ਅੰਮ੍ਰਿਤਸਰ, 31 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਕਲਾ, ਸਭਿਆਚਾਰ ਅਤੇ ਉਸਾਰੂ ਗਤੀਵਿਧੀਆਂ ਨੂੰ ਉਤਸ਼ਾਹਿਤ ਅਤੇ ਵਿਕਾਸ ਹਿੱਤ ਅੱਜ ਇਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਮਾਝਾ ਹਾਊਸ ਵਿਚਕਾਰ ਅਹਿਮ ਸਮਝੌਤਾ ਹੋਇਆ।
ਯੂਨੀਵਰਸਿਟੀ ਵੱਲੋਂ ਪ੍ਰੋ. ਕਮਲਜੀਤ ਸਿੰਘ, ਡੀਨ ਅਕਾਦਮਿਕ ਮਾਮਲੇ, ਪ੍ਰੋ. ਕਰਨਜੀਤ ਸਿੰਘ ਕਾਹਲੋ, ਰਜਿਸਟਰਾਰ ਅਤੇ ਮਾਝਾ ਹਾਊਸ ਵੱਲੋਂ ਮੈਨੇਜਿੰਗ ਟਰੱਸਟੀ, ਮਿਸ ਪ੍ਰੀਤੀ ਗਿੱਲ ਨੇ ਇਸ ਸਮਝੌਤੇ `ਤੇ ਡਾ. ਪ੍ਰੀਤ ਮੋਹਿੰਦਰ ਸਿੰਘ ਬੇਦੀ, ਕੋਆਰਡੀਨੇਟਰ ਯੂਨੀਵਰਸਿਟੀ-ਇੰਡਸਟਰੀ ਲਿੰਕੇਜ਼ ਪ੍ਰੋਗਰਾਮ ਅਤੇ ਦੋਵਾਂ ਪਾਸਿਆਂ ਦੇ ਹੋਰ ਸੀਨੀਅਰ ਅਧਿਕਾਰੀਆਂ ਦੀ ਮੌਜਦੂਗੀ ਵਿਚ ਹਸਤਾਖਰ ਕਰਕੇ ਇਸ ਸਮਝੌਤੇ ਨੂੰ ਪ੍ਰਵਾਨ ਚੜ੍ਹਾਇਆ।
ਸਮਝੌਤੇ ਬਾਰੇ ਸੰਖੇਪ ਵਿਚ ਦੱਸਦਿਆਂ ਉਪ ਕੁਲਪਤੀ ਪ੍ਰੋਫੈਸਰ ਸੰਧੂ ਨੇ ਕਿਹਾ ਕਿ ਇਸ ਦਾ ਮੰਤਵ ਮਾਝਾ ਹਾਊਸ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚਕਾਰ ਕਲਾਤਮਕ, ਸਭਿਆਚਾਰਕ ਅਤੇ ਬੌਧਿਕ ਕੰਮਾਂ ਲਈ ਨਵੇਂ ਮੌਕਿਆਂ ਦੀ ਤਲਾਸ਼ ਲਈ ਇਕ ਦੂਜੇ ਦਾ ਸਹਿਯੋਗ ਕਰਨਾ ਹੈ ਅਤੇ ਇਹ ਨਵੇਂ ਰੋਜ਼ਗਾਰ ਦੇ ਮੌਕੇ ਵੀ ਖੋਲ੍ਹੇਗਾ।ਉਨ੍ਹਾਂ ਕਿਹਾ ਕਿ ਇਸ ਨਾਲ ਮਾਝਾ ਖੇਤਰ ਅਤੇ ਪੰਜਾਬ ਦੀ ਸਭਿਆਚਾਰਕ ਵਿਰਾਸਤ ਨੂੰ ਵੀ ਉਤਸ਼ਾਹ ਮਿਲੇਗਾ।ਫਿਲਮ ਅਤੇ ਟੈਲੀਵਿਜ਼ਨ ਉਦਯੋਗ ਦੇ ਨਾਲ ਨਾਲ ਕਲਾ ਅਤੇ ਸਭਿਆਚਾਰ ਦੀ ਦੁਨੀਆ ਦੀਆਂ ਵੱਖ-ਵੱਖ ਏਜੰਸੀਆਂ ਦੇ ਨਾਲ ਤਾਲਮੇਲ ਅਤੇ ਸਹਿਯੋਗ ਇਸ ਦਾ ਇਕ ਹੋਰ ਉਦੇਸ਼ ਹੋਵੇਗਾ।ਉਨ੍ਹਾਂ ਸਮਝੌਤੇ ਨੂੰ ਪ੍ਰਵਾਨ ਚੜ੍ਹਾਉਣ ਲਈ ਯੂਨੀਵਰਸਿਟੀ ਵੱਲੋਂ ਹਰ ਯੋਗ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਮਾਝਾ ਹਾਊਸ ਦੇ ਮੈਨੇਜ਼ਿੰਗ ਟਰੱਸਟੀ, ਮਿਸ ਗਿੱਲ ਨੇ ਕਿਹਾ ਕਿ ਇਸ ਸਮਝੌਤੇ ਅਧੀਨ ਮਾਸ ਮੀਡੀਆ ਅਤੇ ਜਨ ਸੰਚਾਰ, ਫਾਈਨ ਆਰਟਸ, ਪ੍ਰਕਾਸ਼ਨ, ਰਚਨਾਤਮਕ ਲਿਖਣ, ਅਨੁਵਾਦ, ਫਿਲਮ ਬਣਾਉਣ, ਸੰਪਾਦਨ, ਫੋਟੋਗਰਾਫੀ, ਸਕਰਿਪਟ ਲਿਖਣ ਆਦਿ ਖੇਤਰਾਂ ਵਿੱਚ ਵਿਸ਼ੇਸ਼ ਲੈਕਚਰ, ਸੈਮੀਨਾਰ ਅਤੇ ਵਰਕਸ਼ਾਪ ਦਾ ਆਯੋਜਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਥੀਏਟਰ ਦੇ ਵਿਦਿਆਰਥੀਆਂ ਲਈ ਵਧੇਰੇ ਲਾਭਕਾਰੀ ਹੋਵੇਗਾ।ਉਨ੍ਹਾਂ ਕਿਹਾ ਕਿ ਨੌਕਰੀ ਦੀ ਸਿਖਲਾਈ, ਇੰਟਰਨਸ਼ਿਪ ਪ੍ਰੋਗਰਾਮਾਂ ਅਤੇ ਕੈਂਪਸ ਭਰਤੀ ਦੇ ਮੌਕੇ ਵੀ ਮੁਹਈਆ ਕੀਤੇ ਜਾਣਗੇ।ਉਨ੍ਹਾਂ ਆਸ ਪ੍ਰਗਟ ਕੀਤੀ ਕਿ ਇਹ ਸਮਝੌਤਾ ਵਿਦਿਆਰਥੀਆਂ ਅਤੇ ਸਾਹਿਤ ਪ੍ਰੇਮੀਆਂ ਲਈ ਲਾਭਦਾਇਕ ਹੋਵੇਗਾ।
ਡਾ. ਪ੍ਰੀਤ ਮੋਹਿੰਦਰ ਸਿੰਘ ਬੇਦੀ ਨੇ ਦੱਸਿਆ ਕਿ ਦੋਵੇਂ ਧਿਰਾਂ ਸਾਹਿਤ ਦੇ ਖੇਤਰ ਵਿਚ ਸਰੋਤ ਸਾਂਝੇ ਕਰਨ ਅਤੇ ਗਿਆਨ ਵੰਡਣ ਦੇ ਵਾਤਾਵਰਣ ਨੂੰ ਵਿਕਸਤ ਕਰਨ ਲਈ ਸਹਿਮਤ ਹੋਈਆਂ ਹਨ।ਮਾਝਾ ਹਾਊਸ ਜੋ ਕਿ ਬਿੱਲੂ ਹਾਊਸ ਦੇ ਨਾਂ ਨਾਲ ਵੀ ਜਾਣਿਆਂ ਜਾਂਦਾ ਹੈ, ਇਹ 1971 ਦੀ ਦੇਸ਼ ਲਈ ਲੜੀ ਜੰਗ ਵਿਚ ਬਹਾਦਰੀ ਨਾਲ ਕੁਰਬਾਨੀ ਕਰਦੇ ਹੋਏ ਲੈਫਟੀਨੈਂਟ ਐਸ.ਐਸ ਗਿੱਲ ਦੀ ਯਾਦ ਨੂੰ ਤਾਜ਼ਾ ਕਰਦਾ ਹੈ।ਇਸ ਘਰ ਨੂੰ ਨਵੇਂ ਸਿਰੇ ਤੋਂ ਪੰਜਾਬੀ ਸਭਿਆਚਾਰ ਨੂੰ ਧਿਆਨ ਵਿਚ ਰੱਖ ਕੇ ਮੁੜ ਸੁਰਜੀਤ ਕੀਤਾ ਗਿਆ ਹੈ।ਇਹ ਘਰ ਸਾਹਿਤ ਪ੍ਰੇਮੀਆਂ ਦੀ ਮਿਲਣੀ ਲਈ ਖੋਲ੍ਹਿਆ ਗਿਆ ਹੈ ਤਾਂ ਜੋ ਸਾਹਿਤ ਪ੍ਰੇਮੀਆਂ ਨੂੰ ਮਿਲ ਬੈਠ ਕੇ ਵਿਚਾਰ ਕਰਨ ਚਰਚਾ ਲਈ ਇਕ ਸਾਂਝਾ ਮੰਚ ਮੁਹਈਆ ਕੀਤਾ ਜਾ ਸਕੇ। ਇਸ ਤਰ੍ਹਾ ਇਹ ਘਰੇਲੂ ਮਾਹੌਲ ਸਾਹਿਤ ਪ੍ਰੇਮੀਆ ਲਈ ਇਕ ਉਚਿਤ ਸਥਾਨ ਵੱਜੋਂ ਉਭਰਿਆ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …