Monday, May 20, 2024

ਪ੍ਰਸ਼ਾਸ਼ਨ ਦੇ ਭਰੋਸੇ ਬਾਅਦ ਬਾਬਾ ਦਰਸ਼ਨ ਸਿੰਘ ਵਲੋਂ ਭੁੱਖ ਹੜਤਾਲ ਸਮਾਪਤ

PPN260208

ਅੰਮ੍ਰਿਤਸਰ, 26  ਫਰਵਰੀ (ਨਰਿੰਦਰ ਪਾਲ ਸਿੰਘ)- ਅੰਮ੍ਰਿਤਸਰ-ਤਰਨਤਾਰਨ ਮਾਰਗ ਸਥਿਤ ਸਿੱਖ ਸ਼ਹੀਦ ਪ੍ਰੀਵਾਰ ਕਲੋਨੀ ਉਪਰ ਸ੍ਰੀ ਅਲਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਪੂਰਨ ਸਿੰਘ ਵਲੋਂ ਕੀਤੇ ਨਜਾਇਜ ਕਬਜੇ ਹਟਾਏ ਜਾਣ ਤੇ ਇਸ ਕਲੋਨੀ ਨੂੰ ਪੂਰੀ ਤਰ੍ਹਾਂ ਵਿਕਸਤ ਕਰਕੇ, ਨਵੰਬਰ 84 ਸਿੱਖ ਕਤਲੇਆਮ ਦੀਆਂ ਅਜੇ ਵੀ ਬੇਘਰ ਵਿਧਵਾਵਾਂ ਨੂੰ ਸੌਪੇ ਜਾਣ ਦੀ ਮੰਗ ਨੂੰ ਲੈਕੇ ਬਾਬਾ ਦਰਸ਼ਨ ਸਿੰਘ ਦੁਆਰਾ 23 ਫਰਵਰੀ ਨੂੰ ਸ਼ੁਰੂ ਕੀਤੀ ਗਈ ਭੁੱਖ  ਹੜਤਾਲ ਬੀਤੀ ਰਾਤ ਹੀ ਪ੍ਰਸ਼ਾਸ਼ਨ ਦੇ ਭਰੋਸੇ ਬਾਅਦ ਸਮਾਪਤ ਹੋ ਗਈ ।
ਅੱਜ ਇਥੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਬਾਬਾ ਦਰਸ਼ਨ ਸਿੰਘ, ਕਲਤੇਆਮ ਪੀੜਤਾਂ ਦੀ ਸਹਾਇਤਾ ਲਈ ਗਠਿਤ ਸਾਂਝੀ ਕਮੇਟੀ ਦੇ ਮੈਂਬਰਾਨ ਸ੍ਰ ਕਸ਼ਮੀਰ ਸਿੰਘ ,ਦਲੇਰ ਸਿੰਘ ਪੰਨੂ, ਜਗਮੋਹਨ ਸਿੰਘ ਸ਼ਾਂਤ, ਸੁਖਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਸਬੰਧਤ ਕਲੋਨੀ ਦੇ ਬਾਹਰ 23 ਫਰਵਰੀ ਨੂੰ ਸ਼ੁਰੂ ਕੀਤੀ ਭੁੱਖ ਹੜਤਾਲ ਨੂੰ ਸਮਾਪਤ ਕਰਨ ਲਈ ਐਸ.ਡੀ.ਐਮ. ਮਨਮੋਹਨ ਸਿੰਘ ਕੰਗ ਅਤੇ ਡੀ.ਐਸ.ਪੀ. ਜਸਤਿੰਦਰ ਸਿੰਘ ਨੇ ਇਹ ਕਹਿ ਕੇ ਜੋਰ ਪਾਣਾ ਸ਼ੁਰੂ ਕਰ ਦਿੱਤਾ ਸੀ ਕਿ 24 ਫਰਵਰੀ ਨੂੰ ਇਕ ਕਤਲੇਆਮ ਪੀੜਤ ਭਾਈ ਹਰਪਾਲ ਸਿੰਘ ਉਪਰ ਗਿਆਨੀ ਪੂਰਨ ਸਿੰਘ, ਉਸਦੇ ਪੁਤਰ ਅਜੈ ਸਿੰਘ ,ਤਿੰਨ ਸਰਕਾਰੀ ਗੰਨਮੈਨਾਂ ਦੁਆਰਾ ਕੀਤੇ ਹਮਲੇ ਦੇ ਮਾਮਲੇ ਵਿੱਚ ਪ੍ਰਸ਼ਾਸ਼ਨ ਨੇ ਕੇਸ ਦਰਜ ਕਰ ਲਿਆ ਹੈ, ਜਾਂਚ ਚਲ ਰਹੀ ਹੈ ਤੇ ਗ੍ਰਿਫਤਾਰੀਆਂ ਵੀ ਜਲਦੀ ਹੀ ਹੋ ਜਾਣਗੀਆਂ ।ਬਾਬਾ ਦਰਸ਼ਨ ਸਿੰਘ ਦੁਆਰਾ ਇਨ੍ਹਾਂ ਅਧਿਕਾਰੀਆਂ ਨੇ ਬਾਬਾ ਦਰਸ਼ਨ ਸਿੰਘ ਤੇ ਸਾਂਝੀ ਕਮੇਟੀ ਨੂੰ ਇਹ ਯਕੀਨ ਦਿਵਾਇਆ ਕਿ 1 ਮਾਰਚ ਤੀਕ ਉਹ ਗਿਆਨੀ ਪੂਰਨ ਸਿੰਘ ਵਲੋਂ ਕਲੋਨੀ ਦੇ ਕੁਆਟਰਾਂ ਤੇ ਕੀਤੇ ਨਜਾਇਜ ਕਬਜੇ ਵੀ ਖਤਮ ਕਰਵਾ ਦਿੱਤੇ ਜਾਣਗੇ । ਬਾਬਾ ਦਰਸ਼ਨ ਸਿੰਘ ਨੇ ਦੱਸਿਆ ਕਿ ਪ੍ਰਸ਼ਾਸ਼ਨ ਵਲੋਂ ਯਕੀਨ ਦਿਵਾਏ ਜਾਣ ਤੇ ਦਬਾਅ ਦੀ ਨੀਤੀ ਬਣਾਏ ਰੱਖਣ ਕਾਰਣ ਕਲੋਨੀ ਦੇ ਕੁਝ ਵਸਨੀਕ ਵੀ ਦੋਚਿੱਤੀ ਵਿਚ ਸਨ । ਉਨ੍ਹਾਂ ਦੱਸਿਆ ਕਿ ਦੇਰ ਸ਼ਾਮ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਐਸ.ਪੀ. ਆਰ.ਐਸ.ਸਿੱਧੂ ਨੇ ਭਰੋਸਾ ਦਿਵਾਇਆ ਕਿ ਕਲੋਨੀ ਵਾਸੀ ੧ ਮਾਰਚ ਤੀਕ ਪ੍ਰਸ਼ਾਸ਼ਨ ਨੂੰ ਸਮਾਂ  ਦੇ ਦੇਣ ਜੇਕਰ ਇਸ ਸਮੇਂ ਦੌਰਾਨ ਮਸਲਾ ਹੱਲ ਨਾ ਹੋਇਆ ਤਾਂ  2 ਮਾਰਚ ਤੋਂ ਐਸ.ਪੀ. ਸਿੱਧੂ ਤੇ ਐਸ.ਡੀ.ਐਮ. ਉਨ੍ਹਾਂ ਨੂੰ ਭੁੱਖ ਹੜਤਾਲ ਤੇ ਬੈਠਣ ਤੋਂ ਨਹੀ ਰੋਕਣਗੇ ।
ਪ੍ਰੈਸ ਕਾਨਫਰੰਸ ਦੇ ਦਰਮਿਆਨ ਹੀ ਕਸ਼ਮੀਰ ਸਿੰਘ ਨਾਮੀ ਇਕ ਨਵੰਬਰ 84 ਪੀੜਤ ਅਤੇ ਸੱਜਣ ਕੁਮਾਰ ਮਾਮਲੇ ਦੀ ਪ੍ਰਮੁਖ ਗਵਾਹ ਬੀਬੀ ਜਗਦੀਸ਼ ਕੌਰ ਵੀ ਬਾਬਾ ਦਰਸ਼ਨ ਸਿੰਘ ਦੇ ਫੈਸਲੇ ਤੇ ਪ੍ਰਸ਼ਾਸ਼ਨ ਦੇ ਦਿੱਤੇ ਭਰੋਸੇ ਤੋਂ ਅਸੰਤੁਸ਼ਟ ਨਜਰ ਆਏ । ਬੀਬੀ ਜਗਦੀਸ਼ ਕੌਰ ਨੇ ਤਾਂ ਸਾਫ ਕਹਿ ਦਿੱਤਾ ਕਿ ਉਨ੍ਹਾਂ ਨੂੰ ਇਨਸਾਫ ਦਾ ਭਰੋਸਾ ਤਾਂ ਕਈ ਜਿਲ੍ਹਾਂ ਤੇ ਸਰਕਾਰਾਂ ਦੇ ਪ੍ਰਸ਼ਾਸ਼ਨ ਪਿੱਛਲੇ ੨੯ ਸਾਲਾਂ ਤੋਂ ਦੇ ਰਹੇ ਹਨ । ਕਸ਼ਮੀਰ ਸਿੰਘ ਦਾ ਕਹਿਣਾ ਸੀ ਕਿ ਪ੍ਰਸ਼ਾਸ਼ਨ ਦਾ ਭਰੋਸਾ ਸਿਰਫ ਇਕ ਛਲਾਵਾ ਹੈ, ਸਾਂਝੀ ਕਮੇਟੀ ਸਿਰਫ ਬਾਬਾ ਦਰਸ਼ਨ ਸਿੰਘ ਦਾ ਸਾਥ ਦੇਣ ਲਈ ਬਣੀ ਸੀ ਜੇਕਰ ਬਾਬਾ ਦਰਸ਼ਨ ਸਿੰਘ ਨੂੰ ਹੀ ਕਲੋਨੀ ਵਾਸੀਆਂ ਤੇ ਵਿਸ਼ਵਾਸ਼ ਨਹੀ ਰਿਹਾ ਤਾਂ ਇਸ ਵਿੱਚ ਸਾਡਾ ਕੀ ਕਸੂਰ ਹੈ ।ਉਸਦਾ ਤਰਕ ਸੀ ਕਿ ਇਸ ਸ਼ਹੀਦ ਸਿੱਖ ਕਲੋਨੀ ਦੇ ਵਸਨੀਕ ਸਾਲ 2006 ਤੋਂ ਇਨਸਾਫ ਦੀ ਆਸ ਵਿੱਚ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ।
ਜਿਕਰਯੋਗ ਹੈ ਕਿ 23 ਫਰਵਰੌ ਨੂੰ ਭੁੱਖ ਹੜਤਾਲ ਤੇ ਬੈਠਣ ਸਮੇਂ ਬਾਬਾ ਦਰਸ਼ਨ ਸਿੰਘ ਨੇ ਯਕੀਨ ਦਿਵਾਇਆ ਸੀ ਕਿ ਉਹ ਮੰਗਾਂ ਦੀ ਪੂਰਤੀ ਤੀਕ ਭੁੱਖ ਹੜਤਾਲ ਜਾਰੀ ਰੱਖਣਗੇ ਲੇਕਿਨ ਬੀਤੀ ਰਾਤ ਅਚਨਚੇਤ ਹੀ ਪ੍ਰਸ਼ਾਸ਼ਨ ਦੇ ਭਰਮਜਾਲ ਵਿਚ ਆਕੇ ਭੁਖ ਹੜਤਾਲ ਖਤਮ ਕਰਨ ਨਾਲ ਉਨ੍ਹਾਂ ਦੇ ਆਪਣੇ ਸਾਥੀ ਹੀ ਕਿਨਾਰਾ ਕਰਦੇ ਸਾਫ ਨਜਰ ਆਏ ।
ਦੂਸਰੇ ਪਾਸੇ ਸਾਂਝੀ ਕਮੇਟੀ ਦੇ ਕੁਝ ਨੇੜਲੇ ਸੂਤਰਾਂ ਦਾ ਕਹਿਣਾ ਹੈ ਕਿ ਨਵੰਬਰ 84  ਦੇ ਕਤਲੇਆਮ ਪੀੜਤਾਂ ਵਲੋਂ ਗਿਆਨੀ ਪੂਰਨ ਸਿੰਘ ਖਿਲਾਫ ਵਿੱਢੀ ਇਸ ਮੁਹਿੰਮ ਦੇ ਪਹਿਲੇ ਪੜਾਅ ਵਿਚ ਗਿਆਨੀ ਪੂਰਨ ਸਿੰਘ ਦੇ ਪੁਤਰ ਅਜੈ ਸਿੰਘ ਨੇ ਹੀ ਟੈਲੀਫੂਨ ਤੇ ਕੁਝ ਪੀੜਤਾਂ  ਨਾਲ ਰਾਬਤਾ ਕਾਇਮ ਕੀਤਾ,ਜਦ ਕੁਝ ਵੀ ਹਾਸਿਲ ਨਾ ਹੋਇਆ ਤਾਂ ਹਰਪਾਲ ਸਿੰਘ ਤੇ ਹਮਲਾ ਕਰਕੇ ਪ੍ਰਸ਼ਾਸ਼ਨ ਨੂੰ ਇਹ ਸੰਕੇਤ ਦੇ ਦਿੱਤਾ ਕਿ ਭੁੱਖ ਹੜਤਾਲ ਅਮਨ ਸ਼ਾਂਤੀ ਭੰਗ ਕਰਨ ਦਾ ਕਾਰਣ ਬਣੀ ਹੈ । ਦੂਸਰੇ ਪਾਸੇ ੨੪ ਤਰੀਕ ਨੂੰ ਗਿਆਨੀ ਪੂਰਨ ਸਿਸੰਘ ਦੇ ਪ੍ਰੀਵਾਰ ਵਲੋਂ ਭਾਈ ਹਰਪਾਲ ਸਿੰਘ ਉਪਰ ਕੀਤੇ ਗਏ ਹਮਲੇ ਬਾਅਦ, ਕਿਸਾਨਾਂ ਦੀ ਇਕ ਹਮਦਰਦ ਯੂਨੀਅਨ ਦੇ ਕੁਝ ਆਗੂ ,ਇਸ ਭੁੱਖ ਹੜਤਾਲ ਕੈਂਪਸ ਦੇ ਨੇੜੇ ਘੁੰਮਣ ਲੱਗ ਪਏ ਸਨ । ਬੀਤੇ ਕੱਲ੍ਹ ਵੀ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਬਾਬਾ ਦਰਸ਼ਨ ਸਿੰਘ ਨੂੰ ਇਹ ਕਹਿ ਕੇ ਭਰੋਸੇ ਵਿੱਚ ਲਿਆ ਸੀ ‘ਇਨ੍ਹਾਂ ਦੀ ਹੀ ਗੱਲ ਕਰ ਲਵੋ, ਇਹ ਸਾਡੇ ਪਾਸੋਂ ਕੰਮ ਕਰਾਉਂਦੇ ਹੀ ਰਹਿੰਦੇ ਹਨ’। ਜਾਣਕਾਰਾਂ ਅਨੁਸਾਰ ਕਿਸਾਨਾਂ ਦੇ ਇਹ ਅਖੌਤੀ ਹਮਦਰਦ ਹੀ ਨਵੰਬਰ ੮੪ ਪੀੜਤਾਂ ਦੀ ਹੜਤਾਲ ਖਤਮ ਕਰਾਉਣ ਲਈ ਪ੍ਰਸ਼ਾਸ਼ਨ ਨੇ ਮੋਹਰੇ ਵਜੋਂ ਵਰਤੇ ।ਪ੍ਰਸ਼ਾਸ਼ਨ ੧ ਮਾਰਚ ਤੀਕ ਮਸਲਾ ਹੱਲ ਕਰਨ ਦਾ ਕੀਤਾ ਹੋਇਆ ਵਾਅਦਾ ਕਿਤਨਾ ਕੁ ਨਿਭਾਉਂਦਾ ਹੈ ਇਹ ਤਾਂ ਸਮਾਂ ਹੀ ਦਸੇਗਾ ਲੇਕਿਨ ਫਿਲਹਾਲ ਨਵੰਬਰ ੮੪ ਸਿੱਖ ਕਤਲੇਆਮ ਪੀੜਤਾਂ ਵਲੋਂ ਇਨਸਾਫ ਲਈ ਆਰੰਭੀ ਇਕ ਹੋਰ ਮੁਹਿੰਮ ਫਿਲਹਾਲ ਠੰਡੇ ਬਸਤੇ ਪੈ ਗਈ ਹੈ।ਜਿਕਰਯੋਗ ਤਾਂ ਇਹ ਵੀ ਹੈ ਕਿ ਇਸ ਸ਼ਹੀਦ ਸਿੱਖ ਕਲੋਨੀ ਦੇ ਵਸਨੀਕ ਸਾਲ 2006 ਤੋਂ ਇਨਸਾਫ ਦੀ ਆਸ ਵਿੱਚ ਦਰਦਰ ਦੀਆਂ ਠੋਕਰਾਂ ਖਾ ਰਹੇ ਹਨ।

Check Also

ਗੁਰੂ ਨਾਨਕ ਦੇਵ ਮੈਡੀਕਲ ਕਾਲਜ ਨੂੰ ਏਮਜ਼ ‘ਚ ਤਬਦੀਲ ਕੀਤਾ ਜਾਵੇਗਾ – ਸੰਧੂ ਸਮੁੰਦਰੀ

ਅੰਮ੍ਰਿਤਸਰ, 19 ਮਈ (ਸੁਖਬੀਰ ਸਿੰਘ) – ਡਾ: ਹਰਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਮਾਹਿਰ ਡਾਕਟਰਾਂ …

Leave a Reply