ਬਠਿੰਡਾ, 25 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਨੇ ਹੋਏ ਬੀਤੇ ਦਿਨੀਂ ਪਏ ਭਾਰੀ ਮੀਂਹ ਕਾਰਨ ਕਿਸਾਨ-ਮਜ਼ਦੂਰ ਪਰਿਵਾਰਾਂ ਦਾ ਜਾਨੀ ਮਾਲੀ ਨੁਕਸਾਨ ਹੋਇਆ ਹੈ।ਉਨ੍ਹਾਂ ਪਰਿਵਾਰਾਂ ਨਾਲ ਗਹਿਰਾ ਦੁੱਖ ਪ੍ਰਗਟ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਿਨ੍ਹਾਂ ਦੇ ਕਿਸਾਨ ਮੁਜ਼ਦੂਰਾਂ ਦੇ ਪਰਿਵਾਰ ਦੇ ਜੀਆਂ ਦੀ ਮੌਤ ਹੋ ਗਈ ਹੈ।ਉਨ੍ਹਾਂ ਨੂੰ 10-10 ਲੱਖ ਰੁਪਏ ਦਾ ਮੁਆਵਜ਼ਾ, ਘਰ ਡਿੱਗਣ ਵਾਲਿਆਂ ਨੂੰ 3-3 ਲੱਖ ਰੁਪਏ ਰੈਣ ਬਸੇਰਾ ਬਣਾਉਣ ਲਈ ਅਤੇ ਮੁਰੰਮਤ ਵਾਸਤੇ ਢੁੱਕਵੀਂ ਮਦਦ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਖੇਤ ਮਜ਼ਦੂਰ ਖੇਤੀ ਅੰਦਰੋ ਰੁਜ਼ਗਾਰ ਘੱਟਣ, ਅੱਤ ਦੀ ਮਹਿੰਗਾਈ ਅਤੇ ਠੇਕੇਦਾਰੀ ਪ੍ਰਬੰਧ ਦੇ ਨਪੀੜੇ ਕਰਜ਼ਿਆਂ ਕਾਰਨ ਖੁਦਕਸ਼ੀਆਂ ਕਰਨ ਲਈ ਮਜ਼ਬੂਰ ਹਨ।ਭਾਰੀ ਮੀਂਹ ਅਤੇ ਸਰਕਾਰੀ ਪ੍ਰਬੰਧਾਂ ਦੀ ਘਾਟ ਕਾਰਨ ਮੁਸੀਬਤ ਵਿੱਚ ਫਸੇ ਮਜ਼ਦੂਰ ਸਰਕਾਰ ਵਲੋਂ ਢੁੱਕਵੀਂ ਮਦਦ ਦੇ ਹੱਕਦਾਰ ਬਣਦੇ ਹਨ।ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਚੁੱਪ ਦੀ ਤਿੱਖੀ ਅਲੋਚਨਾ ਕਰਦਿਆਂ ਸਰਕਾਰ ਦੀਆਂ ਅੱਖਾਂ ਖੋਹਲਣ ਲਈ ਵੇਰਵੇ ਤੱਥਾਂ ਨਾਲ ਪ੍ਰੈਸ ਸਾਹਮਣੇ ਕੀਤੇ ਹਨ।ਉਨ੍ਹਾਂ ਕਿਹਾ ਕਿ ਬਠਿੰਡਾ ਜਿਲ੍ਹੇ ਦੇ 7 ਪਿੰਡਾਂ ਕੋਟੜਾ ਕੌੜਾ, ਚਨਾਰਥਲ, ਚੱਕ ਫਤਹਿ ਸਿੰਘ ਵਾਲਾ, ਲਹਿਰਾਖਾਨਾ, ਕੋਠਾ ਨੱਥਾ ਸਿੰਘ, ਮਹਿਮਾ ਸਰਜਾ ਤੇ ਬੁਲਾਹੜ ਮਹਿਮਾ ਵਿੱਚ ਮੋਟੇ ਤੌਰ ’ਤੇ ਸਰਵੇਖਣ ਕੀਤਾ ਗਿਆ। ਜਿਸ ਅਨੁਸਾਰ ਇਨ੍ਹਾਂ ਪਿੰਡਾਂ ਡਿੱਗੇ ਮਕਾਨਾਂ ਦੀ ਗਿਣਤੀ 24, ਕੰਧਾਂ ਵਿੱਚ ਤਰੇੜਾਂ 81 ਅਤੇ ਡਿੱਗੀਆਂ ਕੰਧਾਂ 18 ਦੀ ਜਾਣਕਾਰੀ ਮਿਲੀ ਹੈ।ਕੋਟੜੇ ਪਿੰਡ ਦੇ ਕੁਲਵੰਤ ਸਿੰਘ ਤੇ ਹਰਬੰਸ ਸਿੰਘ ਦੇ ਪੱਕੇ ਘਰ, ਚੱਕ ਫਤਹਿ ਸਿੰਘ ਵਾਲਾ ਤੇ ਮੰਦਰ ਸਿੰਘ, ਲਹਿਰੇਖਾਨੇ ਦੇ ਯਾਦਵਿੰਦਰ ਸਿੰਘ ਦਾ ਪਸ਼ੂਆਂ ਵਾਲਾ ਕਮਰਾ, ਬੁਲਾਹੜ ਮਹਿਮਾ ਤੇ ਬੋਘੜ ਸਿੰਘ ਤੇ ਗੁਰਲਾਲ ਸਿੰਘ ਤੇ ਘਰ ਤੇ ਚਨਾਰਥਲ ਦੇ ਗੋਬਿੰਦ ਸਿੰਘ ਦੀ ਤੂੜੀ ਵਾਲੀ ਸਬਾਤ ਡਿੱਗ ਪਈ ਹੈ।
ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਨੂੰ ਤੁਰੰਤ ਮੁਆਵਜੇ ਦੀ ਲੋੜ ਹੈ ਤਾਂ ਕਿ ਸਰਦੀ ਤੋਂ ਪਹਿਲਾ ਆਪਣਾ ਸਿਰ ਢੱਕਣਾ ਕਰ ਲੈਣ।ਇਸ ਤੋਂ ਇਲਾਵਾ ਫ਼ਸਲਾਂ ਦੇ ਹੋਏ ਨੁਕਸਾਨ ਕਾਰਨ ਮਜ਼ਦੂਰਾਂ ਦੇ ਹੋਏ ਰੁਜ਼ਗਾਰ ਦੇ ਨੁਕਸਾਨ ਕਰਕੇ ਕੁੱਲ ਖੇਤੀ ਤੇ ਨਿਰਭਰ ਮਜ਼ਦੂਰਾਂ ਨੂੰ ਬਣਦਾ ਮੁਆਵਜਾ ਦਿੱਤਾ ਜਾਵੇ।ਇਸ ਤੋਂ ਇਲਾਵਾ ਪਿੰਡ ਮਹਿਮਾ ਸਰਜਾ ਤੇ ਮਜ਼ਦੂਰ ਜੱਗਾ ਸਿੰਘ ਦੇ ਘਰ ਡਿੱਗਣ ਕਾਰਨ ਜ਼ਖ਼ਮੀ ਹੋਏ ਬੱਚੇ ਦਾ ਇਲਾਜ ਸਰਕਾਰੀ ਖਰਚੇ ’ਤੇ ਕਰਵਾਇਆ ਜਾਵੇ। ਅਖੀਰ ਵਿੱਚ ਉਨ੍ਹਾ ਹਾਜ਼ਰ ਖੇਤ ਮਜ਼ਦੂਰਾਂ ਨੂੰ ਮੁਆਵਜਾ ਲੈਣ ਲਈ ਪਿੰਡ ਪਿੰਡ ਜਥੇਬੰਦ ਹੋਣ ਦੀ ਅਪੀਲ ਕੀਤੀ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …