ਪੰਜਾਬ ਦੇ ਲੁਧਿਆਣਾ, ਬਰਨਾਲਾ, ਜਲੰਧਰ ਅਤੇ ਕਪੂਰਾਲਾ ਜ਼ਿਲੇ ਦੇਸ਼ ਦੇ 100 ਜ਼ਿਲ੍ਹਿਆਂ `ਚ ਸ਼ਾਮਿਲ
ਜਲੰਧਰ, 3 ਨਵੰਬਰ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਵਿਗਿਆਨ ਭਵਨ ਨਵੀਂ ਦਿੱਲੀ ਵਿਖੇ ਐਮ.ਐਸ.ਐਮ.ਈ ਸਹਾਇਤਾ ਅਤੇ ਪ੍ਰਚਾਰ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ।ਇਸ ਦਾ ਉਦੇਸ਼ ਸੂਖਮ, ਛੋਟੇ ਅਤੇ ਦਰਮਿਆਨੇ ਅਦਾਰਿਆਂ ਤੱਕ ਕਰਜ਼ੇ ਦੀ ਪਹੁੰਚ ਵਧਾਉਣਾ ਹੈ।ਇਸ ਮੌਕੇ ਉੱਤੇ ਸਮੇਂ ਕੇਂਦਰੀ ਵਿੱਤ ਮੰਤਰੀ ਅਰੁਣ ਜੇਟਲੀ ਅਤੇ ਐਮ.ਐਸ.ਐਮ.ਈ ਰਾਜ ਮੰਤਰੀ ਗਿਰੀਰਾਜ ਸਿੰਘ ਵੀ ਮੌਜੂਦ ਸਨ।
ਇਹ ਪ੍ਰੋਗਰਾਮ 100 ਦਿਨ ਤੱਕ ਚਲੇਗਾ ਅਤੇ ਇਸ ਵਿਚ ਦੇਸ਼ ਭਰ ਦੇ 100 ਜ਼ਿਲ੍ਹਿਆਂ ਨੂੰ ਕਵਰ ਕੀਤਾ ਜਾਵੇਗਾ। ਪੰਜਾਬ ਦੇ ਲੁਧਿਆਣਾ, ਬਰਨਾਲਾ, ਜਲੰਧਰ ਅਤੇ ਕਪੂਰਥਲਾ ਜ਼ਿਲੇ ਦੇਸ਼ ਦੇ ਇਨ੍ਹਾਂ 100 ਜ਼ਿਲ੍ਹਿਆਂ ਵਿਚ ਸ਼ਾਮਲ ਹਨ।ਕੇਂਦਰੀ ਖੁਰਾਕ ਪ੍ਰੋਸੈਸਿੰਗ ਸਨਅਤ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਇਸ ਸਬੰਧ ਵਿਚ ਜਲੰਧਰ ਦੇ ਐਚ.ਐਮ.ਵੀ ਕਾਲਜ ਵਿਚ ਹੋਏ ਇਕ ਸਮਾਰੋਹ ਦੀ ਪ੍ਰਧਾਨਗੀ ਕੀਤੀ।ਵੱਖ-ਵੱਖ ਸੂਖਮ, ਛੋਟੇ ਅਤੇ ਦਰਮਿਆਨੇ ਖੇਤਰ ਦੇ ਉਦਮੀਆਂ ਨੇ ਵੱਡੀ ਗਿਣਤੀ ਵਿਚ ਸਮਾਰੋਹ ਵਿੱਚ ਹਿੱਸਾ ਲਿਆ।
ਸਮਾਰੋਹ ਦੀ ਪ੍ਰਧਾਨਗੀ ਕਰਦੇ ਹੋਏ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਅੱੱਜ ਐਮ.ਐਸ.ਐਮ.ਈ ਖੇਤਰ ਲਈ ਇਤਿਹਾਸਕ ਦਿਨ ਹੈ ਕਿਉਂਕਿ ਪ੍ਰਧਾਨ ਮੰਤਰੀ ਨੇ ਜਿਸ ਪਹਿਲਕਦਮੀ ਦੀ ਸ਼ੁਰੂਆਤ ਕੀਤੀ ਹੈ, ਉਸ ਨਾਲ ਐਮ.ਐਸ.ਐਮ.ਈ ਦਾ ਵਿਕਾਸ ਹੋਵੇਗਾ।ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਲੀਡਰਸ਼ਿਪ ਹੇਠ ਭਾਰਤ ਨੇ ਹਰ ਖੇਤਰ ਵਿੱਚ ਸਰਬ-ਪੱਖੀ ਤਰੱਕੀ ਕੀਤੀ ਹੈ।ਇਸ ਤੋਂ ਇਲਾਵਾ ਸਿੱਧੇ ਵਿਦੇਸ਼ੀ ਨਿਵੇਸ਼ (ਐਫ.ਡੀ.ਆਈ) ਦੀ ਆਮਦ ਵਧੀ ਹੈ ਅਤੇ ਦੇਸ਼ ਦਾ ਵਕਾਰ ਦੁਨੀਆ ਵਿੱਚ ਉਚਾ ਹੋਇਆ ਹੈ ਅਤੇ ਇਸ ਦੇ ਨਾਲ ਹੀ ਭਾਰਤ ਵਿਸ਼ਵ ਬੈਂਕ ਦੀ ਈਜ਼ ਆਫ ਡੂਇੰਗ ਰੈਂਕਿੰਗ ਵਿੱਚ 77ਵੇਂ ਸਥਾਨ ਉੱਤੇ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਕਿ ਖੁਰਾਕ ਪ੍ਰੋਸੈਸਿੰਗ ਮੰਤਰਾਲਾ ਵਿੱਚ ਵਿਦੇਸ਼ੀ ਸਿੱਧਾ ਨਿਵੇਸ਼ ਚਾਰ ਸਾਲਾਂ ਵਿੱਚ ਦੁੱਗਣਾ ਹੋ ਗਿਆ ਹੈ।ਉਨ੍ਹਾਂ ਕਿਹਾ ਕਿ ਦੇਸ਼ ਦੀ ਜੀ.ਡੀ.ਪੀ ਦਿਨ ਪ੍ਰਤੀਦਿਨ ਵਧ ਰਹੀ ਹੈ ਅਤੇ ਕੇਂਦਰ ਸਰਕਾਰ ਦੀਆਂ ਸਨਅਤਕਾਰਾਂ ਪੱਖੀ ਨੀਤੀਆਂ ਕਾਰਣ ਨਿਵੇਸ਼ਕ ਦਿਲਚਸਪੀ ਵਿਖਾਉਣ ਲੱਗੇ ਹਨ।
ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਜੀ.ਐਸ.ਟੀ ਨੂੰ ਦੇਸ਼ ਵਿੱਚ ਇਕ ਕ੍ਰਾਂਤੀਕਾਰੀ ਕਦਮ ਦੱਸਿਆ ਅਤੇ ਕਿਹਾ ਕਿ ਇਸ ਨੇ ਇੱਕ ਰਾਸ਼ਟਰ -ਇੱਕ ਟੈਕਸ ਦੇ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਕਿਹਾ ਕਿ ਯਕੀਨੀ ਤੌਰ `ਤੇ ਜੀ.ਐਸ.ਟੀ ਦਾ ਆਉਣ ਵਾਲੇ ਸਾਲਾਂ ਵਿੱਚ ਦੇਸ਼ ਨੂੰ ਲਾਭ ਹੋਵੇਗਾ ਅਤੇ ਇਸ ਨਾਲ ਦੇਸ਼ ਦੀ ਪ੍ਰਗਤੀ ਵੀ ਹੋਵੇਗੀ।ਉਨ੍ਹਾਂ ਕਿਹਾ ਕਿ 1500 ਕਰੋੜ ਰੁਪਏ ਮੁੱਲ ਦੇ 40 ਨਵੇਂ ਪ੍ਰਾਜੈਕਟ ਉਹ ਪੰਜਾਬ ਲੈ ਕੇ ਆਏ ਹਨ, ਜਿਸ ਨਾਲ ਤਕਰੀਬਨ 30 ਹਜ਼ਾਰ ਲੋਕਾਂ ਨੂੰ ਯਕੀਨੀ ਤੌਰ `ਤੇ ਰੁਜ਼ਗਾਰ ਮਿਲੇਗਾ।