ਬਠਿੰਡਾ, 17 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਵਿਦਿਆਰਥੀਆਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋ ਫਤਿਹ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਰਾਮਪੁਰਾ ਫੂਲ ਵਿਖੇ ਆਯੋਜਿਤ ਕੀਤੇ ਬਠਿੰਡਾ ਜ਼ੋਨ ਦੇ ਖੇਤਰੀ ਯੁਵਕ ਅਤੇ ਲੋਕ ਮੇਲੇ ਦੌਰਾਨ ਵੱਖ-ਵੱਖ ਸਭਿਆਚਾਰਕ ਵੰਨਗੀਆਂ ਅਤੇ ਲੋਕ ਖੇਡਾਂ ਦੇ ਮੁਕਾਬਲਿਆਂ ਵਿੱਚ ਜਿੱਤਾਂ ਦਰਜ ਕਰਕੇ ਕਾਲਜ ਦਾ ਮਾਣ ਵਧਾਇਆ ਅਤੇ ਡਾਂਸ, ਕੋਮਲ ਕਲਾਵਾਂ ਅਤੇ ਥੀਏਟਰ ਵਿੱਚ ਓਵਰਆਲ ਟਰਾਫ਼ੀ ਪ੍ਰਾਪਤ ਕੀਤੀ ਹੈ।
ਇਸ ਖੇਤਰੀ ਯੁਵਕ ਅਤੇ ਲੋਕ ਮੇਲੇ ਵਿੱਚ ਬਾਬਾ ਫ਼ਰੀਦ ਕਾਲਜ ਦੇ ਵਿਦਿਆਰਥੀਆਂ ਨੇ ਕਲਾਸੀਕਲ ਡਾਂਸ, ਲੁੱਡੀ (ਲੜਕੀਆਂ), ਸਮੁਹ ਗਾਇਨ ਭਾਰਤੀ, ਪੱਛਮੀ ਸੋਲੋ, ਪੱਛਮੀ ਸਮੂਹ ਗਾਇਨ, ਕਵਿਸ਼ਰੀ, ਲੋਕ ਗੀਤ, ਵਾਰ, ਰੰਗੋਲੀ, ਮੌਕੇ ’ਤੇ ਚਿੱਤਰਕਾਰੀ, ਕੋਲਾਜ਼ ਬਣਾਉਣਾ, ਪੱਖੀ ਬੁਨਣਾ, ਨਾਟਕ, ਨੁੱਕੜ ਨਾਟਕ, ਮਾਈਮ, ਅਤੇ ਰੱਸਾ-ਕਸੀ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ।ਇਸ ਤੋਂ ਇਲਾਵਾ ਗਿੱਧਾ, ਭੰਗੜਾ, ਕਲੀ ਗਾਇਨ, ਇੰਸਟਾਲੇਸ਼ਨ, ਨਾਲਾ ਬੁਨਣਾ, ਮਿੱਟੀ ਦੇ ਖਡੋਣੇ ਬਣਾਉਣਾ, ਸਭਿਆਚਾਰਕ ਕੁਇਜ਼, ਕਾਵਿ-ਉਚਾਰਣ, ਭੰਡ, ਲਘੂ ਫਿਲਮ ਅਤੇ ਸਕਿੱਟ ਮੁਕਾਬਲੇ ਵਿੱਚ ਵੀ ਬਾਬਾ ਫ਼ਰੀਦ ਕਾਲਜ ਦੇ ਵਿਦਿਆਰਥੀਆਂ ਨੇ ਦੂਜੀ ਪੁਜੀਸ਼ਨ ਪ੍ਰਾਪਤ ਕਰਕੇ ਕਾਲਜ ਦਾ ਮਾਣ ਵਧਾਇਆ ਹੈ।ਇਸੇ ਤਰ੍ਹਾਂ ਗਰੁੱਪ ਸ਼ਬਦ, ਪੋਸਟਰ, ਕਾਰਟੂਨਿੰਗ, ਭਾਸ਼ਣ ਕਲਾ, ਲੂਣ ਮਿਆਣੀ, ਪਿੱਠੂ ਅਤੇ ਸ਼ਟਾਪੂ ਦੇ ਮੁਕਾਬਲੇ ਵਿੱਚ ਵਿਦਿਆਰਥੀਆਂ ਨੇ ਤੀਜੀ ਪੁਜੀਸ਼ਨ ਹਾਸਲ ਕਰਕੇ ਕਾਲਜ ਦਾ ਨਾਂ ਰੋਸ਼ਨ ਕੀਤਾ ਹੈ।
ਕਾਲਜ ਦੀ ਵਿਦਿਆਰਥਣ ਵੀਰਪਾਲ ਕੌਰ ਨੂੰ ਗਿੱਧੇ ਵਿੱਚ ਅਤੇ ਸੁਖਵੀਰ ਸਿੰਘ ਨੂੰ ਭੰਗੜੇ ਵਿੱਚ ਬੈਸਟ ਡਾਂਸਰ ਦਾ ਖਿਤਾਬ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਦੇ ਨਾਲ ਹੀ ਡਾਂਸ, ਕੋਮਲ ਕਲਾਵਾਂ ਅਤੇ ਥੀਏਟਰ ਵਿੱਚ ਓਵਰਆਲ ਟਰਾਫ਼ੀ ਬਾਬਾ ਫ਼ਰੀਦ ਕਾਲਜ ਦੇ ਨਾਂ ਰਹੀ।ਇਹਨਾਂ ਸ਼ਾਨਦਾਰ ਪ੍ਰਾਪਤੀਆਂ ਸਦਕਾ ਇਸ ਖੇਤਰੀ ਯੁਵਕ ਅਤੇ ਲੋਕ ਮੇਲੇ ਵਿੱਚ ਬਾਬਾ ਫ਼ਰੀਦ ਕਾਲਜ ਨੇ ਓਵਰਆਲ ਪਹਿਲੀ ਪੁਜੀਸ਼ਨ ਹਾਸਲ ਕਰ ਲਈ।ਮੈਨੇਜਮੈਂਟ ਐਂਡ ਟੈਕਨਾਲੋਜੀ ਦੀ ਟੀਮ ਨੇ ਫੋਟੋਗ੍ਰਾਫੀ ਅਤੇ ਮਮਿਕਰੀ ਦੇ ਮੁਕਾਬਲੇ ’ਚ ਪਹਿਲੀ ਪੁਜੀਸ਼ਨ ਹਾਸਲ ਕੀਤੀ।ਇਨੂੰ ਬੁਣਾਈ, ਪੱਖੀ ਬੁਨਣ ਦੇ ਮੁਕਾਬਲੇ ਵਿੱਚ ਵਿਦਿਆਰਥੀਆਂ ਨੇ ਦੂਜੀ ਪੁਜੀਸ਼ਨ, ਜਦੋਂ ਕਿ ਰੰਗੋਲੀ ਅਤੇ ਮਾਈਮ ਦੇ ਮੁਕਾਬਲੇ ਵਿੱਚ ਤੀਜੀ ਪੁਜੀਸ਼ਨ ਹਾਸਲ ਕੀਤੀ ਹੈ।ਵਿਦਿਆਰਥੀਆਂ ਨੇ ਕਰੋਸ਼ੀਆ ਬੁਣਤੀ ਦੇ ਮੁਕਾਬਲੇ ਵਿੱਚ ਪਹਿਲਾ ਸਥਾਨ, ਮੌਕੇ ’ਤੇ ਪੇਟਿੰਗ ਮੁਕਾਬਲੇ ’ਚ ਦੂਸਰਾ ਸਥਾਨ ਹਾਸਲ ਕੀਤਾ ਹੈ ਜਦੋਂ ਕਿ ਵਾਦ-ਵਿਵਾਦ ਅਤੇ ਸਕਿੱਟ ਮੁਕਾਬਲੇ ਵਿੱਚ ਤੀਜਾ ਸਥਾਨ ਹਾਸਲ ਕੀਤਾ ਹੈ।
ਇਨ੍ਹਾਂ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਕਰਵਾਏ ਗਏ ਇੱਕ ਸਮਾਗਮ ਦੌਰਾਨ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਇਸ ਖੇਤਰੀ ਯੁਵਕ ਅਤੇ ਲੋਕ ਮੇਲੇ ਵਿੱਚ ਅਹਿਮ ਜਿੱਤਾਂ ਲਈ ਮੁਬਾਰਕਬਾਦ ਦਿੰਦਿਆਂ ਜੇਤੂ ਵਿਦਿਆਰਥੀਆਂ,ਅਧਿਆਪਕਾਂ, ਵੱਖ-ਵੱਖ ਵੰਨਗੀਆਂ ਦੇ ਇੰਚਾਰਜਾਂ ਅਤੇ ਕੋਚ ਸਹਿਬਾਨਾਂ ਦੀ ਸਖ਼ਤ ਮਿਹਨਤ ਅਤੇ ਸਾਰਥਿਕ ਯਤਨਾਂ ਦੀ ਭਰਪੂਰ ਪ੍ਰਸੰਸਾ ਤੇ ਸ਼ੁਭ ਕਾਮਨਾਵਾਂ ਦਿੱਤੀਆਂ।ਉਹਨਾਂ ਨੇ ਉਮੀਦ ਜਤਾਈ ਕਿ ਇਸ ਖੇਤਰੀ ਯੁਵਕ ਅਤੇ ਲੋਕ ਮੇਲੇ ਵਿੱਚ ਮੁਕਾਮ ਹਾਸਲ ਕਰਨ ਵਾਲੇ ਵਿਦਿਆਰਥੀ ਭਲਕੇ ਯੂਨੀਵਰਸਿਟੀ ਮੁਕਾਬਲਿਆਂ ਵਿੱਚ ਵੀ ਨਾਮਣਾ ਖੱਟ ਕੇ ਸੰਸਥਾ ਦਾ ਨਾਂ ਰੋਸ਼ਨ ਕਰਨਗੇ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …