Thursday, November 21, 2024

ਜਿਲ੍ਹੇ ਦੇ 100 ਪਿੰਡਾਂ `ਚ ਸ਼ੁਰੂ ਹੋਏ ਬੇਟੀ ਬਚਾਓ-ਬੇਟੀ ਪੜਾਓ ਕੈਂਪ

ਅੰਮ੍ਰਿਤਸਰ, 8 ਜਨਵਰੀ (ਪੰਜਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਅੰਮ੍ਰਿਤਸਰ ਜਿਲੇ੍ਹ ਦੇ ਪਿੰਡਾਂ ਵਿਚ ਲੜਕਿਆਂ ਦੇ ਮੁਕਾਬਲੇ ਲੜਕੀਆਂ ਦਾ ਲਿੰਗ ਅਨੁਪਾਤ PUNJ0801201912ਘੱਟ ਜਾਣ ਨੂੰ ਬੜੀ ਗੰਭੀਰਤਾ ਨਾਲ ਲੈਂਦੇ ਹੋਏ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਦੀ ਅਗਵਾਈ ਹੇਠ 100 ਪਿੰਡਾਂ ਵਿਚ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਵਿਚ ਬੇਟੀ ਬਚਾਉ-ਬੇਟੀ ਪੜਾਓ ਦੀ ਜੋ ਮੁਹਿੰਮ ਚਲਾਈ ਜਾ ਰਹੀ ਹੈ, ਉਹ ਵੀ ਮਹਿਲਾ ਅਧਿਕਾਰੀਆਂ ਦੀ ਅਗਵਾਈ ਹੇਠ ਕੰਮ ਕਰ ਰਹੀ ਹੈ, ਤਾਂ ਜੋ ਧੀਆਂ ਨੂੰ ਸਮਾਜ ਵਿਚ ਮਿਲੇ ਰੁਤਬੇ ਅਤੇ ਉਨਾਂ ਦੀ ਮਿਹਨਤ ਨੂੰ ਲੱਗੇ ਫਲ ਨੂੰ ਵੇਖ ਕੇ ਧੀਆਂ ਦੀ ਸਾਂਭ-ਸੰਭਾਲ ਦੀ ਪ੍ਰੇਰਣਾ ਲੈ ਸਕਣ।
        ਮੁਹਿੰਮ ਦੀ ਅਗਵਾਈ ਸਹਾਇਕ ਕਮਿਸ਼ਨਰ ਸ਼ਿਕਾਇਤਾਂ ਸ੍ਰੀਮਤੀ ਅਲਕਾ ਕਾਲੀਆ (ਪੀ.ਸੀ.ਐਸ) ਨੂੰ ਦਿੱਤੀ ਗਈ ਹੈ ਅਤੇ ਉਨਾਂ ਦਾ ਸਾਥ ਦੇ ਰਹੇ ਹਨ ਜਿਲ੍ਹਾ ਪ੍ਰੋਗਰਾਮ ਅਧਿਕਾਰੀ ਸ੍ਰੀਮਤੀ ਹਰਦੀਪ ਕੌਰ।ਉਕਤ ਮੁਹਿੰਮ ਨੂੰ ਇਸਤਰੀ ਅਤੇ ਬਾਲ ਵਿਭਾਗ ਦੀ ਸਹਾਇਤਾ ਨਾਲ ਪਿੰਡਾਂ ਵਿਚ ਨੇਪਰੇ ਚਾੜਿਆ ਜਾ ਰਿਹਾ ਹੈ, ਜਿਸ ਦਾ ਜ਼ਿਆਦਾ ਵੀ ਇਸਤਰੀ ਅਧਿਕਾਰੀ ਤੇ ਕਰਮਚਾਰੀ ਹਨ।ਉਕਤ ਜਾਗਰੂਕਤਾ ਮੁਹਿੰਮ ਵਿਚ ਸਿਹਤ, ਸਿੱਖਿਆ, ਮਨਰੇਗਾ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੀਡ ਬੈਂਕ, ਜਿਲ੍ਹਾ ਸਕਿਲ ਡਵਿਲਪਮੈਂਟ ਮਿਸ਼ਨ, ਜਿਲ੍ਹਾ ਚਾਈਲਡ ਪ੍ਰੋੋਟੈਕਸਨ ਯੂਨਿਟ ਇਕ ਟੀਮ ਵਜੋਂ ਕੰਮ ਕਰ ਰਹੇ ਹਨ।ਜਾਗਰੂਕਤਾ ਮੁਹਿੰਮ ਤਹਿਤ ਪਿੰਡਾਂ ਵਿਚ ਕੈਂਪ ਲਗਾ ਕੇ ਜਿੱਥੇ ਲੋਕਾਂ ਨੂੰ ਧੀਆਂ ਨੂੰ ਜਨਮ ਦੇਣ ਤੇ ਧੀਆਂ ਨੂੰ ਪੜਾਉਣ ਦਾ ਸੱਦਾ ਦਿੱਤਾ ਜਾ ਰਿਹਾ ਹੈ, ਉਥੇ ਧੀਆਂ ਦੇ ਪਾਲਣ-ਪੋਸ਼ਣ ਅਤੇ ਪੜਾਉਣ ਲਈ ਸਰਕਾਰ ਵੱਲੋਂ ਵਿੱਤੀ ਸਹਾਇਤਾ ਦੇ ਰੂਪ ਵਿਚ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਦੇ ਵੇਰਵੇ ਵੀ ਲੋਕਾਂ ਨਾਲ ਸਾਂਝੇ ਕੀਤੇ ਜਾਂਦੇ ਹਨ। ਪਿੰਡਾਂ ਵਿਚ ਨਾਟਕ ਮੰਡਲੀਆਂ ਵੱਲੋਂ ਧੀਆਂ ਦੀ ਮਹੱਤਤਾ ਦਰਸਾਉਂਦੇ ਨਾਟਕ ਖੇਡੇ ਜਾ ਰਹੇ ਹਨ ਅਤੇ ਬੱਚਿਆਂ ਦੀ ਸਹਾਇਤਾ ਨਾਲ ਜਾਗਰੂਕਤਾ ਰੈਲੀਆਂ ਕੱਢੀਆਂ ਜਾ ਰਹੀਆਂ ਹਨ। ਇਸੇ ਤਰਾਂ ਦਾ ਇਕ ਕੈਂਪ ਬਲਾਕ ਤਰਸਿੱਕਾ ਦੇ ਪਿੰਡ ਮੈਹਣੀਆਂ ਬ੍ਰਾਹਮਣਾਂ ਵਿਖੇ ਲਗਾਇਆ ਗਿਆ।
          ਕੈਂਪ ਵਿਚ ਪਿੰਡ ਦੀਆਂ ਤਿੰਨ ਲੜਕੀਆਂ ਹਰਮਪ੍ਰੀਤ ਕੌਰ (ਪੰਜਾਬ ਪੁਲਿਸ), ਮਨਦੀਪ ਕੌਰ ਕੰਪਿੳੂਟਰ ਸਾਇੰਸ ਗਰੈਜੂਏਟ, ਕੰਵਲਜੀਤ ਕੌਰ ਬੀ ਐਸ ਸੀ ਨਰਸਿੰਗ ਨੂੰ ਵਿਸ਼ੇਸ਼ ਤੌਰ ’ਤੇ ਪਿੰਡ ਦੇ ਮਾਣ ਵਜੋਂ ਸਨਮਾਨਿਤ ਕੀਤਾ ਗਿਆ।6 ਨਵ-ਜੰਮੀਆਂ ਲੜਕੀਆਂ ਦੀਆਂ ਮਾਵਾਂ ਨੂੰ ਧੀਆਂ ਦੇ ਨਾਮ ’ਤੇ ਬਣੀਆਂ ਨੇਮ ਪਲੇਟਾਂ, ਸਰਟੀਫਿਕੇਟ ਤੇ ਧੀਆਂ ਦੀਆਂ ਦਾਦੀਆਂ ਨੂੰ ਵੀ ਸਨਮਾਨ ਚਿੰਨ ਦਿੱਤੇ ਗਏ।ਨਵ-ਜੰਮੀਆਂ ਧੀਆਂ ਦੀ ਲੋਹੜੀ ਵੀ ਮਨਾਈ ਗਈ।
            ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਮਹਿਲਾ ਅਧਿਕਾਰੀ ਸ੍ਰੀਮਤੀ ਅਲਕਾ ਕਾਲੀਆ ਨੇ ਗੁਰਬਾਣੀ ਦੇ ਇਤਹਾਸ ਦੇ ਹਵਾਲੇ ਨਾਲ ਦੱਸਿਆ ਕਿ ਸਮਾਜ ਵਿਚ ਸੰਤੁਲਨ ਕਾਇਮ ਰੱਖਣ, ਪਰਿਵਾਰ ਦੀ ਆਰਥਿਕ ਤਰੱਕੀ ਤੇ ਸਮਾਜਿਕ ਜਿੰਮੇਵਾਰੀ ਨਿਭਾਉਣ ਵਿਚ ਔਰਤ ਦਾ ਕਿੰਨਾ ਯੋਗਦਾਨ ਹੈ। ਉਨਾਂ ਕਿਹਾ ਕਿ ਸਾਨੂੰ ਕੇਵਲ ਲੜਕੀਆਂ ਨੂੰ ਜਨਮ ਦੇਣ ਤੱਕ ਹੀ ਸੀਮਤ ਨਹੀਂ ਰਹਿਣਾ ਚਾਹੀਦਾ, ਬਲਕਿ ਉਸਦੀ ਸਿੱਖਿਆ ਅਤੇ ਪਾਲਣ ਪੋਸ਼ਣ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ, ਤਾਂ ਕਿ ਉਹ ਪੜ੍ਹ-ਲਿਖ ਕੇ ਆਪਣੇ ਪੈਰਾਂ ਉਤੇ ਖੜੀ ਹੋ ਸਕੇ।
          ਜਿਲ੍ਹਾ ਪ੍ਰੋਗਰਾਮ ਅਫਸਰ ਸ੍ਰੀਮਤੀ ਹਰਦੀਪ ਕੌਰ ਨੇ ਇਸ ਮੌਕੇ ਸਰਕਾਰ ਵੱਲੋਂ ਲੜਕੀਆਂ ਲਈ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ, ਜਿਸ ਵਿਚ ਪ੍ਰਧਾਨ ਮੰਤਰੀ ਮਾਤਰਤਵ ਵੰਦਨਾ ਯੋਜਨਾ, ਬੇਬੇ ਨਾਨਕੀ ਲਾਡਲੀ ਬੇਟੀ ਕਲਿਆਣ ਸਕੀਮ ਆਦਿ ਬਾਰੇ ਦੱਸਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਸੀ ਡੀ.ਪੀ.ਓ ਡਾ. ਤਨੂਜਾ ਗੋਇਲ, ਮੈਡੀਕਲ ਅਫਸਰ ਗੁਰਬਾਜ ਸਿੰਘ, ਸਰਬਜੀਤ ਸਿੰਘ ਮੱਲੀ ਤੇ ਹੋਰ ਸਖਸ਼ੀਅਤਾਂ ਵੀ ਹਾਜ਼ਰ ਸਨ।

Check Also

ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …

Leave a Reply