Monday, December 23, 2024

ਪਟਿਆਲਾ ਹਾਊਸ ਕੋਰਟ ਵਲੋਂ 1984 ਕਤਲੇਆਮ ਮਾਮਲੇ ’ਚ 2 ਦੋਸ਼ੀ ਕਰਾਰ

ਦਿੱਲੀ ਕਮੇਟੀ ਨੇ ਦੋਸ਼ੀਆਂ ਲਈ ਫਾਂਸੀ ਦੀ ਕੀਤੀ ਮੰਗ
ਨਵੀਂ ਦਿੱਲੀ, 14 ਨਵੰਬਰ (ਪੰਜਾਬ ਪੋਸਟ ਬਿਊਰੋ) – ਦਿੱਲੀ ਦੀ ਪਟਿਆਲਾ ਹਾਊਸ ਕੋਰਟ ਦੇ ਜੱਜ ਅਜੈ ਪਾਂਡੇ ਨੇ ਅੱਜ ਇਤਿਹਾਸਕ ਫੈਸਲਾ ਸੁਣਾਉਂਦੇ ਹੌਏ 1984 ਸਿੱਖ ਕਤਲੇਆਮ ਦੇ ਇੱਕ ਮਾਮਲੇ ’ਚ ਯਸ਼ਪਾਲ ਸਿੰਘ ਅਤੇ ਨਰੇਸ਼ ਸ਼ਹਿਰਾਵਤ ਨੂੰ ਦੋਸ਼ੀ ਕਰਾਰ ਦਿੱਤਾ। ਦੋਸ਼ੀ ਕਰਾਰ ਦੇਣ ਤੋਂ ਬਾਅਦ ਦੋਨੋਂ ਦੋਸ਼ੀਆਂ ਨੂੰ ਪੁਲਿਸ ਨੇ ਹਿਰਾਸਤ ’ਚ ਲੈ ਕੇ ਤਿਹਾੜ ਜੇਲ੍ਹ ਭੇਜ ਦਿੱਤਾ ਹੈ।ਦੋਸ਼ੀ ਕਰਾਰ ਦਿੱਤੇ ਗਏ ਦੋਨੌਂ ਮੁਜਰਿਮਾ ਨੂੰ 15 ਨਵੰਬਰ ਦੁਪਹਿਰ ਬਾਅਦ ਸਜਾ ਸੁਣਾਈ ਜਾਵੇਗੀ।ਦਰਅਸਲ ਇੰਦਰਾ ਗਾਂਧੀ ਦੇ ਕਤਲ ਉਪਰੰਤ ਦਿੱਲੀ ਵਿਖੇ ਹੋਏ ਸਿੱਖ ਕਤਲੇਆਮ ਦੌਰਾਨ ਮਹੀਪਾਲਪੁਰ ਵਿਖੇ ਹਰਦੇਵ ਸਿੰਘ ਤੇ ਅਵਤਾਰ ਸਿੰਘ ਦਾ ਕਤਲ ਅਤੇ ਸੰਗਤ ਸਿੰਘ ਤੇ ਕੁਲਦੀਪ ਸਿੰਘ ਨੂੰ ਭੀੜ ਨੇ ਫੱਟੜ ਕਰਕੇ ਇਨ੍ਹਾਂ ਦੀਆਂ ਦੁਕਾਨਾਂ ਨੂੰ ਅੱਗ ਲਗਾ ਦਿੱਤੀ ਸੀ।ਅਵਤਾਰ ਸਿੰਘ ਫੋਜ਼ ’ਚ ਕੰਮ ਕਰਦਾ ਸੀ ।
   PPN1411201804 ਮਿਲੀ ਜਾਣਕਾਰੀ ਅਨੁਸਾਰ ਇਸ ਮਾਮਲੇ ’ਚ ਹਰਦੇਵ ਸਿੰਘ ਦੇ ਵੱਡੇ ਭਰਾ ਸੰਤੋਖ ਸਿੰਘ ਨੇ ਜਸਟਿਸ ਰੰਗਨਾਥ ਮਿਸ਼ਰਾ ਦੇ ਸਾਹਮਣੇ 9 ਸਤੰਬਰ 1985 ਨੂੰ ਹਲਫ਼ਨਾਮਾ ਦਾਇਰ ਕਰਕੇ ਮਾਮਲੇ ਬਾਰੇ ਸਾਰੀ ਜਾਣਕਾਰੀ ਦਿੱਤੀ ਸੀ। ਪਰ ਉਸ ਵੇਲੇ ਧਰਮਪਾਲ ਅਤੇ ਨਰੇਸ਼ ਨੇ ਉਸਨੂੰ ਰਿਵਾਲਵਰ ਦਿਖਾ ਕੇ ਚੁੱਪ ਕਰਾ ਦਿੱਤਾ ਸੀ। ਜਿਸ ਤੋਂ ਬਾਅਦ ਜਸਟਿਸ ਜੇ.ਡੀ.ਜੈਨ ਅਤੇ ਡੀ.ਕੇ. ਅੱਗਰਵਾਲ ਦੀ ਕਮੇਟੀ ਦੀ ਸਿਫ਼ਾਰਸ ’ਤੇ ਐਫ.ਆਈ.ਆਰ ਨੰਬਰ 141/1993 ਮਿਤੀ 20 ਅਪ੍ਰੈਲ 1993 ਨੂੰ ਦਰਜ ਕੀਤੀ ਗਈ ਸੀ।ਇਸ ਤੋਂ ਬਾਅਦ ਮੌਜੂਦਾ ਕੇਂਦਰ ਸਰਕਾਰ ਵੱਲੋਂ 2015 ’ਚ ਬਣਾਈ ਗਈ ਐਸ.ਆਈ.ਟੀ ਦੇ ਸਾਹਮਣੇ ਦਿੱਲੀ ਕਮੇਟੀ ਵੱਲੋਂ ਇਸ ਮਾਮਲੇ ਨੂੰ ਰੱਖਿਆ ਗਿਆ।ਜਿਸ ਦੇ ਨਤੀਜੇ ਵੱਜੋਂ 34 ਸਾਲ ਪੁਰਾਣੇ ਮਾਮਲੇ ’ਚ 2 ਬੰਦੇ ਦੋਸ਼ੀ ਕਰਾਰ ਦਿੱਤੇ ਗਏ ਹਨ।1984-Hardev Singh
    ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕੋਰਟ ਦੇ ਫੈਸਲੇ ਦਾ ਸੁਆਗਤ ਕਰਦੇ ਹੋਏ ਦੋਸ਼ੀਆਂ ਨੂੰ ਫਾਂਸੀ ਦੇਣ ਦੀ ਮੰਗ ਕੀਤੀ।ਕਮੇਟੀ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜੀ.ਕੇ ਨੇ ਕਿਹਾ ਕਿ 1984 ਕਤਲੇਆਮ ਤੋਂ ਬਾਅਦ ਇਨਸਾਫ਼ ਦਾ ਵੀ ਕਤਲ ਹੋਇਆ। 15 ਹਜਾਰ ਐਫ.ਆਈ.ਆਰ ਦਰਜ ਕਰਨ ਦੀ ਥਾਂ ਦਿੱਲੀ ਵਿਖੇ ਸਿਰਫ 587 ਐਫ.ਆਈ.ਆਰ ਦਰਜ ਹੋਈ, ਜਦਕਿ 241 ਐਫ.ਆਈ.ਆਰ. ਦੇ ਮਾਮਲੇ ’ਚ ਜਾਂਚ ਹੀ ਨਹੀਂ ਹੋਈ।11 ਕਮਿਸ਼ਨ ਅਤੇ ਕਮੇਟੀਆਂ ਦੀ ਜਾਂਚ ਦੇ ਬਾਵਜੂਦ ਵੱਡੇ ਮਗਰਮੱਛ ਅੱਜੇ ਵੀ ਫਾਂਸੀ ਦੇ ਫੰਦੇ ਤੋਂ ਦੂਰ ਹਨ।ਮੀਿਪਾਲਪੁਰ ਦੇ ਉਕਤ ਮਾਮਲੇ ’ਚ ਨਤੀਜਾ ਸਾਹਮਣੇ ਆਉਣ ਦਾ ਮੁਖ ਕਾਰਨ ਤ੍ਰਿਲੋਕ ਸਿੰਘ, ਸੰਗਤ ਸਿੰਘ ਅਤੇ ਕੁਲਦੀਪ ਸਿੰਘ ਵੱਲੋਂ ਬਿਨਾਂ ਡਰੇ, ਬਿਨਾ ਵਿਕੇ ਅਤੇ ਬਿਨਾਂ ਝੁੱਕੇ ਡੱਟ ਕੇ ਪੈਰਵੀ ਕਰਨਾ ਮੁਖ ਕਾਰਨ ਰਿਹਾ ਹੈ।
    ਜੀ.ਕੇ ਨੇ ਕਿਹਾ ਕਿ ਇਸ ਮਾਮਲੇ ’ਚ 9 ਸਾਲ ਬਾਅਦ ਐਫ.ਆਈ.ਆਰ ਦਰਜ ਹੋਈ ਅਤੇ ਉਸ ਦੇ 25 ਸਾਲ ਬਾਅਦ ਹੁਣ 2 ਬੰਦੇ ਦੋਸ਼ੀ ਕਰਾਰ ਹੋਏ ਹਨ।ਜਦਕਿ ਭੀੜ ਦੀ ਅਗਵਾਈ ਕਰ ਰਿਹਾ ਮੁੱਖ ਕਾਂਗਰਸੀ ਆਗੂ ਜੇ.ਪੀ ਇਸ ਮਾਮਲੇ ’ਚ ਦੋਸ਼ੀ ਕਰਾਰ ਹੋਣ ਤੋਂ ਬੱਚ ਗਿਆ ਹੈ।ਜੇ.ਪੀ ਦੇ ਖਿਲਾਫ਼ ਛੇਤੀ ਹੀ ਅਸੀਂ ਉਪਰਲੀ ਅਦਾਲਤ ’ਚ ਅਪੀਲ ਲਗਾਵਾਂਗੇ।ਜੀ.ਕੇ ਨੇ ਦੇਸ਼-ਵਿਦੇਸ਼ ’ਚ ਬੈਠੇ ਕਤਲੇਆਮ ਦੇ ਗਵਾਹਾਂ ਨੂੰ ਅੱਗੇ ਆਉਣ ਦਾ ਸੱਦਾ ਦਿੰਦੇ ਹੋਏ ਹਰ ਪ੍ਰਕਾਰ ਦਾ ਸਹਿਯੋਗ ਕਮੇਟੀ ਵੱਲੋਂ ਦੇਣ ਦਾ ਐਲਾਨ ਕੀਤਾ।ਜੀ.ਕੇ ਨੇ ਕਿਹਾ ਕਿ ਜਿਵੇਂ ਇਸ ਪਰਿਵਾਰ ਨੂੰ ਦਿੱਲੀ ਕਮੇਟੀ ਨੇ ਹਰ ਤਰੀਕੇ ਨਾਲ ਮਦਦ ਦਿੱਤੀ ਹੈ, ਉਸੇ ਤਰ੍ਹਾਂ ਹੀ ਦਲੇਰੀ ਨਾਲ ਖੜੇ ਹੋਣ ਵਾਲੇ ਗਵਾਹਾਂ ਨਾਲ ਕਮੇਟੀ ਖੜੀ ਹੋਵੇਗੀ।
     ਸਿਰਸਾ ਨੇ ਅੱਜ ਦੇ ਅਦਾਲਤ ਦੇ ਫੈਸਲੇ ਨੂੰ ਦਿੱਲੀ ਕਮੇਟੀ ਦੀ ਵੱਡੀ ਪ੍ਰਾਪਤੀ ਦੱਸਦੇ ਹੋਏ ਕਿਹਾ ਕਿ 2013 ਤੋਂ ਸੇਵਾ ਸੰਭਾਲ ਕਰ ਰਹੀ ਕਮੇਟੀ ਨੂੰ 6 ਸਾਲ ਬਾਅਦ ਇਹ ਪ੍ਰਾਪਤੀ ਮਿਲੀ ਹੈ।ਸਿਰਸਾ ਨੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ ਨੂੰ ਛੇਤੀ ਹੀ ਫਾਂਸੀ ਦੇ ਫੰਦੇ ਤੱਕ ਪਹੁੰਚਣ ਦੀ ਉਮੀਦ ਜਤਾਉਂਦੇ ਹੋਏ ਕਿਹਾ ਕਿ ਜਿਸ ਦਿਨ ਸੱਜਣ ਅਤੇ ਟਾਈਟਲਰ ਕਾਨੂੰਨੀ ਸ਼ਿਕੰਜੇ ’ਚ ਆਉਣਗੇ ਉਸ ਦਿਨ ਉਹ ਗਾਂਧੀ ਪਰਿਵਾਰ ਦਾ ਨਾਂ ਇਸ ਕਤਲੇਆਮ ਲਈ ਜਰੂਰ ਲੈਣਗੇ। ਹੁਣ ਉਹ ਦਿਨ ਨਜ਼ਦੀਕ ਹੈ, ਜਦੋਂ ਦੇਸ਼ ਨੂੰ ਪੱਤਾ ਚੱਲੇਗਾ ਕਿ ਸਿੱਖ ਕੌਮ ਸੁੱਤੀ ਹੋਈ ਨਹੀਂ ਹੈ, ਸਗੋਂ ਇਨਸਾਫ਼ ਲੈਣਾ ਜਾਣਦੀ ਹੈ।
    ਸਿਰਸਾ ਨੇ ਐਸ.ਆਈ.ਟੀ ਬਣਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਰਾਜਨਾਥ ਦਾ ਧੰਨਵਾਦ ਕਰਦੇ ਹੋਏ ਦਿੱਲੀ ਕਮੇਟੀ ਦੇ ਵਕੀਲ ਗੁਰਬਖਸ਼ ਸਿੰਘ ਵੱਲੋਂ ਮਾਮਲੇ ਨੂੰ ਅੰਜਾਮ ’ਤੇ ਪਹੁੰਚਾਉਣ ਲਈ ਧੰਨਵਾਦ ਵੀ ਕੀਤਾ।ਸਿਰਸਾ ਨੇ ਕਿਹਾ ਕਿ ਸਾਡੇ ਵਕੀਲ ਇਸ ਮਾਮਲੇ ’ਚ ਅਦਾਲਤ ਦੇ ਅੱਗੇ ਦੋਸ਼ੀਆਂ ਨੂੰ ਫਾਂਸੀ ਦੇਣ ਦੀ ਮੰਗ ਕਰਨਗੇ।ਇੱਕ ਸਵਾਲ ਦੇ ਜਵਾਬ ’ਚ ਸਿਰਸਾ ਨੇ ਮੰਨਿਆ ਕਿ ਇੱਕਲੀ ਐਸ.ਆਈ.ਟੀ ਕੁੱਝ ਨਹੀਂ ਕਰ ਸਕਦੀ ਜਦ ਤਕ ਗਵਾਹ ਦਲੇਰੀ ਨਾਲ ਅਦਾਲਤ ’ਚ ਖੜੇ ਨਹੀਂ ਹੋਣਗੇ।ਇਸ ਮੌਕੇ ਇਸ ਮਾਮਲੇ ਦੇ ਗਵਾਹ ਤ੍ਰਿਲੋਕ ਸਿੰਘ, ਸੰਗਤ ਸਿੰਘ, ਕੁਲਦੀਪ ਸਿੰਘ, ਦਿੱਲੀ ਕਮੇਟੀ ਮੈਂਬਰ ਚਮਨ ਸਿੰਘ, ਵਿਕਰਮ ਸਿੰਘ ਰੋਹਿਣੀ ਅਤੇ ਕਾਨੂੰਨੀ ਵਿਭਾਗ ਦੇ ਚੇਅਰਮੈਨ ਜਸਵਿੰਦਰ ਸਿੰਘ ਜੌਲੀ ਮੌਜੂਦ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply