ਸ਼ਬਜੀਆਂ ਦੀ ਪਨੀਰੀ ਤੋਂ ਕਿਸਾਨ ਲੈ ਰਿਹੈ 1 ਲੱਖ ਰੁਪਏ ਮਹੀਨਾ ਆਮਦਨ
ਘੱਟ ਜ਼ਮੀਨਾਂ ਵਾਲੇ ਕਿਸਾਨਾਂ ਨੂੰ ਬਾਗਬਾਨੀ ਕਿੱਤੇ ਨੂੰ ਅਪਨਾਉਣਾ ਚਾਹੀਦਾ ਹੈ ਤਾਂ ਜੋ ਛੋਟੇ ਕਿਸਾਨ ਵੀਰ ਘੱਟ ਜ਼ਮੀਨ ਵਿਚੋਂ ਵੱਧ ਆਮਦਨ ਹਾਸਲ ਕਰ ਸਕਣ।ਉਨਾ ਕਿਹਾ ਕਿ ਜ਼ਿਲ੍ਹਾ ਮਾਨਸਾ ਦੇ ਕਸਬਾ ਭੀਖੀ ਦਾ ਕਿਸਾਨ ਬਿਕਰਮਜੀਤ ਸਿੰਘ ਆਪਣੀ ਦੋ ਏਕੜ ਜ਼ਮੀਨ ਵਿੱਚ ਸਬਜ਼ੀਆਂ ਦੀ ਪਨੀਰੀ ਪੈਦਾ ਕਰਕੇ ਕਰੀਬ ਇਕ ਲੱਖ ਰੁਪਏ ਪ੍ਰਤੀ ਮਹੀਨਾ ਆਮਦਨ ਕਮਾ ਰਿਹਾ ਹੈ।
ਅਗਾਂਹਵਧੂ ਕਿਸਾਨ ਨੇ ਇਸ ਸਮੇਂ ਦੱਸਿਆ ਕਿ ਉਹ ਸਬਜ਼ੀਆਂ ਦੀ ਪਨੀਰੀ ਪੈਦਾ ਕਰਕੇ ਵੇਚਦਾ ਹੈ ਅਤੇ ਉਸ ਨੇ ਦੋ ਕਨਾਲਾਂ ਜ਼ਮੀਨ ਵਿਚ ਫਲਦਾਰ ਪੌਦੇ ਵੀ ਲਗਾਏ ਹੋਏ ਹਨ।ਬਿਕਰਮਜੀਤ ਸਿੰਘ ਨੇ ਦੱਸਿਆ ਕਿ ਉਹ ਦੋ ਏਕੜ ਜ਼ਮੀਨ ਵਿਚ ਪਿਆਜ਼, ਮਿਰਚ, ਫੁੱਲ ਗੋਭੀ, ਮਟਰ, ਬੈਂਗਣ ਤੇ ਟਮਾਟਰ ਦੀ ਪਨੀਰੀ ਤਿਆਰ ਕਰਦਾ ਹੈ। ਕਿਸਾਨ ਨੇ ਦੱਸਿਆ ਕਿ ਉਹ ਡੇਢ ਏਕੜ ਜ਼ਮੀਨ ਵਿਚ ਪਿਆਜ਼ ਦੀ ਪਨੀਰੀ ਉਗਾਉਂਦਾ ਹੈ, ਜਿਸ ਤੇ ਉਸ ਦਾ ਕਰੀਬ 50 ਹਜ਼ਾਰ ਰੁਪਏ ਖ਼ਰਚ ਆਉਂਦਾ ਹੈ।ਪਿਆਜ਼ ਦਾ ਬੀਜ਼ ਉਹ ਖੁਦ ਤਿਆਰ ਕਰਦਾ ਹੈ।ਇਕ ਏਕੜ ਜ਼ਮੀਨ ਵਿਚੋਂ ਲਗਭਗ ਇਕ ਕੁਇੰਟਲ ਬੀਜ ਤਿਆਰ ਹੋ ਜਾਂਦਾ ਹੈ।ਪਨੀਰੀ ਬੀਜਣ ਤੋਂ ਪੁੱਟਣ ਤੱਕ ਉਸ ਦਾ ਲੇਬਰ, ਸਪਰੇਅ, ਸਾਂਭ-ਸੰਭਾਲ ਤੇ ਹੋਰ ਫੁਟਕਲ ਕਰੀਬ 50 ਹਜ਼ਾਰ ਰੁਪਏ ਦਾ ਖਰਚ ਆਉਂਦਾ ਹੈ, ਜਦਕਿ ਉਸ ਨੂੰ ਲਗਭਗ 5 ਲੱਖ ਰੁਪਏ ਦੀ ਆਮਦਨ ਹੁੰਦੀ ਹੈ।
ਕਿਸਾਨ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਉਹ 4 ਕਨਾਲਾਂ ਜ਼ਮੀਨ ਵਿਚ ਮਿਰਚ ਦੀ ਪਨੀਰੀ ਪੈਦਾ ਕਰਦਾ ਹੈ ਜਿਸ ਤੇ ਪ੍ਰਤੀ ਕਨਾਲ ਉਸ ਦਾ ਸਵਾ ਲੱਖ ਰੁਪਏ ਬੀਜ `ਤੇ ਅਤੇ ਕਰੀਬ 10 ਹਜ਼ਾਰ ਰੁਪਏ ਲੇਬਰ ਤੋਂ ਇਲਾਵਾ ਹੋਰ ਫੁਟਕਲ ਖਰਚ ਆਉਂਦਾ ਹੈ ਜਿਸ ਤੋਂ ਉਸ ਨੂੰ ਪ੍ਰਤੀ ਕਨਾਲ 4 ਲੱਖ ਰੁਪਏ ਦੀ ਆਮਦਨ ਹੁੰਦੀ ਹੈ।ਇਸੇ ਤਰਾਂ ਗੋਭੀ ਦੀ ਪਨੀਰੀ ਲਈ ਵੀ ਉਸ ਨੇ 4 ਕਨਾਲਾਂ ਜ਼ਮੀਨ ਰੱਖੀ ਹੋਈ ਹੈ।ਗੋਭੀ ਦੀ ਪਨੀਰੀ ਤਿਆਰ ਕਰਨ ਤੇ ਉਸ ਦਾ ਪ੍ਰਤੀ ਕਨਾਲ-50 ਹਜ਼ਾਰ ਰੁਪਏ ਬੀਜ ਤੇ ਕਰੀਬ 3 ਹਜ਼ਾਰ ਰੁਪਏ ਲੇਬਰ, ਸਪਰੇਅ, ਸਾਂਭ ਸੰਭਾਲ ਤੇ ਹੋਰ ਫੁਟਕਲ ਖ਼ਰਚ ਆਉਂਦਾ ਹੈ, ਜਦ ਕਿ ਉਸ ਨੂੰ ਪ੍ਰਤੀ ਕਨਾਲ 90 ਹਜ਼ਾਰ ਰੁਪਏ ਦੀ ਆਮਦਨ ਹੁੰਦੀ ਹੈ।ਫਲਾਂ ਵਾਲੇ ਕਿੰਨੂ, ਅੰਬ, ਚੀਕੂ, ਅਮਰੂਦ, ਆੜੂ, ਲੀਚੀ, ਸੰਤਰਾ ਅਤੇ ਮੌਸਮੀ ਆਦਿ ਬੂਟਿਆਂ ਤੋਂ ਉਸ ਨੂੰ ਵਧੀਆ ਆਮਦਨ ਹੋ ਜਾਂਦੀ ਹੈ।
ਬਿਕਰਮਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਕੁਲਦੀਪ ਸਿੰਘ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਸਬਜ਼ੀ ਵਿਭਾਗ ਵਿਚ ਨੌਕਰੀ ਕਰਦੇ ਹਨ, ਜਿਸ ਕਰਕੇ ਉਨ੍ਹਾਂ ਦੀ ਪ੍ਰੇਰਨਾ ਅਤੇ ਅਗਵਾਈ ਸਦਕਾ ਉਸ ਨੇ ਦੋ ਏਕੜ ਜ਼ਮੀਨ ਵਿਚ ਪਨੀਰੀ ਤਿਆਰ ਕਰਕੇ ਵੇਚਣ ਦਾ ਕੰਮ ਸ਼ੁਰੂ ਕੀਤਾ।ਜ਼ਮੀਨ ਘੱਟ ਹੋਣ ਦੇ ਬਾਵਜੂਦ ਉਸ ਨੂੰ ਪ੍ਰਤੀ ਮਹੀਨਾ ਲਗਭਗ 1 ਲੱਖ ਰੁਪਏ ਦੀ ਆਮਦਨ ਹੋ ਰਹੀ ਹੈ ਜਿਸ ਨਾਲ ਉਸ ਦੀ ਪਰਿਵਾਰਿਕ ਸਥਿਤੀ ਬਹੁਤ ਵਧੀਆ ਹੈ ਤੇ ਉਹ ਪੂਰੀ ਖੁਸ਼ਹਾਲ ਜ਼ਿੰਦਗੀ ਬਤੀਤ ਕਰ ਰਿਹਾ ਹੈ।ਉਸ ਨੇ ਦੱਸਿਆ ਕਿ ਬਾਗਬਾਨੀ ਵਿਭਾਗ ਮਾਨਸਾ ਦੇ ਅਧਿਕਾਰੀ ਉਸ ਦੀ ਹਰ ਸਮੱਸਿਆ ਦਾ ਹੱਲ ਕਰਨ ਵਿਚ ਆਪਣਾ ਸਹਿਯੋਗ ਦਿੰਦੇ ਹਨ ਤੇ ਉਸ ਦੇ ਪਿੰਡ ਢੈਪਈ ਵਿਖੇ ਸਥਿਤ ਨਰਸਰੀ ਵਿਚ ਸਮੇਂ ਸਮੇਂ ਸਿਰ ਦੌਰੇ ਕਰਕੇ ਉਸ ਨੂੰ ਢੁਕਵੇਂ ਸੁਝਾਅ ਦੇ ਕੇ ਉਸ ਦੀ ਆਮਦਨ ਵਿਚ ਵਾਧਾ ਕਰਨ ਵਿਚ ਸਹਾਈ ਹੁੰਦੇ ਹਨ।
ਬਿਕਰਮਜੀਤ ਨੇ ਘੱਟ ਜ਼ਮੀਨਾਂ ਵਾਲੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਆਧੁਨਿਕ ਤਕਨੀਕਾਂ ਨਾਲ ਸਬਜ਼ੀਆਂ ਤੇ ਫਲਾਂ ਦੀ ਕਾਸ਼ਤ ਕਰਕੇ ਵਧੀਆ ਮੁਨਾਫ਼ਾ ਪ੍ਰਾਪਤ ਕਰ ਸਕਦੇ ਹਨ।ਉਨ੍ਹਾਂ ਦੱਸਿਆ ਕਿ ਉਹ ਹਰ ਰੋਜ਼ ਆਪਣੀ ਉਕਤ ਜ਼ਮੀਨ ਵਿਚ ਪੂਰਾ ਦਿਨ ਸਖ਼ਤ ਮਿਹਨਤ ਕਰਕੇ ਪਨੀਰੀ ਪੈਦਾ ਕਰਦੇ ਹਨ ਅਤੇ ਦੂਸਰੇ ਕਿਸਾਨ ਵੀ ਅਜਿਹਾ ਕਰਕੇ ਆਪਣੀ ਆਮਦਨ ਵਧਾ ਸਕਦੇ ਹਨ।ਉਨ੍ਹਾਂ ਦੱਸਿਆ ਕਿ ਬਾਗਬਾਨੀ ਵਿਭਾਗ ਵੱਲੋਂ ਲਾਏ ਜਾਂਦੇ ਮੇਲਿਆਂ ਅਤੇ ਸਿਖਲਾਈ ਕੈਂਪਾਂ ਵਿਚ ਉਹ ਜ਼ਰੂਰ ਹਾਜ਼ਰ ਹੁੰਦਾ ਹੈ, ਜਿੱਥੋਂ ਉਸ ਨੂੰ ਵਧੀਆ ਜਾਣਕਾਰੀ ਹਾਸਲ ਹੁੰਦੀ ਹੈ।
ਬਾਗਬਾਨੀ ਵਿਕਾਸ ਅਫ਼ਸਰ
ਪਰਮੇਸ਼ਰ ਕੁਮਾਰ ਭੀਖੀ
ਮਾਰਫਤ ਪੱਤਰਕਾਰ -ਕਮਲ ਜਿੰਦਲ