸ਼ਵਾਸ ਨਾਲ ਡਟਵਾਂ ਵਿਰੋਧ ਕੀਤਾ ਸੀ।ਉਨ੍ਹਾਂ ਕਿਹਾ ਕਿ ਸਮਾਜ ਵਿਚ ਨੈਤਿਕ ਅਤੇ ਸਮਾਜਿਕ ਕਦਰਾਂ ਕੀਮਤਾਂ ਨੂੰ ਪ੍ਰਫੁਲਿਤ ਕਰਨ ਲਈ ਤਰਕਸ਼ੀਲ ਸਾਹਿਤ ਦਾ ਬੜਾ ਵੱਡਾ ਯੋਗਦਾਨ ਹੈ।
ਇਸ ਮੌਕੇ ਤਰਕਸ਼ੀਲ ਆਗੂਆਂ ਸੁਖਮੀਤ ਸਿੰਘ ਅਤੇ ਕਾਮਰੇਡ ਅਜੀਤ ਸਿੰਘ ਵਲੋਂ ਵਿਦਿਆਰਥੀਆਂ ਨੂੰ ਅੰਧ ਵਿਸ਼ਵਾਸ਼ਾਂ, ਵਹਿਮਾਂ ਭਰਮਾਂ, ਅਖੌਤੀ ਚਮਤਕਾਰਾਂ ਅਤੇ ਨਸ਼ਿਆਂ-ਮਾਨਸਿਕ ਰੋਗਾਂ ਦੇ ਖਿਲਾਫ ਜਾਗਰੂਕ ਕਰਦਾ ਤਰਕਸ਼ੀਲ ਸਾਹਿਤ ਖਰੀਦਣ ਪ੍ਰਤੀ ਪ੍ਰੇਰਿਤ ਕੀਤਾ ਗਿਆ।ਕਾਲਜ ਦੇ ਪੰਜਾਬੀ ਵਿਭਾਗ ਦੇ ਪ੍ਰੋਫੈਸਰ ਹੀਰਾ ਸਿੰਘ, ਡਾ. ਆਤਮ ਰੰਧਾਵਾ ਅਤੇ ਮੁੱਖ ਲਾਈਬਰੇਰੀਅਨ ਸੁਖਦੇਵ ਸਿੰਘ ਨੇ ਤਰਕਸ਼ੀਲ ਸਾਹਿਤ ਨੂੰ ਵਿਦਿਅਕ ਅਦਾਰਿਆਂ ਤੱਕ ਪੁਚਾਉਣ ਲਈ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਪ੍ਰਸੰਸਾ ਕੀਤੀ।ਇਸ ਮੌਕੇ ਤਰਕਸ਼ੀਲ ਆਗੂ ਮਾਸਟਰ ਕੁਲਜੀਤ ਵੇਰਕਾ, ਵਰਿੰਦਰ ਕੌਰ ਤੋਂ ਇਲਾਵਾ ਵਿਦਿਆਰਥੀ ਕੀਰਤ ਸਿੰਘ, ਜੋਬਨਜੀਤ ਸਿੰਘ ਅਤੇ ਲਖਵਿੰਦਰ ਸਿੰਘ ਵੀ ਮੌਜੂਦ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …